‘ਕੈਪਟਨ ਤਾਂ ਸੁੰਤਤਰ ਫੌਜੀ ਹੈ’ ਟਿੱਪਣੀ ਨੇ ਛੇੜੀ ਸ਼ਬਦੀ ਜੰਗ

ਤ੍ਰਿਪੁਰਾ ਵਿੱਚ ਕਮਲ ਖਿੜ੍ਹ ਗਿਆ, ਉਧਰ ਨਾਗਾਲੈਂਡ ਅਤੇ ਮੇਘਾਲਿਆ ’ਚ ਕਮਲ ਖਿੜ੍ਹਨ ਦੇ ਕਿਨਾਰੇ ਹੈ। ਤਿੰਨੇ ਰਾਜਾਂ ਦੇ ਚੋਣ ਨਤੀਜਿਆਂ ਨੇ ਦੇਸ਼ ਦੇ ਨਕਸ਼ੇ ਦੇ ਭਗਵੇਂ ਰੰਗ ਨੂੰ ਹੋਰ ਵੀ ਉਘਾੜ ਦਿੱਤਾ ਹੈ। ਇਸ ਚੋਣ ਦੇ ਨਤੀਜੇ ਨੇ ਸਭ ਤੋਂ ਵੱਡੀ ਸੱਟ ਮਾਰਕਸੀਆਂ ਨੂੰ ਮਾਰੀ ਹੈ। ਖੱਬੇ ਪੱਖੀਆਂ ਦਾ ਇੱਕ ਤਕੜਾ ਕਿਲ੍ਹਾ ਫਤਹਿ ਕਰਕੇ ਭਾਰਤੀ ਜਨਤਾ ਪਾਰਟੀ ਨੇ ਤ੍ਰਿਪੁਰਾ ਦੀ ਸਿਆਸਤ ਵਿੱਚੋਂ ਲਾਲ ਰੰਗ ਮਨਫੀ ਕਰਕੇ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ ਹੈ ਅਤੇ ਤ੍ਰਿਪੁਰਾ ’ਚੋਂ ਮਾਰਕਸੀ ਪਾਰਟੀ ਦੇ 25 ਸਾਲ ਦੇ ਰਾਜ ਦਾ ਅੰਤ ਕਰ ਦਿੱਤਾ ਹੈ। ਨਾਗਾਲੈਂਡ ਵਿੱਚ ਭਾਵੇਂ ਲਟਕਵੀਂ ਵਿਧਾਨ ਸਭਾ ਹੋਂਦ ਵਿੱਚ ਆਈ ਹੈ ਪਰ ਸਰਕਾਰ ਉਥੇ ਵੀ ਭਾਰਤੀ ਜਨਤਾ ਪਾਰਟੀ ਦੀ ਬਣਨ ਦੇ ਆਸਾਰ ਹਨ ਅਤੇ ਅਜਿਹੇ ਹੀ ਆਸਾਰ ਮੇਘਾਲਿਆ ਦੀ 59 ਮੈਂਬਰੀ ਵਿਧਾਨ ਸਭਾ ਸੀਟਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਨਜ਼ਰ ਆ ਰਹੇ ਹਨ। ਆਪਣੀ ਜਿੱਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਪਾਰਟੀ ਦਫਤਰ ਵਿਖੇ ਪਾਰਟੀ ਕਾਰਕੁੰਨਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੁੱਝ ਜ਼ਿਆਦਾ ਹੀ ਉਤਸ਼ਾਹ ਵਿੱਚ ਨਜ਼ਰ ਆਏ। ਕਾਂਗਰਸ ਮੁਕਤ ਭਾਰਤ ਦਾ ਨਾਹਰਾ ਲਾਉਣ ਵਾਲੇ ਸ਼੍ਰੀ ਮੋਦੀ ਨੇ ਕਾਂਗਰਸ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਕੁਝ ਲੋਕਾਂ ਦਾ ਅਹੁਦਾ ਵਧਦਾ ਹੈ ਪਰ ਉਨ੍ਹਾਂ ਦਾ ਕੱਦ ਸੁੰਗੜਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਤੁਲਨਾ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਕਈ ਸੂਬਿਆਂ ਵਿੱਚ ਪਾਰਟੀ ਜਿੱਤਾਂ ਨਾਲ ਕੱਦ ਵਧਿਆ ਹੈ। ਇਸ ਭਾਸ਼ਨ ਵਿੱਚ ਸ਼੍ਰੀ ਮੋਦੀ ਨੇ ਇਕ ਵਿਅੰਗਮਈ ਟਿੱਪਣੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਕਾਂਗਰਸ ਪਾਰਟੀ, ਇਕ ਦੂਜੇ ਨੂੰ ਆਪਣਾ ਸਮਝਦੇ ਹਨ। ਉਹ ਇਕ ਸੁਤੰਤਰ ਫੌਜੀ ਹੈ। ਅਸਲ ਵਿੱਚ ਮੋਦੀ ਸਾਹਿਬ ਇਹ ਕਹਿਣਾ ਚਾਹੁੰਦੇ ਹਨ ਕਿ ਨਾ ਹੀ ਕੈਪਟਨ ਸਾਹਿਬ ਰਾਹੁਲ ਗਾਂਧੀ ਦੀ ਪ੍ਰਵਾਹ ਕਰਦੇ ਹਨ। ਕੈਪਟਨ ਨੂੰ ਇਕ ਆਜ਼ਾਦ ਫੌਜੀ ਕਹਿ ਕੇ ਸੰਬੋਧਨ ਕਰਨਾ ਇਹ ਦਰਸਾਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਲਗ ਰਿਹਾ ਹੈ ਕਿ ਭਾਵੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਪਰ ਇਸ ਸਰਕਾਰ ਦੇ ਮੁੱਖ ਮੰਤਰੀ ਦੀ ਕੇਂਦਰੀ ਲੀਡਰਸ਼ਿਪ ਨਾਲ ਸੁਰ ਪੂਰੀ ਤਰ੍ਹਾਂ ਨਹੀਂ ਮਿਲਦੀ। ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੀ ਲੀਡਰਸ਼ਿਪ ਵੱਲੋਂ ਅਜਿਹਾ ਸੋਚੇ ਜਾਣ ਪਿੱਛੇ ਇਕ ਕਾਰਨ ਇਹ ਹੈ ਕਿ ਰਾਹੁਲ ਗਾਂਧੀ ਦੀ ਤਰਜੀਹ ’ਤੇ ਪੰਜਾਬ ਦੀ ਸਰਕਾਰ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਇਕ ਸਾਲ ਦੇ ਸਮੇਂ ਵਿੱਚ ਰਾਹੁਲ ਗਾਂਧੀ ਤੋਂ ਕਈ ਵਾਰ ਸਮਾਂ ਮੰਗਿਆ ਤਾਂ ਕਿ ਮੁੱਖ ਮੰਤਰੀ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰ ਸਕੇ ਪਰ ਕਾਂਗਰਸ ਪ੍ਰਧਾਨ ਸਮਾਂ ਨਾ ਦੇ ਕੇ ਕੈਪਟਨ ਨੂੰ ਕੋਈ ਹੋਰ ਸੁਨੇਹਾ ਦੇਣਾ ਚਾਹੁੰਦੇ ਹਨ। ਅਜਿਹੇ ਕਈ ਮਸਲੇ ਹਨ ਜਿਨ੍ਹਾਂ ਕਾਰਨ ਮੋਦੀ ਨੇ ਕੈਪਟਨ ’ਤੇ ਤਨਜ਼ ਕੱਸੀ ਹੈ।
ਪ੍ਰਧਾਨ ਮੰਤਰੀ ਦੀ ਇਸ ਵਿਅੰਗਕਾਰੀ ਟਿੱਪਣੀ ਨੇ ਇਕ ਤਰ੍ਹਾਂ ਦੀ ਸ਼ਬਦੀ ਜੰਗ ਛੇੜ ਦਿੱਤੀ ਹੈ। ਮੋਦੀ ਸਾਹਿਬ ਦੀ ਟਿੱਪਣੀ ’ਤੇ ਕੈਪਟਨ ਸਾਹਿਬ ਨੇ ਟਵੀਟ ਕਰਦਿਆਂ ਕਿਹਾ ਕਿ ਮੋਦੀ ਜੀ ਤੁਹਾਨੂੰ ਇਸ ਤਰ੍ਹਾਂ ਕਿਸ ਨੇ ਦੱਸਿਆ। ਕੈਪਟਨ ਨੇ ਲਿਖਿਆ, ‘‘ਮੈਨੂੰ ਯਕੀਨ ਨਹੀਂ ਕਿ ਕਾਂਗਰਸ ਹਾਈ ਕਮਾਨ ਨੇ ਮੇਰੇ ਖਿਲਾਫ ਤੁਹਾਡੇ ਕੋਲ ਸ਼ਿਕਾਇਤ ਕੀਤੀ ਹੈ। ਫਿਰ ਵੀ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੇ ਹੋਛੇ ਬਿਆਨਾਂ ਨਾਲ ਤੁਹਾਨੂੰ ਮੇਰੇ ਅਤੇ ਪਾਰਟੀ ਵਿੱਚ ਪਾੜਾ ਪਾਉਣ ’ਚ ਮੱਦਦ ਨਹੀਂ ਮਿਲੇਗੀ। ਪਾਰਟੀ ਨੂੰ ਮੇਰੇ ’ਤੇ ਅਤੇ ਮੈਨੂੰ ਪਾਰਟੀ ਦੀ ਲੀਡਰਸ਼ਿਪ ’ਤੇ ਭਰੋਸਾ ਹੈ।’’ ਜਿਸ ਭਾਵਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਨੂੰ ਸੁਤੰਤਰ ਫੌਜੀ ਕਹਿ ਕੇ ਵਿਅੰਗ ਕੀਤਾ ਹੈ ਕੈਪਟਨ ਸਾਹਿਬ ਨੇ ਉਸੇ ਭਾਵਨਾ ਨਾਲ ਮੋਦੀ ਨੂੰ ਜਵਾਬ ਦਿੱਤਾ ਹੈ। ਉਂਜ ਇਹ ਗੱਲ ਤਾਂ ਸਪੱਸ਼ਟ ਹੈ ਕਿ ਭਾਰਤੀ ਜਨਤਾ ਪਾਰਟੀ ਆਪਣਾ ਜਿੱਤ ਦਾ ਰੱਥ ਸਾਰੇ ਭਾਰਤ ਵਿੱਚ ਫੇਰਨਾ ਚਾਹੁੰਦੀ ਹੈ ਅਤੇ ਸਾਰੇ ਹਿੰਦੂਸਤਾਨ ਦਾ ਰੰਗ ਭਗਵਾਂ ਕਰਨਾ ਚਾਹੁੰਦੀ ਹੈ। ਤ੍ਰਿਪੁਰਾ ਦੀ ਜਿੱਤ ਨੇ ਭਾਜਪਾ ਨੂੰ ਪਰੇਰਤ ਕੀਤਾ ਹੈ ਅਤੇ ਹੁਣ ਭਾਜਪਾ ਹਰਿਆਣਾ ਅਤੇ ਜੰਮੂ-ਕਸ਼ਮੀਰ ਤੋਂ ਬਾਅਦ ਪੰਜਾਬ ਵਿੱਚ ਕਮਲ ਖਿੜਾਉਣਾ ਚਾਹੁੰਦੀ ਹੈ।

Send this to a friend