May 26, 2026 11:04 am

ਇਕ ਸ਼ਲਾਘਾਯੋਗ ਕਦਮ: ਇਕ ਪਿੰਡ ਇਕ ਗੁਰਦੁਆਰਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਇਸ ਗਲ ਲਈ ਵਧਾਈ ਦੇ ਹਕਦਾਰ ਹਨ ਕਿ ਉਹਨਾਂ ਵਲੋਂ ਚਲਾਈ ਮੁਹਿੰਮ ‘ਇਕ ਪਿੰਡ ਇਕ ਗੁਰਦੁਆਰਾ’ ਜਿਥੇ ਧੜਿਆ ਵਿਚ ਵੰਡੇ ਪਿੰਡਾਂ ਨੂੰ ਇਕ ਕਰੇਗੀ ਉਥੇ ਗੁਰੂ ਦੇ ਹੁਕਮ “ਸਭੇ ਸਾਝੀਵਾਲ ਸਦਾਇਨਿ” ਦੀ ਹਾਮੀ ਵੀ ਭਰੇਗੀ। ਸਿਖ ਧਰਮ ਦੇ ਕੇਂਦਰੀ ਬਿੰਦੂ ਦੀ ਗਲ ਕਰੀਏ ਤਾਂ ਇਹ ਇਨਸਾਨੀਅਤ ਦਾ ਪ੍ਰਮੁਖ ਧਰਮ ਹੈ, ਜਿਸ ਵਿਚ ਨਾ ਧਰਮਾਂ ਦਾ ਵਿਤਕਰਾ ਸਮਝਿਆ ਜਾਂਦਾ ਹੈ ਤੇ ਨਾ ਹੀ ਜਾਤਾਂ-ਪਾਤਾਂ ਦਾ। ਸਿਖ ਧਰਮ ਦੀ ‘ਪੰਗਤ ਪ੍ਰਥਾ’ ਵੀ ਇਸ ਗਲ ਦੀ ਗਵਾਹ ਹੈ ਕਿ ਗੁਰਦੁਆਰਿਆ ਵਿਚ ਆਉਣ ਵਾਲੀ ਸੰਗਤ ਸਭ ਇਕ ਸਮਾਨ ਹੈ, ਚਾਹੇ ਉਸ ਵਿਚ ਕੋਈ ਧਨਾਢ ਪੁਰਖ ਹੋਵੇ ਜਾਂ ਮਜ਼ਦੂਰ। ਹਿੰਦੂ-ਸਿਖ-ਮੁਸਲਿਮ-ਈਸਾਈ ਆਦਿ ਸਭ ਨੂੰ ਬਰਾਬਰ ਦਾ ਸਨਮਾਨ ਦਿਤਾ ਜਾਂਦਾ ਹੈ। ਇਹ ਧਰਮ ਮਨੁਖਤਾ ਦਾ ਸਾਂਝਾ ਧਰਮ ਹੈ ਤੇ ਜਿਸ ਵਿਚ ਸਿਰਫ ਇਕ ਅਕਾਲ ਪੁਰਖ ਵਿਚ ਹੀ ਵਿਸ਼ਵਾਸ਼ ਕੀਤਾ ਜਾਂਦਾ ਹੈ। ਲੇਕਿਨ ਸਮੇਂ ਦੀ ਚਾਲ ਨੇ ਅਜ ਸਿਖ ਧਰਮ ਦੀ ਵਿਚਾਰਧਾਰਾ ਦਾ ਘਾਣ ਕਰਨ ‘ਚ ਕੋਈ ਕਸਰ ਨਹੀਂ ਛਡੀ। ਅਲਗ-ਅਲਗ ਜਗ੍ਹਾ ‘ਤੇ ਪ੍ਰਚਾਰ ਕਰਨ ਵਾਲੇ ਸਿਖ ਆਗੂਆ ਨੇ ਆਪਣੇ ਆਪ ਨੂੰ ਸੰਤ-ਮਹਾਤਮਾ ਕਹਾਉਦਿਆਂ, ਆਮ ਸ਼ਰਧਾਵਾਨ ਸਿਖਾਂ ਦੀ ਸ਼ਰਧਾਂ ਨੂੰ ਢਾਲ ਬਣਾ ਕੇ ਸਿਖ ਧਰਮ ਦੀ ਨਿਰੋਲ ਵਿਚਾਰਧਾਰਾ ਨੂੰ ਬਦਲਣ ‘ਚ ਅਹਿਮ ਭੂਮਿਕਾ ਨਿਭਾਈ ਹੈ।ਜਿਸ ਦਾ ਸਿਟਾ ਹਰ ਪਿੰਡ ਵਿਚ ਇਕ ਤੋਂ ਵਧੇਰੇ ਗੁਰਦੁਆਰੇ ਬਨਣਾ ਹੈ। ਸਭ ਤੋਂ ਵਡਾ ਦੁਖਾਂਤ ਤਾਂ ਇਹ ਹੈ ਕਿ ਸਿਖ ਧਰਮ ਨੂੰ ਜਿਸ ਗਲ ਤੋਂ ਗੁਰੂ ਨੇ ਵਰਜਿਆ ਸੀ ਅਜ ਉਹਨਾਂ ਜਾਤਾਂ-ਪਾਤਾਂ ਦੇ ਨਾਮ ‘ਤੇ ਅਲਗ-ਅਲਗ ਗੁਰਦੁਆਰਿਆ ਦਾ ਹੋਣਾ ਸਿਖ ਧਰਮ ਦੀ ਏਕਤਾ ਲਈ ਵੀ ਹਾਸੋਹੀਣ ਗਲ ਬਣਦਾ ਜਾ ਰਿਹਾ ਸੀ। ਪਿੰਡਾਂ ਵਿਚ ਇਕ ਤੋਂ ਵਧੇਰੇ ਗੁਰਦੁਆਰੇ ਜਿਥੇ ਜਾਤਾਂ-ਪਾਤਾਂ ਦੇ ਬੜਾਵੇ ਨੂੰ ਉਤਸ਼ਾਹਿਤ ਕਰਦੇ ਹਨ ਉਥੇ ਰਾਜਨੀਤਿਕ ਫੁਟ ਨੂੰ ਪਾ ਕੇ ਆਪਸੀ ਭਾਈਚਾਰੇ ਲਈ ਵੀ ਇਕ ਖਤਰਾ ਸਾਬਿਤ ਹੋ ਰਹੇ ਹਨ। ਅਜ ਮਸੀਹਾ ਬਣ ਕੇ ਆਏ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ‘ਇਕ ਪਿੰਡ ਇਕ ਗੁਰਦੁਆਰਾ‘ ਮੁਹਿੰਮ ਦਾ ਹਰ ਪਿੰਡ ਵਿਚ ਹਰ ਸਿਖ ਵਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਇਹ ਮੁਹਿੰਮ ਇਕਲੇ ਪ੍ਰਧਾਨ ਸਾਹਿਬ ਦੀ ਮੁਹਿੰਮ ਨਹੀਂ, ਬਲਕਿ ਹਰ ਸਿਖ ਦੀ ਆਪਣੀ ਮੁਹਿੰਮ ਹੈ ਜਿਸ ਦਾ ਸਾਥ ਦੇਣਾ ਹਰ ਸਚੇ ਸਿਖ ਦਾ ਫਰਜ਼ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਮੈਂਬਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ-ਆਪਣੇ ਹਲਕੇ ਵਿਚ ਆਉਂਦੇ ਪਿੰਡਾਂ ਦੇ ਸਿਖਾਂ ਨੂੰ ਇਸ ਮੁਹਿੰਮ ਨਾਲ ਜੋੜਕੇ ਆਪਸੀ ਭਾਈਚਾਰੇ ਨੂੰ ਫਿਰ ਤੋਂ ਇਕ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾਉਣ। ਉਮੀਦ ਹੈ ਕਿ ਇਸ ਮੁਹਿੰਮ ਦਾ ਸਵਾਗਤ ਡੇਰੇ, ਟਕਸਾਲਾ ਤੇ ਜਥੇਬੰਦੀਆਂ ਦੇ ਆਗੂਆ ਵਲੋਂ ਵੀ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਦੇ ਨਿਜੀ, ਡੇਰੇ, ਟਕਸਾਲਾ ਤੇ ਜਥੇਬੰਦੀਆਂ ਨਾਲ ਸੰਬੰਧਿਤ ਅਲਗ-ਅਲਗ ਗੁਰਦੁਆਰਿਆ ਨੂੰ ਵੀ ‘ਇਕ ਪਿੰਡ ਇਕ ਗੁਰਦੁਆਰਾ‘ ਮੁਹਿੰਮ ਦਾ ਹਿਸਾ ਬਣਾਇਆ ਜਾ ਸਕੇ।ਅਗਰ ਇਹ ਮੁਹਿੰਮ ਆਪਣੇ ਮਿਥੇ ਟੀਚੇ ਨੂੰ ਹਾਸਿਲ ਕਰ ਲੈਂਦੀ ਹੈ ਤਾਂ ਸਿਖ ਧਰਮ ਵਿਚ ਜਾਤਾਂ-ਪਾਤਾਂ, ਊਚ-ਨੀਚ ਤੇ ਰਾਜਨੀਤਿਕ ਫੁਟ ਨੂੰ ਬਹੁਤ ਜਲਦ ਖਤਮ ਕੀਤਾ ਜਾ ਸਕਦਾ ਹੈ। ਇਸ ਮੁਹਿੰਮ ਦੀ ਸਫਲਤਾ ਹੀ ਸਿਖ ਧਰਮ ਵਿਚ ਪਏ ਭੁਲੇਖਿਆ ਨੂੰ ਦੂਰ ਕਰਨ ਦਾ ਨੀਂਹ ਪਥਰ ਹੋਵੇਗਾ। ਇਸ ਮੁਹਿੰਮ ਦੇ ਚਲਦਿਆ ਕੁਝ ਗ੍ਰੰਥੀ ਸਿੰਘਾ ਵਿਚ ਬੇਰੁਜ਼ਗਾਰ ਹੋਣ ਦਾ ਰੋਸ ਦੇਖਣ ਵਿਚ ਵੀ ਆ ਸਕਦਾ ਹੈ, ਲੇਕਿਨ ਮੁਹਿੰਮ ਦੇ ਸੰਚਾਲਕ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵਲੋਂ ‘ਇਕ ਪਿੰਡ ਇਕ ਗੁਰਦੁਆਰਾ‘ ਮੁਹਿੰਮ ਨੂੰ ਹੁੰਗਾਰਾ ਮਿਲਣ ਵਾਲੇ ਪਿੰਡਾਂ ਵਿਚ ਇਕ ਗੁਰਦੁਆਰਾਦੇ ਨਾਲ-ਨਾਲ, ਇਕ ਗੁਰਦੁਆਰਾ ਵਿਚ ਦੋ ਗ੍ਰੰਥੀ ਸਿੰਘਾਂ ਨੂੰ ਸਾਂਝੀ ਸੇਵਾ ਦੇ ਕੇ ਗੁਰੂ ਘਰ ਦੇ ਮਾਣ ਸਤਿਕਾਰ ਨੂੰ ਵਧਾਇਆ ਸਕਦਾ ਹੈ। ਇਸ ਦੇ ਨਾਲ ਹੀ ਪਿੰਡਾਂ ਵਿਚਲੇ ਗੁਰਦੁਆਰਾ ਸਾਹਿਬ ਨੂੰ ਵਿਸ਼ੇਸ਼ ਨਾਮ ਦੇਣ ਦੀ ਬਜਾਏ ਹਰ ਪਿੰਡ ਵਿਚ ਗੁਰਦੁਆਰਾ ਦੇ ਨਾਮ ਨੂੰ ‘ਸਰਬ ਸਾਂਝਾ ਗੁਰਦੁਆਰਾ‘ ਨਾਮ ਦੇਣਾ ਉਚਿਤ ਹੋਵੇਗਾ ਤਾਂ ਜੋ ਭਵਿਖ ਵਿਚ ਵੀ ਕੋਈ ਸਿਖਾਂ ਨੂੰ ਭਰਮ ਭੁਲੇਖਿਆ ਵਿਚ ਪਾ ਕੇ ਭੜਕਾਅ ਨਾ ਸਕੇ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਆਗੂ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਅਜਿਹੇ ਪਹਿਲੇ ਆਗੂ ਹੋਣਗੇ ਜੋ ਸਿਖੀ ਦੇ ਅਸੂਲਾਂ ਦੀ ਪਾਲਣਾ ਕਰਕੇ ਸਭ ਸਿਖਾਂ ਵਿਚ ਏਕਤਾ ਦੇ ਨਾਲ-ਨਾਲ ਗੁਰ ਗਿਆਨ ਦਾ ਚਾਨਣ ਵੀ ਬਿਖੇਰਨਗੇ। ਇਸ ਮੁਹਿੰਮਦੀ ਕਾਮਯਾਬੀ ਸਿਖ ਭਾਈਚਾਰੇ ਦੀ ਏਕਤਾ ਨੂੰ ਬਰਕਰਾਰ ਰਖਣ ਵਾਲੀ ਸਿਖ ਧਰਮ ਦੀ ਅਜ-ਤਕ ਦੀ ਸਭ ਤੋਂ ਵਡੀ ਜਿਤ ਹੋਵੇਗੀ।

Send this to a friend