ਫ਼ਰੀਦਕੋਟ, 3 ਮਾਰਚ (ਗੁਰਜੀਤ ਰੋਮਾਣਾ)-ਪੰਜਾਬ ਸਰਕਾਰ ਵਲੋਂ ਘਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੂਰੀ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਸਰਕਾਰ ਵਲੋਂ ਪੰਜਾਬ ਦੀਆਂ ਵਖ ਵਖ ਤਕਨੀਕੀ ਸੰਸਥਾਵਾਂ ਵਿਚ ਲਗਾਏ ਗਏ ਰੁਜ਼ਗਾਰ ਮੇਲਿਆਂ ਵਿਚ ਹੁਣ ਤਕ 46500 ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਮੁਹਈਆ ਕਰਵਾਈਆਂ ਗਈਆਂ ਹਨ। ਇਹ ਪ੍ਰਗਟਾਵਾ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਆਦੇਸ਼ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਰਾਜ ਪਧਰੀ ਮੈਗਾ ਰੁਜ਼ਗਾਰ ਮੇਲੇ ਦਾ ਉਦਘਾਟਨ ਕਰਨ ਉਪਰੰਤ ਵਿਸ਼ਾਲ ਇਕਠ ਨੂੰ ਸੰਬੋਧਨ ਕਰਦਿਆ ਕਿਹਾ ਕੇ ਆਦੇਸ਼ ਗਰੁਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਗੁਰਫ਼ਤਿਹ ਸਿੰਘ ਦੀ ਸ਼ਲਾਘਾ ਕਰਦਿਆ ਕਿਹਾ ਕਿ ਅਜ ਦੇ ਇਸ ਮੈਗਾ ਰੁਜ਼ਗਾਰ ਮੇਲੇ ਵਿਚ 4 ਹਜਾਰ ਦੇ ਕਰੀਬ ਬੇਰੁਜ਼ਗਾਰਾਂ ਵਲੋਂ ਵਖ ਵਖ ਕੰਪਨੀਆਂ ਕੋਲ ਆਪਣੀ ਰਜਿਸਟਰੇਸ਼ਨ ਕਰਵਾਈ ਗਈ ਹੈ ਜਿਸ ਤਹਿਤ ਇਕ ਹਜਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪਤਰ ਸੌਂਪੇ ਗਏ। ਉਨ੍ਹਾਂ ਨੌਜਆਨਾਂ ਨੂੰ ਵਡੇ ਟੀਚੇ ਰਖ ਕੇ ਅਗੇ ਵਧਣ ਲਈ ਪ੍ਰੇਰਦਿਆਂ ਕਿਹਾ ਕਿ ਇਨਸਾਨ ਨੂੰ ਆਪਣੇ ਜੀਵਨ ਵਿਚ ਨਿਰੰਤਰ ਸਿਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਸ. ਚਰਨਜੀਤ ਸਿੰਘ ਚੰਨੀ ਨੇ ਇਹ ਵੀ ਦਸਿਆ ਕਿ ਪੰਜਾਬ ਸਰਕਾਰ ਦੇ ਤਕਨੀਕੀ ਸਿਖਿਆ ਵਿਭਾਗ ਵਲੋਂ ਆਗਾਮੀ ਵਿਦਿਅਕ ਸੈਸ਼ਨ ਤੋਂ ਆਈ.ਟੀ.ਆਈ ਅਤੇ ਪੋਲੀਟੈਕਨਿਕ ਸੰਸਥਾਵਾਂ ਵਿਚ ਸਿਲੇਬਸ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਮਾਧਿਅਮ ਵਿਚ ਪੜ੍ਹਾਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਹ ਸਹੂਲਤ ਬਾਅਦ ਵਿਚ ਪੀ.ਐਚ.ਡੀ ਤਕ ਦੇ ਕੋਰਸਾਂ ਵਿਚ ਵੀ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ ਇਤਿਹਾਸਕ ਹੈ ਅਤੇ ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਅਤੇ ਵਿਕਾਸ ਵਿਚ ਵੀ ਮੀਲ-ਪਥਰ ਸਾਬਤ ਹੋਵੇਗਾ।ਇਸ ਮੌਕੇ ਫ਼ਰੀਦਕੋਟ ਦੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿਲੋਂ,ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਕੇਸ਼ਵ ਹਿੰਗੋਨੀਆ, ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ, ਐਸ.ਡੀ.ਐਮ ਸ. ਗੁਰਜੀਤ ਸਿੰਘ,ਧਨਜੀਤ ਸਿੰਘ ਧਨੀ ਕਾਂਗਰਸ ਆਗੂ, ਡਾ. ਬੀ.ਪੀ.ਗਰਗ,ਪ੍ਰਿੰਸੀਪਲ ਮਾਲਵਾ ਬਲਕਾਰ ਸਿੰਘ,ਕੰਵਲਜੀਤ ਸਿੰਘ ਡਾਲਰ,ਪ੍ਰੋ ਤਰੁਣ ਸ਼ਰਮਾ,ਮਨਦੀਪ ਮੈਂਡੀ ਸੇਖੋਂ ਸਮੇਤ ਵਡੀ ਗਿਣਤੀ ਵਿਚ ਪ੍ਰਾਈਵੇਟ ਕੰਪਨੀਆਂ ਦੇ ਨੁਮਾਇੰਦੇ ਹਾਜ਼ਰ ਸਨ।