ਅਮਰਗੜ੍ਹ, 18 ਮਾਰਚ (ਸੁਖਵਿੰਦਰ ਸਿੰਘ ਅਟਵਾਲ)- ਆਪਣੇ ਅਨੇਕਾਂ ਗੀਤਾਂ ਅਤੇ ਟੁਣਕਵੀਂ ਆਵਾਜ਼ ਰਾਂਹੀ ਲੋਕ ਦਿਲਾਂ ’ਤੇ ਲੰਮਾਂ ਸਮਾਂ ਰਾਜ਼ ਕਰਨ ਵਾਲੇ ਪੰਜਾਬੀ ਲੋਕ ਗਾਇਕ ਕਰਮਜੀਤ ਧੂਰੀ ਦੀ ਦਰਦਨਾਕ ਸੜ੍ਹਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਇੱਕ ਸਾਥੀ ਨਾਲ ਪਿੰਡ ਬਾਗੜੀਆਂ ਕੋਲ ਆਪਣੀ ਐਕਟਿਵਾ ਸਕੂਟੀ (ਪੀ.ਬੀ 13 ਐਲ-5523) ’ਤੇ ਕਿਸੇ ਰਿਸ਼ਤੇਦਾਰੀ ਵਿੱਚ ਜਾ ਰਹੇ ਸਨ ਕਿ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਲਪੇਟ ਵਿੱਚ ਅਚਾਨਕ ਆ ਜਾਣ ਕਾਰਨ ਗੰਭੀਰ ਜ਼ਖ਼ਮੀਂ ਹੋ ਗਏ, ਜਿੰਨ੍ਹਾਂ ਨੂੰ ਜ਼ਖ਼ਮੀਂ ਹਾਲਾਤ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪਹੁੰਚਾਇਆ ਗਿਆ।ਮੌਕੇ ’ਤੇ ਹਾਜ਼ਰ ਗਾਇਕ ’ਤੇ ਗੀਤਕਾਰ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਤੋਂ ਬਾਅਦ ਪਰਿਵਾਰ ਵੱਲੋਂ ਉਨ੍ਹਾਂ ਨੂੰ ਪਟਿਆਲਾ ਦੇ ਹੀ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾਂ ਝੱਲਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ।ਗਾਇਕ ਕਰਮਜੀਤ ਧੂਰੀ ਦੀ ਮੌਤ ਦੀ ਖ਼ਬਰ ਨਾਲ ਸੰਗੀਤਕ ਅਤੇ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।ਇਸ ਮੌਕੇ ਗਾਇਕ ਹਰਜੀਤ ਹਰਮਨ, ਰਵਿੰਦਰ ਗਰੇਵਾਲ, ਦੀਪ ਢਿੱਲੋਂ, ਜੈਸਮੀਨ ਜੱਸੀ, ਪ੍ਰੀਤ ਹਰਪਾਲ, ਬਲਕਾਰ ਸਿੱਧੂ, ਇੰਦਰਜੀਤ ਨਿੱਕੂ, ਪੰਮੀ ਬਾਈ, ਗੁਰਦਿਆਲ ਨਿਰਮਾਣ, ਗੁਲਜ਼ਾਰ ਸਿੰਘ ਸ਼ੌਕੀ, ਪਰਮਜੀਤ ਸਲਾਰੀਆ, ਜੱਗਾ ਗਿੱਲ ਨੱਥੋਹੇੜੀ, ਬੱਬੀ ਜਾਤੀਮਾਜਰਾ, ਸੁੱਖ ਚਮਕੀਲਾ ਤੋਂ ਇਲਾਵਾ ਸਾਹਿਤ ਸਭਾ ਧੂਰੀ, ਸਾਹਿਤ ਸਿਰਜਣਾ ਮੰਚ ਅਮਰਗੜ੍ਹ ਸਮੇਤ ਅਨੇਕਾਂ ਸੰਗੀਤ ਅਤੇ ਸਾਹਿਤ ਪ੍ਰੇਮੀਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇੱਥੇ ਜ਼ਿਕਰਯੋਗ ਹੈ ਕਿ ਕਰਮਜੀਤ ਧੂਰੀ ਦੇ ਗਾਏ ਅਨੇਕਾਂ ਗੀਤਾਂ ਵਿੱਚੋਂ ’ਮਿੱਤਰਾਂ ਦੀ ਲੂਣ ਦੀ ਡਲ਼ੀ’ ’ਤੇ ’ਰੱਬ ਨਾਲ ਠੱਗੀਆਂ ਕਿਉਂ ਮਾਰੇਂ ਬੰਦਿਆ’ ਆਦਿ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਹਨ, ਅਤੇ ਉਨ੍ਹਾਂ ਦਾ ਬੇਟਾ ਮਿੰਟੂ ਧੂਰੀ ਵੀ ਆਪਣੀ ਗਾਇਕੀ ਰਾਂਹੀ ਪੰਜਾਬੀ ਸੱਭਿਆਚਾਰ ’ਤੇ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਕਰਮਜੀਤ ਧੂਰੀ ਦੀ ਇਸ ਬੇ-ਵਖ਼ਤੀ ਮੌਤ ਨਾਲ ਸੰਗੀਤ ਜਗਤ ਨੂੰ ਅਜਿਹਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ।