ਫਗਵਾੜਾ, 9 ਮਾਰਚ (ਅਸ਼ੋਕ ਸ਼ਰਮਾ, ਪਰਵਿੰਦਰ ਜੀਤ ਸਿੰਘ)- ਡੇਰਾ 108 ਸੰਤ ਹੰਸਰਾਜ ਜੀ ਮਹਾਰਾਜ ਪੰਡਵਾ ਦੀ ਰਹਿਨੁਮਾਈ ਹੇਠ ਚਲ ਰਹੇ ਸ੍ਰੀ ਗੁਰੂ ਰਵਿਦਾਸ ਮਾਡਲ ਹਾਈ ਸਕੂਲ ਪਿੰਡ ਪੰਡਵਾ ਵਿਖੇ ਵਿਦਾਇਗੀ ਪਾਰਟੀ ਦਾ ਅਯੋਜਨ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿਚ ਬਤੌਰ ਮੁਖ ਮਹਿਮਾਨ ਡੇਰੇ ਦੇ ਸੰਚਾਲਕ 108 ਸੰਤ ਜਸਵਿੰਦਰ ਪਾਲ, ਸਕੂਲ ਡਾਇਰੈਕਟਰ ਸ੍ਰੀ ਧਰਮਪਾਲ ਅਤੇ ਮੈਨੇਜਰ ਤਿਲਕਰਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ 9ਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਨਿਘੀ ਵਿਦਾਇਗੀ ਦਿਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਤੋਂ ਵਿਦਾ ਹੋ ਰਹੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਵੁਕ ਹੁੰਦਿਆਂ ਸਕੂਲ ਵਿਚ ਬਿਤਾਏ ਸਮੇਂ ਨੂੰ ਯਾਦ ਕੀਤਾ। ਪ੍ਰਿੰਸੀਪਲ ਪਰਮਜੀਤ ਕੌਰ ਨੇ ਵਿਦਾਇਗੀ ਤੋਂ ਪਹਿਲਾਂ 10ਵੀਂ ਦੇ ਵਿਦਿਆਰਥੀਆਂ ਨੂੰ ਮਨ ਲਗਾ ਕੇ ਪ੍ਰੀਖਿਆ ਦੀ ਤਿਆਰੀ ਕਰਨ ਲਈ ਪ੍ਰੇਰਿਆ ਅਤੇ ਉਹਨਾਂ ਦੇ ਸੁਨਹਿਰੀ ਭਵਿਖ ਦੀ ਕਾਮਨਾ ਕੀਤੀ। ਸੰਤ ਜਸਵਿੰਦਰ ਪਾਲ ਨੇ ਵੀ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਵਿਦਿਆ ਉਹ ਗਹਿਣਾ ਹੈ ਜੋ ਚੋਰੀ ਨਹੀਂ ਹੋ ਸਕਦਾ ਅਤੇ ਇਸ ਨੂੰ ਜਿੰਨਾ ਵੰਡਿਆ ਜਾਵੇ ਉਂਨਾ ਹੀ ਵਧਦਾ ਹੈ। ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।