May 26, 2026 2:12 pm

ਮਹੇਸ਼ ਗੁਪਤਾ ਆਪਣੀ ਲੱਗਣ ਨਾਲ ਬਣਿਆ ਅਰਬਾਂ ਦਾ ਮਾਲਕ

ਪੈਟਰੋਲੀਅਮ ਕੰਪਨੀ ਵਿੱਚ ਕੰਮ ਕਰਨ ਵਾਲੇ ਇੰਜੀਨੀਅਰ ਮਹੇਸ਼ ਗੁਪਤਾ ਦੇ ਮਨ ਵਿੱਚ ਵੱਡਾ ਆਦਮੀ ਬਣਨ ਦੇ ਸੁਪਨੇ ਮਚਲ ਰਹੇ ਸਨ। ਉਸ ਕੋਲ ਸੁਪਨੇ ਤਾਂ ਸਨ ਪਰ ਪੈਸਾ ਨਹੀਂ। ਇੰਡੀਅਨ ਆਇਲ ਕਾਰੋਪੀਰੇਸ਼ਨ ਲਿਮਟਿਡ (ਆਈ ਓ ਸੀ ਐਲ) ਦੇ ਕਰਮਚਾਰੀ ਦੇ ਕੋਲ ਘਰ ਸੀ ਅਤੇ ਥੋੜ੍ਹੀ ਬਹੁਤੀ ਮਾਇਆ ਜੋ ਉਸ ਨੇ ਆਪਣੀ ਆਮਦਨ ਵਿੱਚੋਂ ਬਚਾਈ ਸੀ। ਆਪਣੇ ਜੋੜੇ ਹੋਏ ਪੈਸੇ ਨਾਲ ਉਸ ਨੇ ਆਪਣੇ ਰਿਹਾਇਸ਼ੀ ਘਰ ਦੇ ਇਕ ਕਮਰੇ ਵਿੱਚ ਖੋਜ ਕਾਰਜ ਆਰੰਭ ਦਿੱਤਾ। ਇਹ ਕੰਮ ਉਸ ਨੇ ਸਿਰਫ 20,000 ਰੁਪਏ ਨਾਲ ਸ਼ੁਰੂ ਕੀਤਾ ਸੀ। ਉਸ ਨੂੰ ਪਤਾ ਸੀ ਕਿ ਜੋ ਕੰਮ ਦਿਲ ਦੀ ਅਵਾਜ਼ ਸੁਣ ਕੇ ਕੀਤਾ ਜਾਵੇ ਉਹ ਹਰ ਚੰਗੇ ਮੰਦੇ ਹਾਲਾਤ ਵਿੱਚ ਠੀਕ ਨਤੀਜੇ ਹੀ ਲੈ ਕੇ ਆਉਂਦਾ ਹੈ। ਮਹੇਸ਼ ਗੁਪਤਾ ਦੀ ਮਿਹਨਤ ਨੂੰ ਵੀ ਫਲ ਲੱਗਾ ਅਤੇ ਉਹ ਪੈਟਰੋਲੀਅਮ ਕੰਜਰਵੇਸ਼ਨ (ਬਚਤ) ਪੁਰਜ਼ਾ ਬਣਾਉਣ ਵਿੱਚ ਕਾਮਯਾਬ ਹੋ ਗਿਆ। ਇਸ ਖੋਜ ਨਾਲ ਉਸ ਨੂੰ ਥੋੜ੍ਹੀ ਪ੍ਰਸਿੱਧੀ ਤਾਂ ਮਿਲੀ ਪਰ ਜ਼ਿਆਦਾ ਪੈਸਾ ਨਹੀਂ ਮਿਲਿਆ। ਮਹੇਸ਼ ਗੁਪਤਾ ਦੀ ਜ਼ਿੰਦਗੀ ਨੇ ਉਦੋਂ ਮੋੜ ਕੱਟਿਆ ਜਦੋਂ ਉਸ ਦਾ ਬੇਟਾ ਬੀਮਾਰ ਹੋ ਗਿਆ। ਡਾਕਟਰਾਂ ਨੇ ਦੱਸਿਆ ਕਿ ਬੱਚੇ ਨੂੰ ਪੀਲੀਆ ਹੋ ਗਿਆ ਹੈ। ਮਹੇਸ਼ ਨੂੰ ਦੱਸਿਆ ਗਿਆ ਕਿ ਪੀਲੀਆ ਦੀ ਬੀਮਾਰੀ ਖਰਾਬ ਪਾਣੀ ਪੀਣ ਨਾਲ ਹੁੰਦੀ ਹੈ। ਦੱਖਣੀ ਦਿੱਲੀ ਦੀ ਜਿਸ ਕਲੋਨੀ ਵਿੱਚ ਮਹੇਸ਼ ਗੁਪਤਾ ਰਹਿੰਦਾ ਸੀ ਉਸ ਵਿੱਚ ਸਾਫ਼ ਸ਼ੁੱਧ ਪਾਣੀ ਦੀ ਵੱਡੀ ਸਮੱਸਿਆ ਸੀ। ਅਖਾਣ ਹੈ ਕਿ ਲੋੜ ਕਾਢ ਦੀ ਮਾਂ ਹੁੰਦੀ ਹੈ ਅਤੇ ਇਨਸਾਨ ਹਮੇਸ਼ਾਂ ਆਪਣੀਆਂ ਜ਼ਰੂਰਤਾਂ ਤੋਂ ਸਿਖਦਾ ਹੈ। ਇਸੇ ਕਹਾਵਤ ਮੁਤਾਬਿਕ ਮਹੇਸ਼ ਗੁਪਤਾ ਨੇ ਸ਼ੁੱਧ ਪਾਣੀ ਦੀ ਉਪਲੱਬਧੀ ਲਈ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਉਸ ਨੇ ਬਜ਼ਾਰ ਵਿੱਚ ਉਪਲੱਬਧ ਵਾਟਰ ਪਿਊਰੀਫਾਇਰਾਂ ਦਾ ਨਿਰੀਖਣ ਕੀਤਾ ਤਾਂ ਵੇਖਿਆ ਕਿ ਕੋਈ ਵੀ ਵਾਟਰ ਪਿਊਰੀਫਾਇਰ ਪੂਰੀ ਤਰ੍ਹਾਂ ਸ਼ੁੱਧ ਪਾਣੀ ਨਹੀਂ ਦੇ ਰਿਹਾ ਸੀ। ਮਹੇਸ਼ ਗੁਪਤਾ ਨੇ ਬਾਜ਼ਾਰ ਵਿੱਚ ਉਪਲੱਬਧ ਮਸ਼ੀਨਾਂ ਦੀਆਂ ਅਸ਼ੁਧੀਆਂ ਦੂਰ ਕਰਨ ਦਾ ਨਿਰਣਾ ਕੀਤਾ। ਉਸ ਨੇ ਕੋਸ਼ਿਸ਼ ਕੀਤੀ ਪਰ ਮਸ਼ੀਨਾਂ ਨੂੰ ਪੂਰੀ ਤਰ੍ਹਾਂ ਠੀਕ ਕਰਨਾ ਸੰਭਵ ਨਹੀਂ ਸੀ। ਸੋ ਮਹੇਸ਼ ਗੁਪਤਾ ਨੇ ਆਪਣਾ ਇਕ ਨਵਾਂ ਅਤੇ ਸ਼ੁੱਧ ਪਾਣੀ ਦੇਣ ਵਾਲਾ ਵਾਟਰ ਪਿਊਰੀਫਾਇਰ ਬਣਾਉਣ ਲਈ ਕੰਮ ਸ਼ੁਰੂ ਕੀਤਾ। ਵਧੀਆ, ਖਾਸੀਅਤ ਭਰਪੂਰ ਅਤੇ ਚੰਗੇ ਗੁਣਾਂ ਵਾਲੀ ਮਸ਼ੀਨ ਤਿਆਰ ਕਰਨ ਲਈ ਕੁੱਝ ਪੁਰਜ਼ੇ ਵਿਦੇਸ਼ੋਂ ਮੰਗਵਾਉਣੇ ਜ਼ਰੂਰੀ ਸਨ। ਮਹੇਸ਼ ਗੁਪਤਾ ਨੇ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਕੇ ਨਵੀਂ ਮਸ਼ੀਨ ਤਿਆਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਸੋ 1998 ਵਿੱਚ ਉਸ ਨੇ ਹਿੰਦੋਸਤਾਨ ਦਾ ਪ੍ਰਸਿੱਧ ਵਾਟਰ ਪਿਊਰੀਫਾਇਰ ਕੈਂਟ ਆਰ ਓ ਸਿਸਟਮ ਸਥਾਪਤ ਕਰ ਲਿਆ। ਮਹੇਸ਼ ਗੁਪਤਾ ਨੇ ਕੈਂਟ ਨੂੰ ਸਿਰਫ ਇਕ ਲੱਖ ਦੀ ਧਨ ਰਾਸ਼ੀ ਨਾਲ ਸ਼ੁਰੂ ਕੀਤਾ ਸੀ। ਅੱਜ ਕੈਂਟ ਨੇ ਦੇਸ਼ ਦੀ ਪਾਣੀ ਸ਼ੁੱਧ ਕਰਨ ਵਾਲੀ ਮਾਰਕੀਟ ਦਾ 40 ਫੀਸਦੀ ਹਿੱਸਾ ਆਪਣੇ ਹੱਥ ਵਿੱਚ ਲੈਣ ਦਾ ਮਾਣ ਹਾਸਲ ਕਰ ਲਿਆ ਹੈ। ਅੱਜ ਮਹੇਸ਼ ਗੁਪਤਾ ਦੇ ਕੈਂਟ ਆਰ ਓ ਸਿਸਟਮ ਦੀ ਆਮਦਨ 580 ਕਰੋੜ ਤੋਂ ਵੱਧ ਹੈ ਅਤੇ ਇਸ ਨੇ 2500 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ। ਮਹੇਸ਼ ਗੁਪਤਾ ਨੇ ਨੋਇਡਾ ਦੇ 87 ਸੈਕਟਰ ਵਿੱਚ 100 ਕਰੋੜ ਨਾਲ ਇਕ ਹੋਰ ਨਵਾਂ ਪਲਾਂਟ ਲਗਾਉਣ ਦੀ ਯੋਜਨਾ ਬਣਾਈ ਹੈ।
ਮਹੇਸ਼ ਗੁਪਤਾ ਦੀ ਕਹਾਣੀ ਵੱਡੇ ਸੂਤਰ ਦੇ ਰਹੀ ਹੈ। ਜ਼ਿੰਦਗੀ ਦੀਆਂ ਵਿਪਰੀਤ ਪ੍ਰਸਥਿਤੀਆਂ ਵਿੱਚੋਂ ਵੀ ਕੁੱਝ ਨਵਾਂ ਅਤੇ ਵੱਡਾ ਸਿਰਜਿਆ ਜਾ ਸਕਦਾ ਹੈ। ਮਹੇਸ਼ ਗੁਪਤਾ ਦੇ ਮੁੰਡੇ ਨੂੰ ਹੋਈ ਪੀਲੀਆ ਦੀ ਬੀਮਾਰੀ ਨੇ ਜਿਥੇ ਮਹੇਸ਼ ਗੁਪਤਾ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਉਥੇ ਅੱਧੇ ਹਿੰਦੁਸਤਾਨ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਵਿੱਚ ਮੱਦਦ ਕੀਤੀ। ਜੋ ਆਪਣੀ ਮੱਦਦ ਖ਼ੁਦ ਕਰਦੇ ਹਨ ਖ਼ੁਦਾ ਵੀ ਉਨ੍ਹਾਂ ਦੀ ਮਦਦ ਕਰਦਾ ਹੈ।

Send this to a friend