ਤਿਹਾੜ ਜੇਲ੍ਹ ’ਚ ਬੰਦੀ ਸਿੰਘਾਂ ਸਮੇਤ ਹਾਈ ਰਿਸਕ ਦੇ ਕੈਦੀਆਂ ਨਾਲ ਮਾੜਾ ਸਲੂਕ
ਨਵੀਂ ਦਿੱਲੀ, 11 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)-ਇੱਥੋਂ ਦੀ ਇਕ ਅਦਾਲਤ ਵਿੱਚ ਪੁਲਿਸ ਦੀ ਸਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ 18/13 ਧਾਰਾ 186, 307, 353, 34,212 ਅਤੇ 411 ਅਧੀਨ ਮਾਨਨੀਯ ਜੱਜ ਸ਼੍ਰੀ ਦਯਾ ਪ੍ਰਕਾਸ਼ ਦੀ ਕੋਰਟ ਵਿਚ ਸਮੇਂ ਸਿਰ ਪੇਸ਼ ਕੀਤਾ ਗਿਆ। ਮਾਮਲੇ ਵੀ ਗਵਾਹੀਆਂ ਚਲ ਰਹੀਆਂ ਹੋਣ ਕਰਕੇ ਅੱਜ ਵਕੀਲ ਵਿਕਾਸ ਪਢੋਰਾ ਨੇ ਗਵਾਹਾਂ ਨਾਲ ਜਿਰਹ ਕੀਤੀ। ਪੇਸ਼ੀ ਉਪਰੰਤ ਭਾਈ ਖਾਨਪੁਰੀ ਨੇ ਪ੍ਰੈਸ ਨਾਲ ਗਲਬਾਤ ਕਰਦੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਬਿਆਨ ਦੇ ਰਹੇ ਹਨ ਕਿ ਉਨ੍ਹਾਂ ਨੇ ਸਭ ਤੋਂ ਕੌਮ ਵਾਸਤੇ ਜੇਲ੍ਹਾਂ ਕਟੀਆਂ ਹਨ ਅਸੀ ਸਮੂਹ ਬੰਦੀ ਸਿੰਘ ਉਨ੍ਹਾਂ ਤੋਂ ਪੁਛਣਾਂ ਚਾਹੁੰਦੇ ਹਾਂ
ਕਿ ਕਿਰਪਾ ਕਰਕੇ ਤੁਸੀ ਕੌਮ ਦੇ ਲੇਖੇ ਦੀਆਂ ਕਟੀਆਂ ਹੋਈਆਂ ਜੇਲ੍ਹਾਂ ਦਾ ਵੇਰਵਾ ਕੇਸਾਂ ਸਹਿਤ ਸਮੂਹ ਅਖਬਾਰਾਂ ਅਤੇ ਮੀਡਿਆ ਵਿਚ ਨਸ਼ਰ ਕਰੋ ਤਾਂ ਕਿ ਸੰਸਾਰ ਭਰ ਨੂੰ ਤੁਹਾਡੀ ਹਕੀਕਤ ਪਤਾ ਲਗ ਸਕੇ। ਉਨ੍ਹਾਂ ਕਿਹਾ ਕਿ ਤੁਸੀ ਇਹ ਦਸੋ ਕਿ ਸਿੱਖ ਕੌਮ ਲਈ ਤੁਸੀ ਕਿਤਨਾ ਸਰਮਾਇਆ ਖਰਚ ਕੀਤਾ ਤੇ ਕਿਤਨਾ ਕੌਮ ਨੂੰ ਬੇਵਾਕੂਫ ਬਣਾਂ ਕੇ ਅਪਣੇ ਘਰ ਭਰੇ, ਕੈਪਟਨ ਅਮਰਿੰਦਰ ਸਿੰਘ ਨੇ ਤੇ ਅਪਨਾ ਅਹੁਦਾ ਤਿਆਗ ਦਿੱਤਾ ਸੀ ਪਰ ਤੁਸੀ ਤੇ ਸ਼ਹੀਦਾਂ ਦੀਆਂ ਲਾਸ਼ਾਂ ਤੇ ਅਪਣੇ ਘਰ ਭਰਣ ਤੋਂ ਵੀ ਸੰਕੋਚ ਨਹੀ ਕੀਤਾ। ਭਾਈ ਖਾਨਪੁਰੀ ਨੇ ਕਿਹਾ ਕਿ ਸ. ਬਾਦਲ ਵਲੋਂ ਮੁੱਖ ਮੰਤਰੀ ਹੁੰਦਿਆਂ ਕਿਸੇ ਵੀ ਸਿੰਘ ਨੂੰ ਰਿਹਾ ਕਰਨਾ ਤੇ ਦੂਰ ਉਲਟਾ ਨਿਰਦੋਸ਼ਾਂ ਨੂੰ ਵੱਧ ਤੋਂ ਵੱਧ ਸਜਾ ਦਿਵਾਉਣ ਵਲ ਜੋਰ ਲਾਈ ਰਖਿਆ ਜਾ ਰਿਹਾ ਹੈ, ਜਿਸਦਾ ਪ੍ਰਤਖ ਪ੍ਰਮਾਣ ਬੇਅੰਤ ਕੇਸ ਵਿਚ 20-20 ਸਾਲਾਂ ਤੋਂ ਬੰਦ ਪਿਛਲੇ ਦਿਨਾਂ ਵਿਚ ਪੈਰੋਲ ਤੇ ਰਿਹਾ ਹੋ ਕੇ ਮੁੜ ਜੇਲ੍ਹਾਂ ਵਿਚ ਬੰਦ ਸਿੰਘ ਹਨ। ਭਾਈ ਖਾਨਪੁਰੀ ਨੇ ਕਿਹਾ ਕਿ ਜੇਲ੍ਹ ਅੰਦਰ ਹਾਈ ਰਿਸਕ ਦੇ ਸਮੂਹ ਕੈਦੀਆਂ ਨੂੰ ਤਿਹਾੜ ਜੇਲ੍ਹ ਦੇ ਪ੍ਰਸ਼ਾਸਨ ਵਲੋਂ ਖਾਮਖਵਾਹ ਹੀ ਤੰਗ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੇਲ੍ਹ ਪ੍ਰਸ਼ਾਸਨ ਦੇ ਕਠੋਰ ਰਵਈਏ ਤੋਂ ਤੰਗ ਆ ਕੇ ਇਸ ਵਕਤ 2,4,5 ਅਤੇ 8 ਨੰ ਦੀ ਜੇਲ੍ਹ ਅੰਦਰ ਕੈਦੀਆਂ ਵਲੋਂ ਭੁੱਖ ਹੜਤਾਲ ਚਾਲੂ ਕਰ ਦਿੱਤੀ ਗਈ ਹੈ ਜੇਕਰ ਪ੍ਰਸ਼ਾਸਨ ਨਾਲ ਜਲਦ ਗਲਬਾਤ ਕਰਕੇ ਮਾਮਲੇ ਦਾ ਹਲ ਨਾ ਕਢਿਆ ਗਿਆ ਤੇ ਜੇਲ੍ਹ ਅੰਦਰ ਮਹੌਲ ਖਰਾਬ ਹੋਣ ਦੀ ਸੰਭਾਵਨਾ ਹੈ, ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੂਹ ਜੱਥੇਬੰਦੀਆਂ ਨੂੰ ਅਪੀਲ ਹੈ ਕਿ ਇਸ ਲਈ ਜਲਦ ਤੋਂ ਜਲਦ ਪ੍ਰਸ਼ਾਸਨ ਨਾਲ ਮੁਲਾਕਾਤ ਕਰ ਕੇ ਹਲ ਕਢਿਆ ਜਾਏ। ਭਾਈ ਖਾਨਪੁਰੀ ਨੂੰ ਮਿਲਣ ਬਹੁਤ ਸਾਰੇ ਮਿਤਰ ਹਾਜ਼ਿਰ ਸਨ। ਮਾਮਲੇ ਦੀ ਅਗਲੀ ਸੁਣਵਾਈ 11 ਮਾਰਚ ਨੂੰ ਹੋਵੇਗੀ।



