ਜ਼ਿੰਦਗੀ ਵਿੱਚ ਜੋ ਧਾਰਨਾਵਾਂ ਅਸੀਂ ਬਣਾ ਲੈਂਦੇ ਹਾਂ ਜ਼ਰੂਰੀ ਨਹੀਂ ਉਹ ਠੀਕ ਹੋਣ। ਹਜ਼ਾਰਾਂ ਸਾਲ ਅਸੀਂ ਧਰਤੀ ਨੂੰ ਗੋਲ ਹੋਣ ਤੋਂ ਵੀ ਮੁਨੱਕਰ ਰਹੇ ਸਾਂ। ਇਸੇ ਤਰ੍ਹਾਂ ਮਨੁੱਖੀ ਸਰੀਰ ਦੀ ਸਮਰੱਥਾਵਾਂ ਬਾਰੇ ਵੀ ਸਾਡੀਆਂ ਬਹੁਤ ਸਾਰੀਆਂ ਧਾਰਨਾਵਾਂ ਗਲਤ ਹਨ। ਇਸ ਧਰਤੀ ਨੇ ਅਜਿਹੇ ਮਨੁੱਖ ਵੀ ਪੈਦਾ ਕੀਤੇ ਹਨ ਜੋ ਅਸੰਭਵ ਸਮਝੀਆਂ ਜਾਣ ਵਾਲੀਆਂ ਗੱਲਾਂ ਨੂੰ ਸੰਭਵ ਬਣਾਕੇ ਦਿਖਾ ਗਏ ਹਨ ਹੋਰਨਾਂ ਲਈ ਮਾਰਗ ਦਰਸ਼ਕ ਬਣ ਗਏ। ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕ ਜਾਣਦੇ ਹਨ ਕਿ 6 ਮਈ 1954 ਤੱਕ ਲੋਕ ਇਹ ਮੰਨਦੇ ਸਨ ਕਿ 4 ਮਿੰਟ ਤੋਂ ਘੱਟ ਸਮੇਂ ਵਿੱਚ 1 ਮੀਲ ਦੌੜਨਾ ਮਨੁੱਖੀ ਸਰੀਰ ਲਈ ਸੰਭਵ ਨਹੀਂ। ਮੈਡੀਕਲ ਸਾਇੰਸ ਦੇ ਮਾਹਰ ਇਹ ਸਮਝਦੇ ਸਨ ਕਿ ਇਨਸਾਨ ਦੇ ਫੇਫੜਿਆਂ ਵਿੱਚ ਇੰਨੀ ਤੇਜ਼ੀ ਨਾਲ ਦੌੜਨ ਦੀ ਸ਼ਕਤੀ ਨਹੀਂ ਹੁੰਦੀ। ਮੈਡੀਕਲ ਸਾਇੰਸ ਦੀ ਇਸ ਧਾਰਨਾ ਨੂੰ ਸਾਰੇ ਦੌੜਾਕ ਸੱਚ ਮੰਨਦੇ ਸਨ ਕਿ ਕੋਈ ਦੌੜਾਕ 4 ਮਿੰਟ ਤੋਂ ਘੱਟ ਸਮੇਂ ਵਿੱਚ ਇਕ ਮੀਲ ਨਹੀਂ ਦੌੜ ਸਕਦਾ। ਬਰਤਾਨੀਆਂ ਦੇ ਡਾਕਟਰ ਸਰ ਰੌਜ਼ਰ ਬੈਨਿਸਟਰ ਨੇ ਇਹ ਧਾਰਨਾ ਤੋੜੀ ਅਤੇ ਹੋਰਨਾਂ ਅਥਲੀਟਾਂ ਲਈ ਇਕ ਮਾਰਗ ਦਰਸ਼ਕ ਬਣਿਆ।
ਰੌਜ਼ਰ ਗਿਲਬਰਿਟ ਬੈਨਿਸਟਰ 23 ਮਾਰਚ 1929 ਨੂੰ ਬਰਤਾਨੀਆਂ ਵਿੱਚ ਪੈਦਾ ਹੋਏ। ਪੇਸ਼ੇ ਵਜੋਂ ਉਹ ਡਾਕਟਰ ਸਨ। 6 ਫੁੱਟ 2 ਇੰਟ ਲੰਬੇ ਕੱਦ ਦੇ ਰੌਜ਼ਰ 800 ਅਤੇ 1500 ਮੀਟਰ ਦੀ ਦੌੜ ਲਾਉਣ ਵਾਲੇ ਦੌੜਾਕ ਵੀ ਸਨ। 1952 ਦੀਆਂ ਉਲੰਪਿਕ ਖੇਡਾਂ ਤੱਕ ਇਕ ਮੀਲ ਦੀ ਦੌੜ ਨੂੰ 4 ਮਿੰਟ ਤੋਂ ਘੱਟ ਸਮੇਂ ਵਿੱਚ ਖਤਮ ਕਰਨਾ ਅਸੰਭਵ ਮੰਨਿਆ ਜਾਂਦਾ ਸੀ ਪਰ ਰੌਜ਼ਰ ਲੋਕਾਂ ਦੀ ਸਦੀਆਂ ਤੋਂ ਬਣੀ ਹੋਈ ਇਸ ਧਾਰਨਾ ਨੂੰ ਤੋੜਨਾ ਚਾਹੁੰਦੇ ਸਨ। ਇਸ ਲਈ ਉਹ ਵਾਰ-ਵਾਰ ਯਤਨ ਕਰ ਰਿਹਾ ਸੀ। ਜਦੋਂ ਤੁਸੀਂ ਕੋਈ ਟੀਚਾ ਮਿੱਥਕੇ ਯਤਨ ਕਰਦੇ ਰਹਿੰਦੇ ਹੋ ਅਤੇ ਲਗਾਤਾਰ ਯਤਨ ਕਰਦੇ ਹੋ, ਅਸਫ਼ਲਤਾਵਾਂ ਦੇ ਬਾਵਜੂਦ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦੇ ਹੋ, ਅਭਿਆਸ ਜਾਰੀ ਰੱਖਦੇ ਹੋ ਤਾਂ ਤੁਹਾਡੀ ਮਿਹਨਤ ਨੂੰ ਬੂਰ ਪੈਣਾ ਲਾਜ਼ਮੀ ਹੁੰਦਾ ਹੈ। ਆਖਿਰ ਰੌਜ਼ਰ ਦੀ ਮਿਹਨਤ ਨੂੰ ਵੀ ਬੂਰ ਪਿਆ ਅਤੇ ਇਕ ਡਾਕਟਰ ਦੌੜਾਕ ਦੇ ਰੂਪ ਵਿੱਚ ਅਮਰ ਹੋ ਗਿਆ। 6 ਮਈ 1954 ਨੂੰ ਉਸ ਨੇ ਇਕ ਮੀਲ ਦੀ ਦੌੜ 3 ਮਿੰਟ 53.4 ਸੈਕਿੰਡ ਵਿੱਚ ਪੂਰੀ ਕਰਕੇ ਇਤਿਹਾਸ ਰਚਿਆ। ਰੌਜ਼ਰ ਬੈਨਿਸਟਰ ਦੀ ਇਸ ਉਪਲੱਬਧੀ ਨੂੰ ਮਹਾਨ ਸਮਝਕੇ ਬਰਤਾਨੀਆਂ ਸਰਕਾਰ ਵੱਲੋਂ ਉਸ ਨੂੰ ‘ਸਰ’ ਦੀ ਉਪਾਧੀ ਦਿੱਤੀ ਗਈ। ਆਖਿਰ ਰੌਜ਼ਰ ਨੇ ਇਹ ਰਿਕਾਰਡ ਬਣਾਕੇ ਇਹ ਸਿੱਧ ਕਰ ਦਿੱਤਾ ਸੀ ਕਿ ਮਨੁੱਖੀ ਸਰੀਰ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਲੁਕੀਆਂ ਪਈਆਂ ਹਨ। ਜਿਸ ਕੰਮ ਨੂੰ ਸਦੀਆਂ ਤੋਂ ਲੋਕ ਅਸੰਭਵ ਸਮਝਦੇ ਸਨ, ਉਹ ਥੋੜ੍ਹੀ ਮਿਹਨਤ ਨਾਲ ਸੰਭਵ ਹੋ ਗਿਆ। ਦੁਨੀਆਂ ਵਿੱਚ ਇੰਜ ਹੀ ਵਾਪਰਦਾ ਹੈ ਜਦੋਂ ਕੋਈ ਰੌਜ਼ਰ ਵਰਗਾ ਰਾਹ ਵਿਖਾ ਦਿੰਦਾ ਹੈ ਤਾਂ ਹੋਰ ਅਨੇਕਾਂ ਲੋਕ ਵੀ ਉਸ ਰਾਹ ’ਤੇ ਤੁਰ ਪੈਂਦੇ ਹਨ। ਡਾ. ਰੌਜ਼ਰ ਬੈਨਸਿਟਰ ਨਾਲ ਵੀ ਇਵੇਂ ਹੀ ਹੋਇਆ। ਉਸ ਦਾ ਰਿਕਾਰਡ ਸਿਰਫ 46 ਦਿਨ ਹੀ ਚਲਿਆ। 46 ਦਿਨਾਂ ਬਾਅਦ ਹੀ ਇਕ ਹੋਰ ਦੌੜਾਕ ਨੇ ਇਕ ਮੀਲ ਉਸ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਕਰਕੇ ਵਿਖਾ ਦਿੱਤੀ ਅਤੇ 1955 ਤੱਕ 37 ਦੌੜਾਕਾਂ ਨੇ ਇਕ ਮੀਲ ਨੂੰ 4 ਮਿੰਟ ਤੋਂ ਘੱਟ ਸਮੇਂ ਵਿੱਚ ਦੌੜ ਕੇ ਵਿਖਾਇਆ। ਗੱਲ ਸਿਰਫ ਰਿਕਾਰਡ ਬਣਾਉਣ ਜਾਂ ਰਿਕਾਰਡ ਤੋੜਨ ਦੀ ਨਹੀਂ, ਗੱਲ ਤਾਂ ਬੈਨਿਸਟਰ ਵੱਲੋਂ ਸਦੀਆਂ ਦੇ ਅਵਰੋਧ ਨੂੰ ਤੋੜਨ ਦੀ ਹੈ। ਉਸ ਦੀ ਮਹਾਨਤਾ ਤਾਂ ਸਦੀਆਂ ਤੋਂ ਚਲੇ ਆ ਰਹੇ ਮਾਨਸਿਕ ਅਵਰੋਧ ਨੂੰ ਤੋੜਨ ਵਿੱਚ ਹੈ।
ਸਰ ਰੌਜ਼ਰ ਬੈਨਿਸਟਰ ਦੀ ਇਸ ਕਹਾਣੀ ਤੋਂ ਇਹ ਸਾਬਤ ਹੁੰਦਾ ਹੈ ਕਿ ਜਦੋਂ ਤੱਕ ਅਸੀਂ ਕਿਸੇ ਕੰਮ ਨੂੰ ਅਸੰਭਵ ਮੰਨੀ ਜਾਂਦੇ ਹਾਂ ਤਦ ਤੱਕ ਉਹ ਅਸੰਭਵ ਹੀ ਰਹਿੰਦਾ ਹੈ। ਉਹ ਕੰਮ ਸਾਡੇ ਸਾਰਿਆਂ ਲਈ ਸੰਭਵ ਹੋ ਜਾਂਦਾ ਹੈ ਜਦੋਂ ਅਸੀਂ ਉਸ ਨੂੰ ਸੰਭਵ ਮੰਨ ਲੈਂਦੇ ਹਾਂ। ਗੱਲ ਤਾਂ ਸਿਰਫ ਪਹਿਲ ਕਰਨ ਦੀ ਹੁੰਦੀ ਹੈ ਲੋਕ ਫਿਰ ਆਪ ਹੀ ਰਾਹ ਬਣਾ ਲੈਂਦੇ ਹਨ।