ਫਗਵਾੜਾ, 5 ਮਾਰਚ (ਅਸ਼ੋਕ ਸ਼ਰਮਾ, ਪਰਵਿੰਦਰ ਜੀਤ ਸਿੰਘ)- ਜੀਵਨ ਵਿੱਚ ਜੋ ਵੀ ਕੰਮ ਕੀਤਾ ਜਾਏ ਜਰੂਰੀ ਨਹੀਂ ਕਿ ਉਸ ਵਿੱਚ ਹਰ ਕੋਈ 100 ਫੀਸਦੀ ਪਰਫੈਕਟ ਹੋਏ ਬਲਕਿ ਕੰਮ ਵਿੱਚ ਸੰਤੁਸ਼ਟੀ ਹੋਣਾ ਬਹੁਤ ਜਰੂਰੀ ਹੈ। ਇਹ ਸ਼ਬਦ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ 29 ਵੇਂ ਦੰਦਾਂ ਦੇ ਪੰਦਰਵਾੜੇ ਦੇ ਸਮਾਪਨ ਸਮਾਰੋਹ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੀਵਨ ਦੀਆਂ ਛੋਟੀਆਂ ਪੁਲਾਂਘਾਂ ਹੀ ਵੱਡੀ ਸਫਲਤਾ ਦੀ ਨਿਸ਼ਾਨੀ ਹੈ। ਉਨ੍ਹਾਂ ਸਿਹਤ ਵਿਭਾਗ ਵੱਲੋਂ ਤੇ ਡੈਂਟਲ ਵਿਭਾਗ ਵੱਲੋਂ ਲੋਕਾਂ ਦੀ ਸਿਹਤ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਜੁਰਗਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਅਤੇ ਨਸ਼ਿਆਂ ਦਾ ਕੋਹੜ ਵਡਣ ਲਈ ਵਚਨਬੱਧ ਹੈ। ਉਨ੍ਹਾਂ ਡੈਂਟਲ ਵਿਭਾਗ ਦੇ ਡਾਕਟਰਾਂ ਨੂੰ ਸਕੂਲ਼ੀ ਬੱਚਿਆਂ ਨੂੰ ਦੰਦਾਂ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਪ੍ਰੇਰਿਆ ਤੇ ਕਿਹਾ ਕਿ ੳਰਲ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਜੋ ਬੀੜਾ ਵਿਭਾਗ ਨੇ ਚੁੱਕਿਆ ਹੈ ਉਹ ਕਾਬਿਲੇ ਤਾਰੀਫ ਹੈ। ਸਿਵਲ ਸਰਜਨ ਡਾ. ਹਰਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਡੈਂਟਲ ਵਿਭਾਗ ਆਪਣੀ ਮਿਹਨਤ ਸਦਕਾ ਦੋ ਵਾਰ ਸਟੇਟ ਐਵਾਰਡ ਹਾਸਲ ਕਰ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਕੋਸ਼ਿਸ਼ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਸਿਹਤ ਸਹੂਲਤਾਂ ਮਿਲੀਆਂ ਹਨ ਉਨ੍ਹਾਂ ਤੋਂ ਵਾਂਝੇ ਨਾ ਰਹਿਣ। ਉਨ੍ਹਾਂ ਸਿਹਤ ਵਿਭਾਗ ਦੀਆਂ ਗਤੀਵਿਧੀਆਂ ਤੇ ਚਾਨਣਾ ਵੀ ਪਾਇਆ। ਉਨ੍ਹਾਂ ਮੁੱਖ ਮਹਿਮਾਨ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕੀਤਾ। ਜਿਲਾ ਡੈਂਟਲ ਅਧਿਕਾਰੀ ਡਾ. ਸੁਰਿੰਦਰ ਮੱਲ ਸਟੇਟ ਵੱਲੋਂ ਜਿਲਾ ਕਪੂਰਥਲਾ ਨੂੰ 110 ਬੀੜ ਬਣਾਉਣ ਦਾ ਟੀਚਾ ਦਿੱਤਾ ਗਿਆ ਸੀ ਪਰ ਜਿਲੇ ਦੀ ਡੈਂਟਲ ਟੀਮ ਦੀ ਅਣਥੱਕ ਮਿਹਨਤ ਸਦਕਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਿਰਧਾਰਿਤ ਟੀਚੇ ਨੂੰ ਪਾਰ ਕਰਦਿਆਂ 256 ਦੰਦਾਂ ਦੇ ਬੀੜ ਬਣਾਏ ਗਏ।ਉਨ੍ਹਾਂ ਇਹ ਵੀ ਦੱਸਿਆ ਕਿ 12 ਫਰਵਰੀ ਤੋਂ 26 ਫਰਵਰੀ ਤੱਕ ਚੱਲੇ ਇਸ ਪੰਦਰਵਾੜੇ ਦੌਰਾਨ 4371 ਮਰੀਜਾਂ ਦੇ ਦੰਦਾਂ ਦਾ ਮੁਆਇਨਾ ਕੀਤਾ ਗਿਆ। ਇਹੀ ਨਹੀਂ ਮੈਡੀਕਲ ਮੋਬਾਈਲ ਯੂਨਿਟ ਰਾਹੀਂ ਸਲਮ ਏਰੀਆ ਵਿੱਚ ਜਾ ਜਾ ਕੇ ਉਰਲ ਕੈਂਸਰ ਦੇ ਮਰੀਜਾਂ ਦੀ ਸਕਰੀਨਿੰਗ ਕੀਤੀ ਗਈ ਜਿਸ ਰਾਹੀਂ 10 ਮਰੀਜਾਂ ਵਿੱਚ ਉਰਲ ਕੈਂਸਰ ਦੇ ਸ਼ੁਰੂਆਤੀ ਲੱਛਣ ਪਾਏ ਗਏ।ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਡੈਂਟਲ ਵਿਭਾਗ ਇਸੇ ਮਿਹਤਨਤ ਨਾਲ ਕੰਮ ਕਰਦਾ ਰਹੇਗਾ।
ਇਸ ਮੌਕੇ ਤੇਡਾ. ਗੁਰਦੇਵ ਭੱਟੀ ਵੱਲੋਂ ਮੰਚ ਸੰਚਾਲਨ ਕੀਤਾ ਗਿਆ। ਉਨ੍ਹਾਂ ਵਿਭਾਗ ਦੀਆਂ ਗਤੀਵਿਧੀਆਂ ‘ਤੇ ਚਾਨਣਾ ਪਾਇਆ। ਇਸ ਮੌਕੇ ਤੇ ਰਕਤ ਸੰਸਥਾ ਤੋਂ ਕਰਨ ਮਹਾਜਨ, ਸ਼੍ਰੀ ਪ੍ਰਾਣਨਾਥ ਜਾਗਨੀ ਸੇਵਾ ਸਮਿਤੀ ਲੁਧਿਆਣਾ ਤੋਂ ਦੇਵਿਸ਼ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਅਨੂਪ ਕੁਮਾਰ, ਫੂਡ ਸੇਫਟੀ ਕਮਿਸ਼ਨਰ ਡਾ. ਹਰਜੋਤਪਾਲ ਸਿੰਘ, ਜਿਲਾ ਮਾਸ ਮੀਡੀਆ ਅਫਸਰ ਪਰਮਜੀਤ ਕੌਰ, ਜਿਲਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਨੀਲਮ ਤੋਂ ਇਲਾਵਾ ਹੋਰ ਹਾਜ਼ਰ ਸਨ।