ਪੰਜਾਬੀ ਲੋਕ ਕਥਨ ਹੈ ‘ਜੀਵੇ ਆਸ਼ਾ, ਮਰੇ ਨਿਰਾਸ਼ਾ।’ ਜਾਹਨਗੇ ‘ਦਿ ਸਿੱਕ ਮੈਨ ਐਂਡ ਦਾ ਏਂਜਲ’ ਵਿੱਚ ਸਾਫ ਸੁਨੇਹਾ ਦਿੰਦਾ ਹੈ ‘ਜਬ ਤੱਕ ਸਾਸ, ਤੱਦ ਤੱਕ ਆਸ।’ ਨਿਰਾਸ਼ ਅਤੇ ਨਕਾਰਆਤਮਕ ਸੋਚ ਰੱਖਣ ਵਾਲੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਹਰ ਨਵਾਂ ਦਿਨ, ਨਵੀਂ ਤਕਦੀਰ ਲੈ ਕੇ ਆਉਂਦਾ ਹੈ।
ਜਦੋਂ ਰੱਬ ਦਰਵਾਜ਼ਾ ਬੰਦ ਕਰਦਾ ਹੈ
ਤਾਂ ਕੋਈ ਨਾ ਕੋਈ
ਖਿੜਕੀ ਜ਼ਰੂਰ ਖੁਲ੍ਹੀ ਛੱਡ ਦਿੰਦਾ ਹੈ।
ਪੰਜਾਬ ਸ਼ਾਇਰ ਬਾਵਾ ਬਲਵੰਤ ਨੇ ਲਿਖਿਆ ਸੀ :
ਮੁਸੀਬਤਾਂ ਤੋਂ ਕਦੇ ਡਰਦੀਆਂ
ਨਹੀਂ ਆਸਾਂ
ਇਹ ਬੇੜੀਆਂ ਕਿ
ਤੁਫਾਨਾਂ ਤੇ ਤਰਦੀਆਂ ਨੇ ਹਮੇਸ਼ਾ।
ਮਨੁੱਖੀ ਮਨ ਦੀ ਬਣਤਰ ਹੀ ਅਜਿਹੀ ਹੈ ਕਿ ਇਸ ਨੂੰ ਆਸ਼ਾ ਦੀ ਕਿਰਨ ਹਮੇਸ਼ਾਂ ਦਿਖਦੀ ਰਹਿੰਦੀ ਹੈ ਜਾਂ ਦਿੱਖਦੀ ਰਹਿਣੀ ਚਾਹੀਦੀ ਹੈ। ਦੁੱਖ ਦੀ ਸਭ ਤੋਂ ਵਧੀਆ ਦਾਰੂ ਆਸ ਹੀ ਹੁੰਦੀ ਹੈ। ਸਪੇਨ ਦਾ ਅਖਾਣ ਹੈ ਕਿ ਆਸ਼ਾਵਾਦੀ ਮਰਦਾ ਵੀ ਗਾਉਂਦਾ ਹੋਇਆ ਹੈ। ਜਸਵੰਤ ਸਿੰਘ ਕੰਵਲ ਅਨੁਸਾਰ ਆਸ਼ਾ ਮਨੁੱਖ ਦੀ ਹਮੇਸ਼ਾ ਵਫ਼ਾਦਾਰ ਸਾਥਣ ਰਹੀ ਹੈ। ਹਰ ਕਾਲੀ ਰਾਤ ਵਿੱਚ ਆਸ਼ਾ ਦਾ ਤਾਰਾ ਚਮਕਦਾ ਹੈ। ਇਹ ਵੱਖਰੀ ਗੱਲ ਹੈ ਕਿ ਉਸ ਨੂੰ ਕੋਈ ਨਾ ਤੱਕੇ ਅਤੇ ਊਧੀ ਪਾਈ ਟੋਇਆਂ ਟਿੱਬਿਆਂ ਵਿੱਚ ਲਹਿੰਦਾ ਤੇ ਢਹਿੰਦਾ ਜਾਵੇ।
ਇਕ ਔਰਤ ਜੋ ਮਾਨਸਿਕ ਅਤੇ ਆਰਥਿਕ ਤੌਰ ’ਤੇ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ, ਨਿਰਾਸ਼ਾ ਅਤੇ ਉਦਾਸੀ ਨਾਲ ਘਿਰੀ ਹੋਈ ਮੇਰੇ ਕੋਲ ਆਈ। ਘਰ ਵਾਲੇ ਨੂੰ ਨਸ਼ਿਆਂ ਨੇ ਖਾ ਲਿਆ ਸੀ ਅਤੇ ਨਸ਼ਿਆਂ ਨੇ ਘਰ ਦੀ ਹਰ ਚੀਜ਼ ਵਿਕਾ ਛੱਡੀ ਸੀ। ਉਸ ਦੀ ਨਿਰਾਸ਼ਾ ਸਮਝ ਆਉਂਦੀ ਸੀ ਕਿ ਨੌਵੀਂ ’ਚ ਪੜ੍ਹਦੀ ਬੇਟੀ ਦੀ ਪੜ੍ਹਾਈ ਕਿਵੇਂ ਜਾਰੀ ਰੱਖੇ। ਘਰ ਦਾ ਗੁਜ਼ਾਰਾ ਕਿਵੇਂ ਚਲਾਵੇ। ਖਾਂਦੇ ਪੀਂਦੇ ਘਰ ਦਾ ਇਹ ਪਰਿਵਾਰ ਸੜਕ ’ਤੇ ਆ ਚੁੱਕਾ ਸੀ। ਉਸ ਦੀ ਗਰੀਬੀ ਨੂੰ ਵੇਖ ਸ਼ਰੀਕ ਦੇ ਭੈਣ-ਭਰਾ ਵੀ ਕਿਨਾਰਾ ਕਰ ਗਏ ਸਨ। ਉਂਜ ਵੀ ਦੁਨੀਆਂ ਦਾ ਦਸਤੂਰ ਹੈ ਕਿ ਇਹ ਚੜ੍ਹਦੇ ਸੂਰਜ ਨੂੰ ਹੀ ਸਲਾਮ ਕਰਦੀ ਹੈ। ਉਹ ਬਹੁਤ ਹੀ ਭਰੇ ਮਨ ਨਾਲ ਆਪਣੀ ਬੇਟੀ ਦੀ ਪੜ੍ਹਾਈ ਲਈ ਸਹਿਯੋਗ ਮੰਗਣ ਆਈ ਸੀ। ਉਸ ਦਾ ਕਹਿਣਾ ਸੀ:
‘‘ਸੋਚਿਆ ਸੀ ਕੁੜੀ ਨੂੰ ਡਾਕਟਰ ਬਣਾਵਾਂਗੇ ਪਰ ਆਪ ਤਾਂ ਉਹ ਖਹਿੜਾ ਛੁਡਾ ਗਿਆ। ਸਾਨੂੰ ਛੱਡ ਗਿਆ ਨਰਕ ਭੋਗਣ ਲਈ। ਕਈ ਵਾਰ ਤਾਂ ਕੁਝ ਖਾਕੇ ਮਰਨ ਨੂੰ ਚਿੱਤ ਕਰਦੈ। ਕੀ ਕਰਾਂ ਕੁੱਝ ਸਮਝ ਨਹੀਂ ਆਉਂਦਾ’’ ਉਸ ਨੇ ਰੋਂਦੇ ਹੋਏ ਕਿਹਾ।
ਜੋ ਹੋਣਾ ਸੀ ਹੋ ਗਿਆ। ਹੋਣੀ ਨੂੰ ਕੋਈ ਨਹੀਂ ਟਾਲ ਸਕਿਆ। ਪਰ ਹੁਣ ਤੂੰ ਇਸ ਸੰਕਟ ਦਾ ਹੌਂਸਲੇ ਨਾਲ ਮੁਕਾਬਲਾ ਕਰ। ਜਿਨ੍ਹਾਂ ਚਿਰ ਸਰੀਰ ’ਚ ਸਾਹ ਹੈ ਉਨਾਂ ਚਿਰ ਆਸ ਨਹੀਂ ਛੱਡਣੀ ਚਾਹੀਦੀ। ਬਾਬ ਨਾਨਕ ਦੇ ਬੋਲਾਂ ਨੂੰ ਯਾਦ ਰੱਖਣਾ ਚਾਹੀਦਾ, ‘‘ਜੈਸੀ ਆਸ਼ਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੈ’’ ਤੂੰ ਕੁੜੀ ਨੂੰ ਜ਼ਰੂਰ ਡਾਕਟਰ ਬਣਾਏਗੀ।’’ ਮੈਂ ਉਸ ਨੂੰ ਹੌਂਸਲਾ ਦਿੰਦਾ ਹਾਂ ਅਤੇ ਕਾਫੀ ਸੋਚ ਵਿਚਾਰ ਤੋਂ ਬਾਅਦ ਇਕ ਸਲਾਹ ਦਿੰਦਾ ਹਾਂ ਕਿ ਤੂੰ ਇਥੇ ਟਿਫਨ ਸਰਵਿਸ ਸ਼ੁਰੂ ਕਰ ਲੈ। ਪੰਜਾਬੀ ਯੂਨੀਵਰਸਿਟੀ ਦੇ ਲਾਗੇ ਬਹੁਤ ਸਾਰੇ ਵਿਦਿਆਰਥੀ ਕਿਰਾਏ ਦੇ ਘਰਾਂ ਵਿੱਚ ਰਹਿੰਦੇ ਹਨ। ਜੇ ਉਨ੍ਹਾਂ ਨੂੰ ਘਰ ਵਰਗਾ ਖਾਣਾ ਮਿਲ ਜਾਵੇ ਤਾਂ ਉਹ ਖੁਸ਼ੀ-ਖੁਸ਼ੀ ਤੇਰੇ ਗਾਹਕ ਬਣ ਜਾਣਗੇ। ਇਸ ਕੰਮ ਲਈ ਤੈਨੂੰ ਬਾਹਰ ਵੀ ਨਹੀਂ ਜਾਣਾ ਪਵੇਗਾ ਅਤੇ ਨਾ ਹੀ ਕੋਈ ਜ਼ਿਆਦਾ ਪੈਸੇ ਦੀ ਲੋੜ ਹੈ। ਉਸ ਨੂੰ ਮੇਰੀ ਸਲਾਹ ਪਸੰਦ ਆਈ ਅਤੇ ਉਸ ਨੇ ਕੰਮ ਸ਼ੁਰੂ ਕਰ ਦਿੱਤਾ। ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਵਿੱਚ ਬਰਕਤ ਪੈਂਦੀ ਹੀ ਹੈ। ਦਿਨਾਂ ਵਿੱਚ ਹੀ ਉਸ ਦਾ ਕੰਮ ਚਲ ਨਿਕਲਿਆ। ਆਪਣੀ ਮਦਦ ਲਈ ਉਸ ਨੇ ਦੋ ਹੋਰ ਔਰਤਾਂ ਨੂੰ ਕੰਮ ’ਤੇ ਰੱਖ ਲਿਆ। ਸਭ ਨੂੰ ਪਤਾ ਹੈ ਕਿ ਫੂਡ ਇੰਡਸਟਰੀ ਲਾਹੇਵੰਦ ਧੰਦਾ ਹੈ। ਉਸ ਨੂੰ ਚੰਗੀ ਖਾਸੀ ਆਮਦਨ ਹੋਣ ਲੱਗੀ। ਆਪਣਾ ਸੁਪਨਾ ਪੂਰਾ ਕਰਨ ਲਈ ਉਸ ਨੇ ਬੇਟੀ ਨੂੰ ਮੈਡੀਕਲ ਵਿੱਚ ਦਾਖਲੇ ਲਈ ਕੋਚਿੰਗ ਦਿਵਾਉਣੀ ਸ਼ੁਰੂ ਕੀਤੀ। ਉਸ ਦੀ ਬੇਟੀ ਨੇ ਵੀ ਮੈਡੀਕਲ ਦਾਖਲੇ ਦੇ ਟੈਸਟ ਲਈ ਦਿਨ-ਰਾਤ ਇਕ ਕਰ ਦਿੱਤਾ। ਦੋਵਾਂ ਦੀ ਮਿਹਨਤ ਨੂੰ ਫਲ ਮਿਲਿਆ ਅਤੇ ਕੁੜੀ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲਾ ਮਿਲ ਗਿਆ।
ਅੱਜ ਕੱਲ੍ਹ ਉਸ ਦਾ ਟਿਫਨ ਸਰਵਿਸ ਵਾਲਾ ਧੰਦਾ ਕਾਫੀ ਮਕਬੂਲ ਹੈ। ਆਮਦਨ ਵੀ ਚੰਗੀ ਹੋ ਜਾਂਦੀ ਹੈ। ਉਸ ਨੇ ਚਾਰ ਪੰਜ ਬੰਦਿਆਂ ਨੂੰ ਰੁਜ਼ਗਾਰ ਵੀ ਦਿੱਤਾ ਹੋਇਆ ਹੈ। ਜੋ ਔਰਤ ਕਿਸੇ ਸਮੇਂ ਰੋਟੀ ਤੋਂ ਤਰਸਦੀ ਸੀ ਅੱਜ ਆਪਣੀ ਕਾਰ ’ਚ ਘੁੰਮਦੀ ਹੈ। ਹਰ ਸਹੂਲਤ ਦੀ ਮਾਲਕ ਹੈ। ਸਭ ਤੋਂ ਵੱਡੀ ਗੱਲ ਕੁੜੀ ਡਾਕਟਰ ਬਣ ਗਈ ਹੈ। ਇਹ ਸਭ ਇਸ ਕਰਕੇ ਸੰਭਵ ਹੋ ਸਕਿਆ ਕਿਉਂਕਿ ਉਸ ਨੇ ਆਪਣੇ ਅੰਦਰ ਇਕ ਆਸ ਨੂੰ ਜਗਾਈ ਰੱਖਿਆ। ਜਿਸ ਕੋਲ ਸਿਹਤ ਹੁੰਦੀ ਹੈ ਉਸ ਕੋਲ ਆਸ ਹੁੰਦੀ ਹੈ। ਜਿਸ ਕੋਲ ਆਸ ਹੁੰਦੀ ਹੈ। ਉਸ ਕੋਲ ਸਭ ਕੁੱਝ ਹੁੰਦਾ ਹੈ। ਸੋ, ਉਸ ਔਰਤ ਨੇ ਸੁਪਨਾ ਵੇਖਿਆ ਅਤੇ ਸੁਪਨਾ ਪੂਰਾ ਕਰਨ ਦੀ ਆਸ ਨੂੰ ਜਗਾਈ ਰੱਖਿਆ। ਮਿਹਨਤ ਕੀਤੀ ਅਤੇ ਸੁਪਨਾ ਹਕੀਕਤ ਬਣ ਗਿਆ।
ਇਸੇ ਕਾਰਨ ਮੈਂ ਹਮੇਸ਼ਾਂ ਨਿਰਾਸ਼ ਲੋਕਾਂ ਨੂੰ ਕਹਿੰਦਾ ਹਾਂ ਕਿ ਆਸ਼ਾਵਾਦੀ ਬਣੋ। ਵੱਡੇ ਸੁਪਨੇ ਵੇਖੋ ਅਤੇ ਉਨ੍ਹਾਂ ਵਿੱਚ ਰੰਗ ਭਰਨ ਲਈ ਮਿਹਨਤ ਕਰੋ। ਧਨੀ ਰਾਮ ਚਾਤ੍ਰਿਕ ਦੇ ਆਹ ਬੋਲ ਯਾਦ ਰੱਖਣ ਵਾਲੇ ਹਨ :
ਆਸਾਂ ਦੀਆਂ ਡੋਰੀਆਂ
ਖਿਲਾਰੀ ਰੱਖ ਲੰਮੀਆਂ।
ਬੱਝਾ ਰਹੇ ਹੌਂਸਲਾ
ਅਡੋਲ ਵੇ ਪਪੀਹਾ।