‘‘ਜ਼ਿੰਦਗੀ ਉਨ੍ਹਾਂ ਦਾ ਸਾਥ ਦਿੰਦੀ ਹੈ ਜੋ ਹਰ ਪਲ ਆਸ਼ਾ ਦੀ ਡੋਰ ਨੂੰ ਫੜੀ ਰੱਖਦੇ ਹਨ। ਆਪਣੇ ਇਰਾਦਿਆਂ ਨੂੰ ਥੋੜ੍ਹਾ ਵੀ ਕੰਮਜ਼ੋਰ ਨਹੀਂ ਹੋਣ ਦਿੰਦੇ। ਅੱਗੇ ਭਾਵੇਂ ਘੋਰ ਹਨੇਰਾ ਹੋਵੇ ਪਰ ਉਹ ਰੋਸ਼ਨੀ ਦੀ ਆਸ ਵਿੱਚ ਚਲਦੇ ਰਹਿੰਦੇ ਹਨ ਅਤੇ ਅੰਤ ਵਿੱਚ ਉਹ ਉਜਾਲੇ ਦੇ ਰੂ-ਬ-ਰੂ ਹੋ ਜਾਂਦੇ ਹਨ।’’ ਇਹ ਕੋਈ ਅਖਾਣ ਹੈ ਜਾਂ ਕਿਸੇ ਆਮ ਵਿਅਕਤੀ ਦੇ ਬੋਲ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਇਨ੍ਹਾਂ ਸ਼ਬਦਾਂ ਵਿੱਚ ਜ਼ਿੰਦਗੀ ਦੀ ਸਚਾਈ ਭਰੀ ਪਈ ਹੈ। ਤੁਹਾਡੀ ਕਾਮਯਾਬੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤੁਹਾਡਾ ਇਰਾਦਾ, ਨੀਯਤ, ਜਾਂ ਅਭਿਲਾਸ਼ਾ ਕਿੰਨੀ ਪ੍ਰਬਲ, ਜ਼ਬਰਦਸਤ, ਬਲਵਾਨ ਜਾਂ ਤਾਕਤਵਰ ਹੈ। ਮਜ਼ਬੂਤ ਇਰਾਦਾ ਤੇ ਪੱਕੀ ਕਾਮਯਾਬੀ ਅਜਿਹੇ ਮਜ਼ਬੂਤ ਇਰਾਦੇ ਵਾਲੇ ਲੋਕਾਂ ਲਈ ਹੀ ਸ਼ਾਇਰ ਇਕਬਾਲ ਨੇ ਕਿਹਾ ਸੀ:
ਖੁਦੀ ਕੋ ਕਰ ਬੁਲੰਦ ਇਤਨਾ,
ਕਿ ਹਰ ਤਕਦੀਰ ਸੇ ਪਹਿਲੇ
ਖੁਦਾ ਬੰਦੇ ਸੇ ਖ਼ੁਦ ਪੂਛੇ,
ਬਤਾ ਤੇਰੀ ਰਜ਼ਾ ਕਯਾ ਹੈ।
1839 ਵਿੱਚ ਪੈਦਾ ਹੋਏ ਜਾਨ ਡੀ ਰਾਕਫੇਲਰ ਇਕ ਅਜਿਹਾ ਅਮਰੀਕੀ ਉਦਯੋਗਪਤੀ ਸੀ ਜਿਸ ਕੋਲ ਨਾ ਜ਼ਿਆਦਾ ਸਿੱਖਿਆ ਸੀ ਅਤੇ ਨਾ ਜ਼ਿਆਦਾ ਪੈਸਾ। ਰਾਕਫੇਲਰ ਕੋਲ ਜੇ ਸੀ ਤਾਂ ਇਕ ਵੱਡਾ ਸੁਪਨਾ, ਇਕ ਜੀਵਨ ਮਨੋਰਥ, ਅਮੀਰ ਬਣਨ ਦਾ ਲਕਸ਼। ਅਮੀਰ ਬਣਨ ਬਾਰੇ ਉਹ ਦਿਨ ਰਾਤ ਸੋਚਦਾ ਰਹਿੰਦਾ ਸੀ। 16 ਵਰ੍ਹਿਆਂ ਦੀ ਉਮਰ ਵਿੱਚ ਜਾਨ ਡੀ ਰਾਕਫੇਲਰ ਬੁੱਕ ਕੀਪਰ ਦਾ ਕੰਮ ਕਰਨ ਲੱਗਿਆ ਸੀ ਅਤੇ ਛੇਤੀ ਹੀ ਉਸ ਨੂੰ ਸਮਝ ਆ ਗਈ ਕਿ ਇਸ ਕੰਮ ਵਿੱਚ ਉਸ ਕੋਲ ਅਮੀਰ ਬਣਨ ਦੇ ਕੋਈ ਜ਼ਿਆਦਾ ਮੌਕੇ ਨਹੀਂ ਸਨ। ਇਹ ਸੋਚ ਕੇ ਉਸ ਨੇ 23 ਸਾਲ ਦੀ ਉਮਰ ’ਚ ਤੇਲ ਦੇ ਵਪਾਰ ਵਿੱਚ ਕਦਮ ਰੱਖਿਆ। ਰਾਕਫੇਲਰ ਦੀ ਧਾਰਨਾ ਸੀ ਕਿ ਜ਼ਿੰਦਗੀ ਵਿੱਚ ਸਫਲਤਾ ਲਈ ਇਕ ਲਕਸ਼ ਹੋਵੇ ਅਤੇ ਲਕਸ਼ ਕਿੰਨਾ ਹੀ ਵੱਡਾ ਹੋਵੇ। ਰਾਕਫੇਲਰ ਨੇ ਹੌਲੀ-ਹੌਲੀ ਤੇਲ ਦੇ ਵਪਾਰ ਵਿੱਚ ਕਦਮ ਜਮਾਉਣੇ ਸ਼ੁਰੂ ਕੀਤੇ। ਇਕ ਸਮਾਂ ਆਇਆ ਉਹ ਅਮਰੀਕਾ ਦੇ ਤੇਲ ਬਿਜ਼ਨਿਸ ਦਾ 90 ਫੀਸਦੀ ਮਾਲਕ ਬਣ ਗਿਆ ਸੀ। ਆਪਣੀ ਦ੍ਰਿੜ ਇੱਛਾ ਸ਼ਕਤੀ, ਲਗਨ ਅਤੇ ਮਿਹਨਤ ਕਾਰਨ ਉਹ ਅਮਰੀਕਾ ਦਾ ‘ਆਇਲ ਕਿੰਗ’ ਕਹਾਉਣ ਲੱਗਾ ਸੀ। ਉਹ ਸੌਂਦੇ-ਜਾਗਦੇ ਸਿਰਫ਼ ਆਪਣੇ ਕੰਮ ਪ੍ਰਤੀ ਸੋਚਦਾ ਸੀ। ਉਸ ਦੀ ਜ਼ਿੰਦਗੀ ਵਿੱਚ ਮਨੋਰੰਜਨ ਅਤੇ ਮੌਜ ਮਸਤੀ ਲਈ ਕੋਈ ਵਕਤ ਨਹੀਂ ਸੀ। ਉਹ ਪਾਰਟੀਆਂ ਵਿੱਚ ਨਹੀਂ ਜਾਂਦਾ ਸੀ। ਥੀਏਟਰ ਨਹੀਂ ਜਾਂਦਾ ਸੀ। ਉਹ ਸਿਰਫ ਤੇ ਸਿਰਫ ਕੰਮ ਤੇ ਨਿਗਾਹ ਰੱਖਦਾ ਸੀ। ਇਸ ਤਰ੍ਹਾਂ ਦੀ ਜੀਵਨ ਸ਼ੈਲੀ ਨਾਲ ਉਹ ਖਰਬਾਂਪਤੀ ਤਾਂ ਬਣ ਗਿਆ ਸੀ ਪਰ ਉਸ ਦੀ ਸਿਹਤ ਖਰਾਬ ਹੋ ਗਈ ਸੀ। ਮੌਤ ਦੇ ਨੇੜੇ ਪਹੁੰਚ ਕੇ ਉਸ ਨੂੰ ਸਮਝ ਆਇਆ ਕਿ ਪੈਸਾ ਜ਼ਿੰਦਗੀ ਵਿੱਚ ਬਹੁਤ ਕੁੱਝ ਹੈ ਪਰ ਸਭ ਕੁੱਝ ਨਹੀਂ। ਨਤੀਜੇ ਵਜੋਂ ਉਸ ਨੇ ਰਾਕਫੇਲਰ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਅਤੇ 55 ਕਰੋੜ ਡਾਲਰ ਦਾਨ ਕੀਤੇ। ਭਾਵੇਂ ਉਸ ਦੀ ਮੌਤ 1937 ਵਿੱਚ ਹੋ ਗਈ ਸੀ ਪਰ ਉਸ ਦੀ ਬਣਾਈ ਫਾਊਂਡੇਸ਼ਨ ਅੱਜ ਵੀ ਦੁਨੀਆਂ ਵਿੱਚ ਭਲਾਈ ਦੇ ਕੰਮ ਕਰ ਰਹੀ ਹੈ।
ਜਾਨ ਡੀ ਰਾਕਫੇਲਰ ਦੀ ਜੀਵਨ ਕਥਾ ਇਕ ਸਨੇਹਾ ਸਪੱਸ਼ਟ ਰੂਪ ਵਿੱਚ ਦੇ ਰਹੀ ਹੈ ਕਿ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਦ੍ਰਿੜ ਇਰਾਦਾ ਅਤੇ ਆਸ਼ਾਵਾਦੀ ਦ੍ਰਿਸ਼ਟੀਕੋਣ ਦੋ ਵੱਡੀਆਂ ਸ਼ਰਤਾਂ ਹਨ। ਧਨ ਅਤੇ ਸਿੱਖਿਆ ਤਾਂ ਕਿਤੇ ਬਾਅਦ ਦੀ ਗੱਲ ਹੈ। ਜੋ ਸਖਸ਼ ਇਨ੍ਹਾਂ ਦੋ ਨਿਆਮਤਾਂ ਨਾਲ ਭਰਪੂਰ ਹੈ ਉਸ ਦੀ ਕਾਮਯਾਬੀ ਨਿਸ਼ਚਿਤ ਹੈ। ਉਹ ਕਹਿੰਦੇ ਹਨ :
ਹਮ ਵੋ ਦਰਿਆ ਹੈ,
ਜੋ ਚਟਾਨ ਸੇ ਟੱਕਰ ਲੇਕਰ
ਢੂੰਡ ਲੇਤੇ ਹੈਂ ਨਈ ਰਾਹ,
ਪਲਟ ਜਾਤੇ ਨਹੀਂ।