May 22, 2026 3:23 am

ਪ੍ਰਧਾਨ ਮੰਤਰੀ ਦੇ ਕਹਿਣੇ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਸੱਚ-ਮੁੱਚ ਹੀ ‘ਆਜ਼ਾਦ ਫ਼ੌਜੀ’

ਇੰਡੀਆਂ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਬਿਆਨ ਕਿ ‘ਅਮਰਿੰਦਰ ਪੰਜਾਬ ‘ਚ ਕਾਂਗਰਸ ਦੇ ਆਜ਼ਾਦ ਫ਼ੌਜੀ‘ ਬੜਾ ਢੁਕਵਾ ਅਤੇ ਸਹੀ ਸਮੇਂ ਤੇ ਦਿਤਾ ਗਿਆ ਬਿਆਨ ਹੈ । ਕਿਉਂਕਿ ਇਹ ਸਪਸਟ ਹੈ ਕਿ ਪੰਜਾਬ ਅਸੈਬਲੀ 2017 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਕਾਂਗਰਸ ਦੀ ਸਥਿਤੀ ਬੜੀ ਡਾਵਾਡੋਲ ਸੀ । ਉਸ ਵਕਤ ਇਹ ਵੀ ਪ੍ਰਭਾਵ ਬਣਿਆ ਹੋਇਆ ਸੀ ਕਿ ਕਾਂਗਰਸ ਪ੍ਰਧਾਨ ਬੀਬੀ ਸੋਨੀਆਂ ਗਾਂਧੀ ਨੇ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਨਾ ਸੌਪੀ ਤਾਂ ਉਹ ਆਪਣਾ ਵਖਰਾਂ ਧੜਾ ਬਣਾਕੇ ਇਨ੍ਹਾਂ ਚੋਣਾਂ ਵਿਚ ਹਿਸਾ ਲੈ ਸਕਦੇ ਸਨ । ਪਰ ਸਮੇਂ ਦੀ ਨਿਜ਼ਾਕਤ ਨੂੰ ਸਮਝਦਿਆ ਕੇਦਰੀ ਕਾਂਗਰਸ ਕਮੇਟੀ ਨੇ ਪੰਜਾਬ ਕਾਂਗਰਸ ਦੀ ਵਾਂਗਡੋਰ ਕੈਪਟਨ ਅਮਰਿੰਦਰ ਸਿੰਘ ਨੂੰ ਸੌਪ ਦਿਤੀ । ਇਸ ਸਮੇਂ ਪੰਜਾਬ ਅਸੈਬਲੀ ਦੀਆਂ ਚੋਣਾਂ ਵਿਚ ਇਹ ਵੀ ਮਾਹੌਲ ਬਣ ਗਿਆ ਸੀ ਕਿ ਆਮ ਆਦਮੀ ਪਾਰਟੀ ਜੇਤੂ ਧਿਰ ਵਜੋ ਉਭਰ ਰਹੀ ਹੈ । ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵਧ ਰਹੀ ਲੋਕ ਪ੍ਰਿਯਤਾ ਨੂੰ ਦੇਖਦਿਆ ਬੀਜੇਪੀ, ਆਰ.ਐਸ.ਐਸ. ਨੇ ਆਪਣੀ ਸਾਰੀ ਤਾਕਤ ਗੁਪਤ ਰੂਪ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਹਕ ਵਿਚ ਝੋਕ ਦਿਤੀ । ਬਾਦਲ ਦਲ ਨੇ ਆਪਣੇ 10 ਸਾਲਾ ਦੇ ਰਾਜਕਾਲ ਦੌਰਾਨ ਆਮ ਸ਼ਹਿਰੀ ਅਤੇ ਸਿਖ ਕੌਮ ਦੇ ਦਿਲ ਤੇ ਦਿਮਾਗ ਵਿਚੋਂ ਆਪਣਾ ਅਕਸ ਖ਼ਰਾਬ ਕਰ ਲਿਆ ਸੀ । ਗੁਰੂ ਗ੍ਰੰਥ ਸਾਹਿਬ ਦੀਆਂ ਅਨੇਕਾ ਥਾਵਾ ਤੇ ਹੋਈਆ ਬੇਅਦਬੀਆਂ ਦੀ ਬਦੌਲਤ ਸਿਖ ਕੌਮ ਬਾਦਲ ਦਲ ਤੋਂ ਬਹੁਤ ਦੂਰ ਜਾ ਚੁਕੀ ਸੀ । ਬਾਦਲ ਹਕੂਮਤ ਨੇ ਪੰਜਾਬ ਪੁਲਿਸ ਰਾਹੀ ਭਾਈ ਕਮਲਜੀਤ ਸਿੰਘ ਸੁਨਾਮ, ਹਰਮਿੰਦਰ ਸਿੰਘ ਡਬਵਾਲੀ, ਦਰਸ਼ਨ ਸਿੰਘ ਲੋਹਾਰਾ, ਜਸਪਾਲ ਸਿੰਘ ਚੌੜ ਸਿਧਵਾ, ਕ੍ਰਿਸ਼ਨ ਭਗਵਾਨ ਸਿੰਘ, ਗੁਰਜੀਤ ਸਿੰਘ ਸਰਾਵਾ ਆਦਿ ਸਿਖ ਨੌਜ਼ਵਾਨਾਂ ਨੂੰ ਸ਼ਹੀਦ ਕਰਵਾ ਦਿਤਾ । ਇਸ ਲਈ ਆਮ ਆਦਮੀ ਪਾਰਟੀ ਨੂੰ ਸਤ੍ਹਾ ਵਿਚੋਂ ਰੋਕਣ ਲਈ ਕੌੜਾਂ ਘੁਟ ਭਰਦਿਆ ਬੀਜੇਪੀ, ਆਰ.ਐਸ.ਐਸ. ਨੇ ਆਪਣੀ ਸਾਰੀ ਖੂਫੀਆ ਸਿਆਸੀ ਤਾਕਤ ਕੈਪਟਨ ਦੇ ਹਕ ਵਿਚ ਝੋਕ ਦਿਤੀ । ਬਾਦਲ ਦਲ ਦੇ ਕਈ ਮੰਨੇ-ਪ੍ਰਮੰਨੇ ਆਗੂਆਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਲੀਡਰ ਸ. ਦਲਜੀਤ ਸਿੰਘ ਚੀਮਾਂ ਨੇ ਤਾਂ ਸਿਧੇ ਰੂਪ ਵਿਚ ਇਸ ਗਲ ਨੂੰ ਸਵੀਕਾਰ ਕਰ ਲਿਆ ਸੀ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਚੋਣਾਂ ਵਿਚ ਜਿਤ ਪ੍ਰਾਪਤ ਨਹੀਂ ਕਰ ਸਕਦੀ । ਉਹ ਵੀ ਆਮ ਆਦਮੀ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਨੂੰ ਪੰਜਾਬ ਦੀ ਸਤ੍ਹਾਂ ਸੌਪਣ ਨੂੰ ਤਰਜੀਹ ਦੇਣ ਲਗ ਪਏ ਸਨ । ਇਨ੍ਹਾਂ ਪਾਰਟੀਆਂ ਦੀਆਂ ਖੂਫੀਆ ਸਿਆਸੀ ਚਾਲਾ ਨੂੰ ਆਪਣੇ-ਆਪ ਨੂੰ ਬੜੇ ਤੇਜ਼ ਤਰਾਰ ਅਤੇ ਮੰਨੇ-ਪ੍ਰਮੰਨੇ ਪੰਜਾਬ ਦੇ ਪਤਰਕਾਰ ਵੀ ਸਮਝਣ ਤੋਂ ਅਸਮਰਥ ਰਹੇ । ਸ੍ਰੀ ਮੋਦੀ ਵਲੋਂ ਕਹੇ ਇਹ ਸ਼ਬਦ ਇਸ ਕਰਕੇ ਵੀ ਸਹੀ ਹਨ ਕਿ ਐਮਰਜੈਸੀ ਦੇ ਦੌਰਾਨ ਜਦੋਂ ਸਾਰੇ ਸਿਆਸਤਦਾਨ ਜ਼ਾਬਰ ਇੰਦਰਾ ਗਾਂਧੀ ਦੇ ਦਬਦਬੇ ਤੋਂ ਡਰਕੇ ਈਂਨ ਮੰਨ ਚੁਕੇ ਸਨ ਤਾਂ ਉਸ ਵਕਤ ਪਟਿਆਲਾ ਖਾਨਦਾਨ ਦੀ ਮਹਾਰਾਣੀ ਮਹਿੰਦਰ ਕੌਰ ਨੇ ਚਟਾਂਨ ਵਾਂਗ ਖੜ੍ਹਕੇ ਇਸ ਐਮਰਜੈਸੀ ਦੀ ਹਨੇਰੀ ਦਾ ਟਾਕਰਾ ਕੀਤਾ । ਜਿਸ ਕਰਕੇ ਜਨਤਾ ਪਾਰਟੀ, ਜੰਨ-ਸੰਘ ਤੋਂ ਬਾਅਦ ਵਿਚ ਬਣੀ ਬੀਜੇਪੀ ਵੀ ਮਹਾਰਾਣੀ ਮਹਿੰਦਰ ਕੌਰ ਦੀ ਬਹੁਤ ਇਜ਼ਤ ਕਰਦੀ ਸੀ । ਉਸ ਵੇਲੇ ਇੰਦਰਾ ਗਾਂਧੀ ਬਦਲੇ ਦੀ ਭਾਵਨਾ ਅਤੇ ਹੰਕਾਰ ਵਿਚ ਸੀ ਜਿਸ ਕਾਰਨ ਮਹਾਰਾਣੀ ਮਹਿੰਦਰ ਕੌਰ ਦੀ ਦਿਲੀ ਵਿਚ ਸੁਪਰੀਮ ਕੋਰਟ ਦੇ ਨੇੜੇ ਜਿਹੜਾ ਪਟਿਆਲਾ ਹਾਊਂਸ ਹੈ, ਨੂੰ ਵੀ ਜ਼ਬਤ ਕਰ ਲਿਆ ਸੀ ਅਤੇ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿਚਲੀ ਚਹਿਲ ਸ਼ਹਿਰ ਦੇ ਰਾਜਸੀ ਮਹਿਲ ਅਤੇ ਸ਼ਿਮਲੇ ਦੀ ਰਾਜਸਾਹੀ ਜ਼ਾਇਦਾਦ ਨੂੰ ਵੀ ਜ਼ਬਤ ਕਰਕੇ ਕਬਜੇ ਵਿਚ ਲੈ ਲਿਆ । ਹਿਮਾਚਲ ਪ੍ਰਦੇਸ਼ ਦੇ ਮੁਖ ਮੰਤਰੀ ਦੀ ਸਰਕਾਰੀ ਰਿਹਾਇਸ਼ ਮਹਾਰਾਣੀ ਮਹਿੰਦਰ ਕੌਰ ਦੀ ਜ਼ਾਇਦਾਦ ਦਾ ਹਿਸਾ ਹੈ।ਪੰਜਾਬ ਸੂਬੇ ਦੀ ਸਰਦਾਰੀ ਸਾਂਭਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਵੋਟਰਾਂ ਨਾਲ ਕੀਤੇ ਵਾਅਦਿਆ ਤੋਂ ਮੂੰਹ ਫੇਰ ਲਿਆ । ਰੇਤਾ-ਬਜ਼ਰੀ, ਡਰਗ ਮਾਫੀਆ, ਭੂ-ਮਾਫ਼ੀਆ ਅਤੇ ਸਮਗਲਰਾਂ ਨੂੰ ਸਰਕਾਰ ਬਣਦੇ ਸਾਰ ਜੇਲ੍ਹਾਂ ਵਿਚ ਸੁਟਣ, ਬੇਰੁਜ਼ਗਾਰੀ ਨੂੰ ਖ਼ਤਮ ਕਰਨ, ਸਾਫ਼-ਸੁਥਰਾਂ ਨਿਜ਼ਾਮ ਦੇਣ, ਲੁਟ-ਖਸੁਟ ਖ਼ਤਮ ਕਰਨ, ਨੌਜ਼ਵਾਨਾਂ ਨੂੰ ਮੁਫ਼ਤ ਸਮਾਰਟ ਫੋਨ ਦੇਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਵਾਅਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵੋਟਰਾਂ ਨਾਲ ਬਹੁਤ ਵਡਾ ਧੋਖਾ ਕੀਤਾ । ਇਸ ਵਕਤ ਸਥਿਤੀ ਇਹ ਹੈ ਕਿ ਬਾਦਲ ਦਲ-ਬੀਜੇਪੀ ਦੇ ਰਾਜ ਸਮੇਂ ਜੋ ਅਫ਼ਸਰਸ਼ਾਹੀ ਨੇ ਮਨਮਰਜੀਆਂ ਅਤੇ ਜੋ ਰਿਸ਼ਵਤਖੋਰੀ ਦਾ ਦੌਰ ਚਲਾਇਆ, ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਵੀ ਇਹ ਵਰਤਾਰਾ ਬਾ-ਸੂਰਤ ਜਾਰੀ ਹੈ । ਬਾਦਲ ਦਲ ਵਲੋਂ ਕੀਤੀਆ ਬੇਨਿਯਮੀਆਂ ਜਿਵੇਂ ਵਿਰੋਧੀਆਂ ਤੇ ਝੂਠੇ ਕੇਸ ਦਰਜ ਕਰਵਾਉਣੇ ਅਤੇ ਨਸ਼ਿਆ ਦੇ ਸੌਦਾਗਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਫੜਕੇ ਜੇਲ੍ਹ ਵਿਚ ਸੁਟਣ ਤੋਂ ਹੁਣ ਚੁਪ ਵਟ ਲੈਣ ਤੋਂ ਇਹ ਸਿਧ ਹੁੰਦਾ ਹੈ ਕਿ ਚੋਣਾਂ ਵਿਚ ਬਾਦਲਾਂ, ਬੀਜੇਪੀ ਅਤੇ ਆਰ.ਐਸ.ਐਸ. ਵਲੋਂ ਲਈ ਖੂਫੀਆ ਮਦਦ ਦਾ ਇਵਜਾਨਾ ਹੁਣ ਕੈਪਟਨ ਅਮਰਿੰਦਰ ਸਿੰਘ ਉਤਾਰ ਰਹੇ ਹਨ । ਕਿਉਂਕਿ ਬੀਜੇਪੀ ਅਤੇ ਆਰ.ਐਸ.ਐਸ. ਨਹੀਂ ਚਾਹੁੰਦੀ ਕਿ ਬਾਦਲਾਂ ਖਿਲਾਫ਼ ਕੋਈ ਕੇਸ ਚਲੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲਿਆ ਦੇ ਨਾਮ ਜਗ-ਜ਼ਾਹਰ ਹੋਣ । ਕੁਝ ਅਖ਼ਬਾਰੀ ਰਿਪੋਰਟਾਂ ਤੋਂ ਇਹ ਵੀ ਸਪਸਟ ਹੋ ਗਿਆ ਹੈ ਕਿ ਬਰਗਾੜੀ ਕਾਂਡ ਅਤੇ ਅਨੇਕਾ ਥਾਵਾ ਤੇ ਹੋਈਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਅਸਲ ਦੋਸ਼ੀਆਂ ਦੀ ਪੰਜਾਬ ਪੁਲਿਸ ਦੇ ਕੁਝ ਸੀਨੀਅਰ ਅਫ਼ਸਰਾਂ ਨੇ ਨਿਸ਼ਾਨਦੇਹੀ ਵੀ ਕਰ ਲਈ ਹੈ ਅਤੇ ਇਸੇ ਤਰ੍ਹਾਂ ਮੌੜ ਬੰਬ ਕਾਂਡ ਦੇ ਅਸਲ ਮੁਜ਼ਰਿਮਾਂ ਤਕ ਵੀ ਪਹੁੰਚ ਕਰਕੇ ਪੰਜਾਬ ਪੁਲਿਸ ਨੇ ਪੂਰੀ ਰਿਪੋਰਟ ਤਿਆਰ ਕਰ ਲਈ ਹੈ । ਪਰ ਬੀਜੇਪੀ, ਆਰ.ਐਸ.ਐਸ. ਅਤੇ ਬਾਦਲ ਦਲ ਦੇ ਪ੍ਰਭਾਵ ਤੋਂ ਡਰਦਿਆ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਰਿਪੋਰਟਾਂ ਨੂੰ ਜਨਤਕ ਕਰਨ ਤੋਂ ਵੀ ਹਿਝਕਚਾਹਟ ਕਰ ਰਹੇ ਹਨ । ਇਸ ਤੋਂ ਅਹਿਮ ਪੰਜਾਬ ਦੀ ਮੁਖ ਸਮਸਿਆ ਜ਼ਿੰਮੀਦਾਰਾਂ ਅਤੇ ਖੇਤ-ਮਜ਼ਦੂਰਾਂ ਸਿਰ ਚੜ੍ਹੇ ਕਰੋੜਾਂ-ਰੁਪਏ ਦੇ ਕਰਜੇ ਦੀ ਹੈ । ਇਸ ਕਰਜੇ ਨੂੰ ਸਰਕਾਰ ਬਣਦੇ ਸਾਰ ਕੈਪਟਨ ਸਾਹਿਬ ਨੇ ਮੁਆਫ਼ ਕਰਨ ਦਾ ਵੀ ਭਰੋਸਾ ਦਿਤਾ ਸੀ । ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਜ਼ਿੰਮੀਦਾਰਾਂ ਅਤੇ ਖੇਤ-ਮਜ਼ਦੂਰਾਂ ਨਾਲ ਕਰਜਾ ਮੁਆਫ਼ੀ ਨੂੰ ਲੈਕੇ ਮਜ਼ਾਕ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ । ਕਰਜਾ ਮੁਆਫ਼ ਹੋਣ ਦੀ ਉਮੀਦ ਵਿਚ ਬੈਠੇ ਜ਼ਿੰਮੀਦਾਰਾਂ ਅਤੇ ਖੇਤ-ਮਜ਼ਦੂਰਾਂ ਸਿਰ ਚੜ੍ਹੇ ਸਹਿਕਾਰੀ ਬੈਂਕਾ, ਹੋਰ ਪ੍ਰਾਈਵੇਟ ਅਤੇ ਸਰਕਾਰੀ ਬੈਂਕਾ ਤੋਂ ਇਲਾਵਾ ਆੜਤੀਆਂ ਵਲੋਂ ਲਏ ਕਰਜੇ ਦਾ ਬੋਝ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ । ਜਿਸ ਕਾਰਨ ਅਨੇਕਾ ਜ਼ਿੰਮੀਦਾਰ ਅਤੇ ਖੇਤ-ਮਜ਼ਦੂਰ ਖੁਦਕਸ਼ੀਆਂ ਦਾ ਰਾਹ ਅਪਣਾ ਚੁਕੇ ਹਨ ਅਤੇ ਅਪਣਾ ਰਹੇ ਹਨ । ਪੰਜਾਬ ਦੀ ਪੂਰੀ ਤਰ੍ਹਾਂ ਟੁਟ ਚੁਕੀ ਅਰਥ ਵਿਵਸਥਾਂ ਨੂੰ ਕੈਪਟਨ ਅਮਰਿੰਦਰ ਸਿੰਘ ਕੰਟੋਰਲ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ । ਪਰ ਹੁਣ ਸਥਿਤੀ ਇਹ ਬਣ ਗਈ ਹੈ ਕਿ ਮੇਘਾਲਿਆ, ਤ੍ਰਿਪੁਰਾ ਅਤੇ ਨਾਗਾਲੈਡ ਦੀਆਂ ਹੋਈਆ ਅਸੈਬਲੀ ਚੋਣਾਂ ਵਿਚ ਕਿਸੇ ਵੀ ਸੂਬੇ ਵਿਚ ਕਾਂਗਰਸ ਪਾਰਟੀ ਵਲੋਂ ਸਰਕਾਰ ਨਾ ਬਣਾ ਸਕਣਾ ਇਸੇ ਤਰ੍ਹਾਂ ਇੰਡੀਆਂ ਦੇ ਬਹੁਤ ਸਾਰੇ ਸੂਬਿਆਂ ਵਿਚ ਬੀਜੇਪੀ ਦਾ ਭਾਰੂ ਹੋਣਾ ਕੈਪਟਨ ਅਮਰਿੰਦਰ ਸਿੰਘ ਲਈ ਸੁਭ ਸ਼ਗਨ ਹੈ । ਕਿਉਂਕਿ ਪੰਜਾਬ ਸੂਬੇ ਦਾ ਮੁਖ ਮੰਤਰੀ ਹੋਣ ਦੀ ਬਦੌਲਤ ਕੇਦਰੀ ਕਾਂਗਰਸ ਕਮੇਟੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਵੀ ਗਲੋਂ ਨਰਾਜ਼ ਕਰਨ ਤੋਂ ਬਾਰ-ਬਾਰ ਸੋਚੇਗੀ । ਕਿਉਂਕਿ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਸੂਬੇ ਵਿਚ ਕਾਂਗਰਸ ਦੀ ਮਜ਼ਬੂਤੀ ਨਾਲ ਕੋਈ ਸਰਕਾਰ ਹੋਂਦ ਵਿਚ ਨਹੀਂ ਆ ਸਕੇਗੀ । ਭਵਿਖ ਵਿਚ ਇਹ ਵੀ ਹੋਣ ਦੀ ਸੰਭਾਵਨਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਸੈਂਟਰ ਕਾਂਗਰਸ ਕਮੇਟੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਆਪਣੀ ਪੰਜਾਬ ਕੈਬਨਿਟ ਵਿਚ ਆਪਣੇ ਅਨੁਸਾਰ ਹੀ ਵਾਧਾ ਕਰਨਗੇ । ਪੰਜਾਬ ਦੀਆਂ ਮਾਲੀ ਸਮਸਿਆਵਾਂ ਦਾ ਹਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਨੁਸਾਰ ਇਹ ਹੋ ਸਕਦਾ ਹੈ ਕਿ ਜੋ ਪਾਕਿਸਤਾਨ ਅਤੇ ਚੀਨ ਦਾ ਇਕੋਨੋਮਿਕ ਕੋਰੀਡੋਰ ਬਣਿਆ ਹੈ, ਇਸ ਵਿਚ ਵਾਹਗਾ ਤੇ ਹੂਸੈਨੀਵਾਲਾ ਬੈਰੀਅਰ ਤੋੜਕੇ ਇਕੋਨੋਮਿਕ ਕੋਰੀਡੋਰ ਦਾ ਹਿਸਾ ਬਣਾਇਆ ਜਾਵੇ, ਜਿਸ ਨਾਲ 46 ਲਖ ਬੇਰੁਜ਼ਗਾਰ ਨੌਜ਼ਵਾਨਾਂ ਤੇ ਕਿਸਾਨ-ਖੇਤ-ਮਜ਼ਦੂਰਾਂ ਦੀ ਜੋ ਹਾਲਤ ਬਣ ਗਈ ਹੈ, ਉਸ ਵਿਚ ਸੁਧਾਰ ਹੋਵੇਗਾ, ਟਰੇਡ ਵਧੇਗੀ । ਇਸ ਤੋਂ ਅਗੇ ਨਾਲ ਲਗਦੇ ਅਰਬ ਮੁਲਕਾ ਵਿਚ ਰੁਜ਼ਗਾਰ ਦੇ ਮੌਕੇ ਖੁਲ੍ਹਣਗੇ ਜਿਸ ਨਾਲ ਪੰਜਾਬ ਆਰਥਿਕ ਤੌਰ ਤੇ ਖੁਸ਼ਹਾਲ ਤੇ ਮਜ਼ਬੂਤ ਹੋਵੇਗਾ। ਅਸੀ ਇਹ ਵੀ ਚਾਹੁੰਦੇ ਹਾਂ ਕਿ ਪੰਜਾਬ ਤੇ ਸਿਖ ਜੋ ਬੀਜੇਪੀ-ਆਰ.ਐਸ.ਐਸ. ਪਾਕਿਸਤਾਨ-ਚੀਨ ਦੇ ਨਾਲ ਜੰਗ ਦਾ ਮਾਹੌਲ ਬਣਾ ਰਹੀ ਹੈ, ਇਸ ਦੇ ਵਿਚ ਅਸੀਂ ਜੋਰਦਾਰ ਮਫਾਲਤ ਕਰੀਏ ਕਿਉਂਕਿ ਇੰਡੀਆਂ-ਪਾਕਿਸਤਾਨ ਤੇ ਚੀਨ ਪ੍ਰਮਾਣੂ ਹਥਿਆਰਾਂ ਨਾਲ ਲੈਸ ਤਾਕਤਵਰ ਮੁਲਕ ਹਨ ਅਤੇ ਜੇ ਜੰਗ ਛਿੜੀ ਤਾਂ ਸਿਖ ਕੌਮ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦੇ ਕਛ ਨੂੰ ਮੈਦਾਨ-ਏ-ਜੰਗ ਬਣ ਜਾਣਗੇ। ਜਿਵੇਂ 1947 ਦੇ ਵਿਚ ਸਾਡੀ ਨਸ਼ਲੀ ਸਫ਼ਾਈ ਹੋਈ ਇਸ ਜੰਗ ਨਾਲ ਅਸੀਂ ਸਦੀਆ ਦੇ ਲਈ ਬਰਬਾਦ ਹੋ ਜਾਵਾਂਗੇ। ਸ੍ਰੀ ਨਰਿੰਦਰ ਮੋਦੀ ਦੀ ਕੈਬਨਿਟ ਕਮੇਟੀ ਜਿਹੜੀ ਸਕਿਊਰਟੀ ਵਜੋਂ ਬਣੀ ਹੋਈ ਹੈ, ਉਸ ਵਿਚ ਕੋਈ ਵੀ ਸਿਖ ਨੁਮਾਇੰਦਾ ਨਹੀਂ ਹੈ ਅਤੇ ਪੰਜਾਬ ਦੀ ਨੁਮਾਇੰਦਗੀ ਮੋਦੀ ਵਜਾਰਤ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਕਰਦੇ ਹਨ ਜਿਨ੍ਹਾਂ ਨੂੰ ਸਿਰਫ਼ ਫੂਡ ਪ੍ਰੋਸੈਸਿਗ ਦੀ ਵਜਾਰਤ ਦਿਤੀ ਹੈ ਜਿਵੇਂ ਬਚਿਆਂ ਨੂੰ ਵਰਾਉਣ (ਰੋਣ ਤੋ ਰੋਕਣ ਲਈ) ਟੌਫੀ ਦਿਤੀ ਜਾਂਦੀ ਹੈ। ਅਜਿਹਾ ਕਰਕੇ ਮੋਦੀ ਹਕੂਮਤ ਵਲੋਂ ਸਮੁਚੀ ਸਿਖ ਕੌਮ ਨਾਲ ਬਹੁਤ ਵਡਾ ਮਜ਼ਾਕ ਕੀਤਾ ਜਾ ਰਿਹਾ ਹੈ।

Send this to a friend