ਤਲਵੰਡੀ ਸਾਬੋ, 9 ਫਰਵਰੀ (ਰਣਜੀਤ ਸਿੰਘ ਰਾਜੂ)-ਮਾਲਵੇ ਦੀ ਕੈਂਸਰ ਪੱਟੀ ਵਜੋਂ ਜਾਣੇ ਜਾਂਦੇ ਇਸ ਇਲਾਕੇ ਵਿੱਚ ਕੈਂਸਰ ਦਾ ਗੜ੍ਹ ਮੰਨੇ ਜਾਂਦੇ ਪਿੰਡ ਗਿਆਨਾਂ ਦੇ ਲੋਕ ਬੀਤੇ ਕੱਲ੍ਹ ਉਨ੍ਹਾਂ ਦੇ ਪਿੰਡ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦੌਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ ਦੀਆਂ ਕੋਸ਼ਿਸਾਂ ਸਦਕਾਂ ਦਿੱਤੇ ਗੱਫਿਆਂ ਤੋਂ ਬਾਗੋਬਾਗ ਨਜਰ ਆ ਰਹੇ ਹਨ।ਸਭ ਤੋਂ ਵੱਡੀ ਗੱਲ ਇਹ ਰਹੀ ਕਿ ਲੋਕਾਂ ਦੀ ਲੰਬੇ ਸਮੇਂ ਤੋਂ ਮੰਗੀ ਜਾ ਰਹੀ ਮੰਗ ਨੂੰ ਪੂਰਾ ਕਰਦਿਆਂ ਜਿੱਥੇ ਉੱਪ ਮੁੱਖ ਮੰਤਰੀ ਨੇ ਪਿੰਡ ਵਿੱਚ ਕਮਿਊਨਿਟੀ ਸੈਂਟਰ ਬਣਾਉਣ ਦਾ ਐਲਾਨ ਕੀਤਾ ਉੱਥੇ ਹੀ ਪਿੰਡ ਦੇ ਵਿਕਾਸ ਕਾਰਜਾਂ ਲਈ 20 ਲੱਖ ਰੁਪਏ ਦੇ ਲੱਗਪੱਗ ਗ੍ਰਾਂਟ ਦੇਣ ਦਾ ਐਲ਼ਾਨ ਵੀ ਕੀਤਾ।
ਇੱਥੇ ਦੱਸਣਾ ਬਣਦਾ ਹੈ ਕਿ ਹਰਿਆਣਾ ਦੀ ਹੱਦ ਨਾਲ ਲੱਗਦਾ ਪਿੰਡ ਗਿਆਨਾ ਪੰਜਾਬ ਦੇ ਨਕਸ਼ੇ ਤੇ ਕੈਂਸਰ ਦੇ ਗੜ ਵਜੋਂ ਜਾਣਿਆਂ ਜਾਂਦਾ ਹੈ ਭਾਂਵੇ ਸਮੇਂ ਸਮੇਂ ਤੇ ਸਰਕਾਰਾਂ ਤੇ ਹਲਕੇ ਦੀ ਨੁਮਾਇੰਦਗੀ ਕਰਦੇ ਆਗੂਆਂ ਨੇ ਪਿੰਡ ਵਿੱਚ ਵਿਕਾਸ ਕਾਰਜ ਕਰਵਾਏ ਵੀ ਪ੍ਰੰਤੂ ਫਿਰ ਵੀ ਕੈਂਸਰ ਦੀ ਮਾਰ ਨਾਲ ਬੁਰੀ ਤਰ੍ਹਾਂ ਝੰਜੋੜਿਆ ਇਹ ਪਿੰਡ ਵਿਕਾਸ ਪੱਖੋਂ ਹੋਰਨਾਂ ਪਿੰਡਾਂ ਨਾਲੋਂ ਫਾਡੀ ਹੀ ਰਿਹਾ।ਪਿੰਡ ਦੇ ਲੋਕਾਂ ਦੀ ਹਮੇਸ਼ਾਂ ਹੀ ਇਹ ਮੰਗ ਰਹੀ ਕਿ ਉਨ੍ਹਾਂ ਦੇ ਪਿੰਡ ਨੂੰ ਵਿਸ਼ੇਸ ਸੁਵਿਧਾਵਾਂ ਦਿੱਤੀਆਂ ਜਾਣ।ਬੀਤੇ ਕੱਲ ਸਭ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਨੇ ਹਲਕਾ ਇੰਚਾਰਜ ਬਲਵੀਰ ਸਿੱਧੂ ਵੱਲੋਂ ਪਿੰਡ ਦੇ ਅਣਗੌਲੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਸਿਫਾਰਿਸ਼ ਤੇ ਕਮਿਊਨਿਟੀ ਸੈਂਟਰ ਬਣਾਉਣ ਨੂੰ ਮੰਜੂਰੀ ਦੇ ਦਿੱਤੀ।ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਹਲਕੇ ਦੇ ਇੱਕਾ ਦੁੱਕਾ ਪਿੰਡਾਂ ਵਿੱਚ ਹੀ ਪਿਛਲੀ ਕਾਂਗਰਸ ਸਰਕਾਰ ਸਮੇਂ ਕਮਿਊਨਿਟੀ ਸੈਂਟਰ ਬਣੇ ਸਨ ਤੇ ਮੌਜੂਦਾ ਅਕਾਲੀ ਭਾਜਪਾ ਸਰਕਾਰ ਨੇ ਹਲਕੇ ਅੰਦਰ ਕਿਸੇ ਪਿੰਡ ਨੂੰ ਇਹ ਪਹਿਲਾ ਕਮਿਊਨਿਟੀ ਸੈਂਟਰ ਹੀ ਦਿੱਤਾ ਹੈ। ਪਿੰਡ ਦੇ ਨੌਜਵਾਨ ਆਗੂ ਰਾਜੂ ਢਿੱਲੋਂ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਬਨਣ ਨਾਲ ਪਿੰਡ ਦੇ ਲੋਕਾਂ ਨੂੰ ਵਿਆਹ ਸ਼ਾਦੀਆਂ ਤੇ ਹੋਰ ਪ੍ਰੋਗਰਾਮ ਕਰਨੇ ਸੌਖੇ ਹੋ ਜਾਣਗੇ ਜਿੰਨਾ ਲਈ ਪਹਿਲਾਂ ਹਜਾਰਾਂ ਰੁਪਏ ਪੈਲੇਸਾਂ ਤੇ ਖਰਚਣੇ ਪੈਂਦੇ ਸਨ।
ਪਿੰਡ ਦੇ ਵਿਕਾਸ ਲਈ ਭਾਰੀ ਗ੍ਰਾਂਟ ਦੇਣ ਤੇ ਸਰਪੰਚ ਸੁਰਜੀਤ ਸਿੰਘ, ਨਿਰਭੈ ਸਿੰਘ ਪੰਚ,ਜਗਸੀਰ ਸਿੰਘ ਪੰਚ,ਹਰੀ ਸਿੰਘ ਪੰਚ,ਜੈਲਦਾਰ ਸਿੰਘ ਪੰਚ ਆਦਿ ਨੇ ਜਿੱਥੇ ਉੱਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਉੱਥੇ ਹੀ ਇਨ੍ਹਾਂ ਮੰਗਾਂ ਨੂੰ ਮੰਨਵਾਉਣ ਲਈ ਹਲਕਾ ਇੰਚਾਰਜ ਸਿੱਧੂ ਦਾ ਵੀ ਵਿਸ਼ੇਸ ਧੰਨਵਾਦ ਕੀਤਾ ਹੈ। ਪਿੰਡ ਦੇ ਲੋਕਾਂ ਨੂੰ ਮੁਕੰਮਲ ਖੁਸ਼ੀ ਤਾਂ ਭਾਂਵੇ ਕਮਿਊਨਿਟੀ ਸੈਂਟਰ ਬਣ ਜਾਣ ਤੇ ਹੀ ਮਿਲੇਗੀ ਪ੍ਰੰਤੂ ਉੱਪ ਮੁੱਖ ਮੰਤਰੀ ਦੇ ਐਲਾਨ ਨਾਲ ਉਨ੍ਹਾਂ ਦੇ ਚਿਹਰਿਆਂ ਦੇ ਮੁਸਕਾਨ ਜਰੂਰ ਦਿਖਾਈ ਦਿੱਤੀ ਹੈ।



