May 26, 2026 2:11 pm

ਭਾਜਪਾ ਦਾ ਮਿੰਨੀ ਭਾਰਤ ਤੋਂ ਹਾਰਨਾ

ਉਤਰ ਪ੍ਰਦੇਸ਼ ਨੂੰ ਮਿੰਨੀ ਭਾਰਤ ਵਜੋਂ ਜਾਣਿਆ ਜਾਂਦਾ ਹੈ। ਕੇਂਦਰ ਦੀ ਸਿਆਸਤ ਇਸ ਸਭ ਤੋਂ ਵੱਡੇ ਪ੍ਰਦੇਸ਼ ਦੁਆਲੇ ਹੀ ਘੁੰਮਦੀ ਹੈ। 2014 ਵਿੱਚ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਬਣਨ ’ਚ ਇਸ ਸੂਬੇ ਦੀ ਅਹਿਮ ਭੂਮਿਕਾ ਰਹੀ। ਇਸ ਸੂਬੇ ਤੋਂ ਹੀ ਹੁਣ ਭਾਜਪਾ ਲਈ ਖਤਰੇ ਦੇ ਸੰਕੇਤ ਆ ਰਹੇ ਹਨ। ਬੇਸ਼ਕ ਭਾਜਪਾ ਉਤਰ ਪ੍ਰਦੇਸ਼ ਵਿੱਚ ਸਰਕਾਰ ਵੀ ਚਲਾ ਰਹੀ ਹੈ। ਭਾਜਪਾ ਦੇ ਸਾਬਕਾ ਐਮ.ਪੀ. ਅਤੇ ਵੱਡੇ ਆਗੂ ਯੋਗੀ ਅਦਿਤਿਆਨਾਥ ਸੂਬੇ ਦੇ ਮੁੱਖ ਮੰਤਰੀ ਹਨ। ਉਨ੍ਹਾਂ ਵੱਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਸ ਸਭ ਕੁੱਝ ਦੇ ਬਾਵਜੂਦ ਭਾਜਪਾ ਨੂੰ ਉਤਰ ਪ੍ਰਦੇਸ਼ ਦੀਆਂ ਦੋ ਲੋਕ ਸਭਾ ਸੀਟਾਂ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਹੈ। ਗੋਰਖਪੁਰ ਅਤੇ ਫੂਲਪੁਰ ਵਿਖੇ ਭਾਜਪਾ ਦੀ ਹਾਰ ਦੇ ਵੱਡੇ ਮਾਅਨੇ ਹਨ। ਇਹ ਦੋਵੇਂ ਸੀਟਾਂ ਹੁਣ ਸਮਾਜਵਾਦੀ ਪਾਰਟੀ ਦੀ ਝੋਲੀ ਜਾ ਪਈਆਂ ਹਨ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਗੋਰਖਪੁਰ ਨਾਲ ਹੀ ਸਬੰਧਤ ਹਨ। ਇਸ ਲੋਕ ਸਭਾ ਹਲਕੇ ਤੋਂ ਉਹ ਲਗਾਤਾਰ ਜਿੱਤਾਂ ਹਾਸਲ ਕਰਦੇ ਰਹੇ ਹਨ। ਇਸ ਹਲਕੇ ਤੋਂ ਭਾਜਪਾ ਦਾ ਹਾਰਨਾ ਸਿਆਸੀ ਹਲਕਿਆਂ ਨੂੰ ਹੈਰਾਨ ਕਰ ਰਿਹਾ ਹੈ। ਆਮ ਤੌਰ ’ਤੇ ਇਹ ਪ੍ਰਭਾਵ ਹੈ ਕਿ ਜ਼ਿਮਨੀ ਚੋਣਾਂ ਵਿੱਚ ਹੁਕਮਰਾਨ ਧਿਰ ਹੀ ਜੇਤੂ ਰਹਿੰਦੀ ਹੈ, ਪ੍ਰੰਤੂ ਉਤਰ ਪ੍ਰਦੇਸ਼ ਦੇ ਲੋਕਾਂ ਨੇ ਇਸ ਨੂੰ ਗਲਤ ਸਿੱਧ ਕਰ ਦਿੱਤਾ ਹੈ। ਉਤਰ ਪ੍ਰਦੇਸ਼ ਦੀਆਂ ਦੋ ਲੋਕ ਸਭਾ ਸੀਟਾਂ ਵਿੱਚ ਭਾਜਪਾ ਦੀ ਹਾਰ ਦਾ ਅਸਰ 2019 ਦੀਆਂ ਲੋਕ ਸਭਾ ਚੋਣਾਂ ’ਤੇ ਵੀ ਪਵੇਗਾ। ਜੇਕਰ ਜ਼ਿਮਨੀ ਚੋਣਾਂ ਦੇ ਨਤੀਜੇ ਭਾਰਤ ਦੇ ਆਮ ਲੋਕਾਂ ਦੀ ਆਵਾਜ਼ ਹਨ ਤਦ ਭਾਜਪਾ ਲਈ ਕੇਂਦਰ ਵਿੱਚ ਮੁੜ ਸਰਕਾਰ ਬਣਾਉਣਾ ਔਖਾ ਹੋਵੇਗਾ। ਬਿਹਾਰ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਹਨ। ਬਿਹਾਰ ਦੀ ਅਰਰੀਆ ਲੋਕ ਸਭਾ ਸੀਟ ’ਤੇ ਲਾਲੂ ਪ੍ਰਸ਼ਾਦ ਯਾਦਵ ਦੀ ਰਾਸ਼ਟਰੀ ਜਨਤਾ ਦਲ ਦੇ ਸਰਫ਼ਰਾਜ਼ ਆਲਮ ਨੇ ਭਾਜਪਾ ਦੇ ਪ੍ਰਦੀਪ ਕੁਮਾਰ ਸਿੰਘ ਨੂੰ 60 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਗਠਜੋੜ ਨੂੰ ਲੋਕਾਂ ਨੇ ਸ਼ਾਇਦ ਪਸੰਦ ਨਹੀਂ ਕੀਤਾ। ਬੇਸ਼ਕ ਭਾਜਪਾ ਨੇ ਕੁੱਝ ਦਿਨ ਪਹਿਲਾਂ ਉਤਰ ਪੁਰਬੀ ਦੇ ਤਿੰਨ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੰਗੀ ਕਾਰਗੁਜਾਰੀ ਦਿਖਾ ਕੇ ਵਾਹ-ਵਾਹ ਖੱਟੀ ਸੀ। ਪਰ ਤਾਜ਼ਾ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਭਾਜਪਾ ਦੀ ਸਾਰੀ ਕਾਰਗੁਜ਼ਾਰੀ ਉਪਰ ਲੀਕ ਫੇਰ ਦਿੱਤੀ ਹੈ। ਹਿੰਦੀ ਬੈਲਟ ਵਿੱਚ ਭਾਜਪਾ ਦਾ ਸਿਆਸੀ ਗਰਾਫ ਖਿਸਕਣਾ ਉਸ ਲਈ ਖਤਰੇ ਦੀ ਘੰਟੀ ਹੈ। ਭਾਜਪਾ ਨੂੰ ਇਸ ਹਾਰ ਤੋਂ ਸਬਕ ਸਿੱਖਣਾ ਚਾਹੀਦਾ ਹੈ। ਲੋਕਤੰਤਰ ਵਿੱਚ ਲੋਕਾਂ ਪ੍ਰਤੀ ਗੈਰ ਜ਼ਿੰਮੇਵਾਰ ਵਤੀਰੇ ਦਾ ਹਮੇਸ਼ਾ ਇਹੋ ਨਤੀਜਾ ਹੁੰਦਾ ਹੈ। ਭਾਜਪਾ ਨੂੰ ਦੇਸ਼ ਦੇ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਲੋਕ ਵਿਰੋਧੀ ਫੈਸਲਿਆਂ ਨੂੰ ਵਾਪਸ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਫਿਰਕੂ ਨੀਤੀਆਂ ਨੂੰ ਤਿਆਗ ਕੇ ਦੇਸ਼ ਵਿੱਚ ਇਕਸੁਰਤਾ ਅਤੇ ਭਾਈਚਾਰਕ ਸਾਂਝ ਦਾ ਮਾਹੌਲ ਕਾਇਮ ਰੱਖਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਜੇਕਰ ਭਾਜਪਾ ਮੌਜੂਦਾ ਨੀਤੀਆਂ ’ਤੇ ਚਲਦੀ ਰਹੀ ਤਾਂ ਉਸ ਲਈ ਲੋਕ ਸਭਾ ਦੀਆਂ ਆਮ ਚੋਣਾਂ ਜਿਤਣਾ ਮੁਸ਼ਕਿਲ ਹੋਵੇਗਾ।
– ਬਲਜੀਤ ਸਿੰਘ ਬਰਾੜ

Send this to a friend