ਇਕ ਪਾਸੇ ਸਿੱਖ ਨੌਜਵਾਨ ਦਹਾਕਿਆਂ ਤੋਂ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਬੰਦ ਹਨ, ਸਰਕਾਰ ਉਨ੍ਹਾਂ ਦੀ ਰਿਹਾਈ ਲਈ ਤਿਆਰ ਨਹੀਂ ਹੈ। ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਕਈ ਨੌਜਵਾਨਾਂ ਦੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਹੋਰ ਤਾਂ ਹੋਰ ਨਜ਼ਰਬੰਦ ਸਿੱਖ ਨੌਜਵਾਨਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਲਈ ਪੈਰੋਲ ਤੱਕ ਨਹੀਂ ਮਿਲ ਰਹੀ। ਜੇਲ੍ਹ ਅੰਦਰ ਵੀ ਸਿੱਖ ਨੌਜਵਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ। ਦੂਜੇ ਪਾਸੇ ਨਜ਼ਰਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਸਿੱਖਾਂ ਨੂੰ ਮੌਤ ਉਡੀਕ ਰਹੀ ਹੈ। ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਜ਼ਾ ਭੁਗਤ ਚੁਕੇ ਬੰਦੀ ਸਿਖਾਂ ਦੀ ਰਿਹਾਈ ਲਈ ਯਤਨਸ਼ੀਲ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਆਖਰ ਆਪਣੀ ਸ਼ਹਾਦਤ ਦੇਣੀ ਪਈ ਹੈ। ਭਾਈ ਸੂਰਤ ਸਿੰਘ ਖਾਲਸਾ ਆਖਰੀ ਸਾਹਾਂ ’ਤੇ ਪਏ ਹਨ। ਭਾਈ ਗੁਰਬਖਸ਼ ਸਿੰਘ ਨੇ ਬੀਤੇ ਕੱਲ੍ਹ ਹੀ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਮੁੜ ਅੰਦੋਲਨ ਸ਼ੁਰੂ ਕੀਤਾ ਸੀ। ਇਸ ਮਕਸਦ ਲਈ ਉਨ੍ਹਾਂ ਨੇ ਪਾਣੀ ਦੀ ਟੈਂਕੀ ਦੇ ਉਪਰ ਮੋਰਚਾ ਲਗਾਇਆ। ਪ੍ਰਸ਼ਾਸਨ ਅਤੇ ਪੁਲਿਸ ਦੇ ਭੈੜੇ ਵਤੀਰੇ ਕਾਰਨ ਉਨ੍ਹਾਂ ਨੂੰ ਭੁੱਖ ਹੜਤਾਲ ਦੀ ਥਾਂ ਟੈਂਕੀ ਉਪਰੋਂ ਛਾਲ ਮਾਰ ਕੇ ਸ਼ਹਾਦਤ ਦੇਣੀ ਪਈ। ਇਸ ਘਟਨਾ ਨਾਲ ਸਮੁੱਚਾ ਸਿੱਖ ਸਮਾਜ ਬਹੁਤ ਪੀੜਾ ਵਿੱਚੋਂ ਗੁਜ਼ਰ ਰਿਹਾ। ਇਨਸਾਫ ਦੀ ਲੜਾਈ ਲੜਨ ਵਾਲੇ ਇਕ ਸਿੱਖ ਦਾ ਇਸ ਤਰ੍ਹਾਂ ਬੇਦਰਦ ਤਰੀਕੇ ਨਾਲ ਅੰਤ ਇਸ ਦੇਸ਼ ਦੇ ਕਥਿਤ ਲੋਕਤੰਤਰ ਦੇ ਮੂੰਹ ਉਪਰ ਚਪੇੜ ਹੈ। ਇਕ ਪਾਸੇ ਸਿੱਖ ਭਾਈਚਾਰੇ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਇਨਸਾਫ ਮੰਗਣ ਵਾਲੇ ਸਿੱਖਾਂ ਨੂੰ ਵੀ ਮੌਤ ਵੰਡੀ ਜਾ ਰਹੀ ਹੈ। ਇਸ ਤੋਂ ਮਾੜੇ ਹਾਲਾਤ ਕੀ ਹੋ ਸਕਦੇ ਹਨ ਕਿ ਕਥਿਤ ਲੋਕਤੰਤਰੀ ਦੇਸ਼ ਵਿੱਚ ਵੀ ਸਿੱਖਾਂ ਦੀ ਕੋਈ ਸੁਣਵਾਈ ਨਹੀਂ। ਸਿੱਖ ਕੋਈ ਕਾਨੂੰਨ ਤੋਂ ਬਾਹਰੀ ਮੰਗ ਨਹੀਂ ਮੰਗ ਰਹੇ। ਸਿੱਖਾਂ ਦੀ ਮੰਗ ਬੜੀ ਸਿੱਧੀ ਹੈ ਕਿ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨਜ਼ਰਬੰਦਾਂ ਨੂੰ ਰਿਹਾਅ ਕੀਤਾ ਜਾਵੇ। ਇਹ ਦੁੱਖ ਦੀ ਗੱਲ ਹੈ ਕਿ 5 ਸਾਲਾਂ ਤੋਂ ਸਿੱਖਾਂ ਦੀ ਇਹ ਛੋਟੀ ਜਿਹੀ ਗੱਲ ਵੀ ਨਹੀਂ ਸੁਣੀ ਜਾ ਰਹੀ। ਭਾਈ ਗੁਰਬਖਸ਼ ਸਿੰਘ ਨੇ ਇਸ ਤੋਂ ਪਹਿਲਾਂ ਦੋ ਵਾਰ ਲੰਬਾ ਸਮਾਂ ਮਰਨ ਵਰਤ ਰੱਖਿਆ। ਸਰਕਾਰ ਨੇ ਮੰਗ ਮੰਨਣ ਦੀ ਥਾਂ ਆਪਣੇ ਕਰਿੰਦਿਆਂ ਰਾਹੀਂ ਉਸ ਦੇ ਅੰਦੋਲਨ ਨੂੰ ਅਸਫਲ ਕਰਨ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਸਰਕਾਰ ਦੀ ਇਸ ਮਾਰੂ ਨੀਤੀ ਕਾਰਨ ਹੀ ਆਖਰ ਭਾਈ ਗੁਰਬਖਸ਼ ਸਿੰਘ ਨੂੰ ਆਪਣੀ ਜਾਨ ਦੇਣੀ ਪਈ। ਅਸਲ ਵਿੱਚ ਅਸਿੱਧੇ ਤਰੀਕੇ ਨਾਲ ਇਹ ਇਕ ਕਤਲ ਹੈ। ਜਦੋਂ ਕਿਸੇ ਨੂੰ ਦੇਸ਼ ਵਿੱਚ ਲੋਕਤੰਤਰੀ ਤਰੀਕੇ ਨਾਲ ਆਪਣੀ ਗੱਲ ਕਹਿਣ ਦਾ ਹੱਕ ਨਾ ਹੋਵੇ ਤਦ ਜੀਣ ਦਾ ਵੀ ਕੀ ਲਾਭ ਹੈ। ਇਸ ਦੇਸ਼ ਦੇ ਘੱਟ ਗਿਣਤੀ ਵਿਰੋਧੀ ਸਲੂਕ ਨੇ ਹੀ ਭਾਈ ਗੁਰਬਖਸ਼ ਸਿੰਘ ਨੂੰ ਸ਼ਹਾਦਤ ਲਈ ਮਜ਼ਬੂਰ ਕੀਤਾ ਹੈ। ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਗਿਆ ਕਾਰਜ ਹਾਲੇ ਵੀ ਅਧੂਰਾ ਹੈ। ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਮਿਲ ਬੈਠ ਕੇ ਅਤੇ ਰਲ-ਮਿਲ ਕੇ ਇਸ ਮੁਹਿੰਮ ਨੂੰ ਅੱਗੇ ਤੋਰਨ। ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਨੂੰ ਅਜਾਈ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ। ਸਜ਼ਾ ਪੂਰੀ ਕਰ ਚੁੱਕੇ ਸਿੱਖ ਨਜ਼ਰਬੰਦਾਂ ਦੀ ਰਿਹਾਈ ਕੌਮ ਦਾ ਕਾਨੂੰਨੀ ਹੱਕ ਹੈ। ਇਸ ਹੱਕ ਲਈ ਪੂਰੀ ਕੌਮ ਨੂੰ ਇਕ ਆਵਾਜ਼ ਹੋ ਕੇ ਲੜਨਾ ਹੋਵੇਗਾ।
– ਬਲਜੀਤ ਸਿੰਘ ਬਰਾੜ