ਨਵਜੋਤ ਸਿੰਘ ਸਿੱਧੂ ਨੇ 118 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ, 9 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸ਼ਹਿਰੀਆਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਦੇਣ ਲਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ 1100 ਪੋਸਟਾਂ ’ਤੇ ਭਰਤੀ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਤਹਿਤ 650 ਪੋਸਟਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਜਦੋਂ ਕਿ 456 ਪੋਸਟਾਂ ਦਾ ਮਾਮਲਾ ਮਾਨਯੋਗ ਅਦਾਲਤ ਵੱਲੋਂ ਸਟੇਅ ਕੀਤੀ ਗਈ ਹੈ ਜਿਸ ਦੀ ਰੋਕ ਹਟਾਉਣ ਲਈ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਨੇਂ ਭਰਤੀ 118 ਉਮੀਦਵਾਰਾਂ ਨੂੰ ਨਿਯੁਕਤ ਪੱਤਰ ਸੌਂਪਣ ਮੌਕੇ ਸੰਬੋਧਨ ਕਰਦਿਆਂ ਕੀਤਾ। ਇਹ ਸਮਾਗਮ ਇਥੇ ਸੈਕਟਰ-35 ਸਥਿਤ ਪੰਜਾਬ ਮਿਉਂਸਪਲ ਭਵਨ ਦੇ ਆਡੀਟੋਰੀਅਮ ਵਿਖੇ ਹੋਇਆ। ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਘਰ ਘਰ ਰੋਜ਼ਗਾਰ’ ਦੇਣ ਦੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਭਰਤੀ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ। ਅੱਜ ਜਿਨ੍ਹਾਂ 118 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ, ਉਨ੍ਹਾਂ ਵਿੱਚੋਂ 76 ਅਫਸਰ ਵੱਖ-ਵੱਖ ਅਹੁਦਿਆਂ ’ਤੇ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਵਿੱਚ ਪੱਕੇ ਤੌਰ ’ਤੇ ਭਰਤੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਸਟੇਟ ਸਹਿਰੀ ਵਿਕਾਸ ਅਥਾਰਟੀ (ਸੁੱਡਾ) ਵਿੱਚ 42 ਉਮੀਦਵਾਰਾਂ ਦੀ ਭਰਤੀ ਕੀਤੀ ਗਈ ਹੈ।
ਇਸ ਮੌਕੇ ਵਿਧਾਇਕ ਸ. ਪਰਗਟ ਸਿੰਘ, ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਸ੍ਰੀ ਅਜੋਏ ਸ਼ਰਮਾ, ਵਿਸ਼ੇਸ਼ ਸਕੱਤਰ ਸ੍ਰੀ ਮਹਿੰਦਰ ਪਾਲ ਸਿੰਘ, ਸਲਾਹਕਾਰ ਸ੍ਰੀ ਅੰਗਦ ਸਿੰਘ ਸੋਹੀ, ਰਾਜੀ ਮਹਾਜਨ, ਮੁੱਖ ਵਿਜੀਲੈਂਸ ਅਧਿਕਾਰੀ ਸ੍ਰੀ ਸੁਦੀਪ ਮਾਣਕ, ਚੀਫ ਇੰਜਨੀਅਰ ਸ੍ਰੀ ਮੁਕਲ ਸੋਨੀ, ਸੁਪਰਡੈਂਟ ਇੰਜਨੀਅਰ ਸ੍ਰੀ ਅਤੁਲ ਸ਼ਰਮਾ ਤੇ ਪੀ.ਐਮ.ਆਈ.ਡੀ.ਸੀ. ਦੇ ਮੈਨੇਜਰ ਸ੍ਰੀ ਵੀ.ਪੀ.ਸਿੰਘ ਵੀ ਹਾਜ਼ਰ ਸਨ।

Send this to a friend