May 26, 2026 9:42 am

ਹੋਲੇ ਮਹੱਲੇ ਦੌਰਾਨ ਗੁੰਮ ਹੋਇਆ ਬੱਚਾ ਪ੍ਰੀਵਾਰ ਦੇ ਸਪੁਰਦ ਕੀਤਾ

ਸ੍ਰੀ ਅਨੰਦਪੁਰ ਸਾਹਿਬ, 4 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਕੌਮੀ ਤਿਉਹਾਰ ਹੋਲੇ ਮਹੱਲੇ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ ਆਏ ਸੰਗਤਾਂ ਦੇ ਹੜ ਦਰਮਿਆਨ ਅੰਬਾਲਾ ਸ਼ਹਿਰ ਤੋਂ ਆਏ ਹੋਏ ਇੱਕ ਪ੍ਰੀਵਾਰ ਦਾ ਤਿੰਨ ਸਾਲਾ ਬੱਚਾ ਜਿਸ ਦਾ ਨਾਮ ਦੇਬੂ ਸਿੰਘ ਆਪਣੇ ਮਾਪਿਆਂ ਤੋਂ 28 ਫਰਵਰੀ 2018 ਨੂੰ ਵਿਛੜ ਗਿਆ। ਪ੍ਰੀਵਾਰ ਨੇ ਕਾਫੀ ਸ਼ਿੱਦਤ ਨਾਲ ਬੱਚੇ ਦੀ ਭਾਲ ਕੀਤੀ ਪਰੰਤੂ ਅਸਫਲ ਰਹਿਣ ਤੋਂ ਬਆਦ ਪੁਲਿਸ ਚੌਂਕੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਅਤੇ ਸਥਾਨਕ ਸਮਾਚਾਰ ਪੱਤਰਾਂ ਵਿੱਚ ਵੀ ਗੁੰਮਸ਼ੁਦਗੀ ਦੀ ਖਬਰ ਛਪਵਾਈ। ਗੁੰਮਸ਼ੁਦਾ ਬੱਚਾ ਕੁਝ ਦਿਆਨਦਾਰ ਇਨਸਾਨਾਂ ਦੁਆਰਾ ਹੱਥੋ ਹੱਥ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੇ ਬਾਹਰ ਬਾਰ ਚਰਨਗੰਗਾ ਕਿਨਾਰੇ ਝੁੰਗੀਆਂ ਵਿੱਚ ਰਹਿਣ ਵਾਲੇ ਪ੍ਰੀਵਾਰ ਪਾਸ ਪਹੁੰਚਿਆ।
ਸਦਕੇ ਜਾਈਏ ਇਸ ਇਮਾਨਦਾਰ ਪ੍ਰੀਵਾਰ ਦੇ ਜਿਸ ਨੇ ਗੁੰਮਸ਼ੁਦਾ ਬੱਚੇ ਨੂੰ ਆਪਣੇ ਬੱਚਿਆਂ ਵਾਂਗ ਹੀ ਸੰਭਾਲ ਕੇ ਰੱਖਿਆ ਅਤੇ ਮਿਤੀ 03-03-18 ਨੂੰ ਇਹ ਪ੍ਰੀਵਾਰ ਬੱਚੇ ਦੇ ਮਾਪਿਆਂ ਦੀ ਭਾਲ ਵਿੱਚ ਦਫਤਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੇ ਬੜੀ ਮੁਸ਼ੱਕਤ ਕਰਕੇ ਬੱਚੇ ਦੇ ਮਾਪਿਆਂ ਦਾ ਪਤਾ ਲਗਾਇਆ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਰਣਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸਰਬਜੀਤ ਸਿੰਘ ਇੰਚਾਰਜ ਪੁਲਿਸ ਚੌਂਕੀ ਵੱਲੋਂ ਬੱਚਾ ਉਨ੍ਹਾਂ ਦੇ ਪ੍ਰੀਵਾਰ ਨੂੰ ਸੌਂਪਿਆ ਗਿਆ।
ਸ੍ਰੋਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਰਣਜੀਤ ਸਿੰਘ ਮੈਨੇਜਰ ਨੇ ਨਿੱਜੀ ਦਿਲਚਸਪੀ ਲੈਂਦੇ ਹੋਏ ਇਨ੍ਹਾਂ ਦਿਨਾਂ ਦੌਰਾਨ ਬੱਚੇ ਨੂੰ ਸੰਭਾਲਣ ਵਾਲੇ ਇਸ ਇਮਾਨਦਾਰ ਗਰੀਬ ਪ੍ਰੀਵਾਰ ਨੂੰ ਮੌਕੇ ਤੇ 10000/-ਰੁ. ਨਗਦੀ ਹੋਸਲਾ ਅਫਜਾਈ ਕਰਦੇ ਹੋਏ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਸਮੁੱਚੇ ਇਲਾਕੇ ਵਿੱਚ ਇਸ ਪ੍ਰੀਵਾਰ ਦੀ ਇਮਾਨਦਾਰੀ ਦੀ ਖੂਬ ਚਰਚਾ ਹੋ ਰਹੀ ਹੈ। ਇਸ ਮੌਕੇ ਉਕਤ ਤੋਂ ਇਲਾਵਾ ਐਡਵੋਕੇਟ ਹਰਦੇਵ ਸਿੰਘ, ਦਲਜੀਤ ਸਿੰਘ ਮੁਨਸ਼ੀ, ਮਲਕੀਤ ਸਿੰਘ, ਹਰਮੰਦਰ ਸਿੰਘ ਐਸ.ਕੇ, ਆਦਿ ਹਾਜ਼ਰ ਸਨ।

Send this to a friend