ਡਾ. ਰਾਜਵੰਤ ਕੌਰ ‘ਪੰਜਾਬੀ’ ਵੱਲੋਂ ਗਾਇਕਾ ਰਣਜੀਤ ਕੌਰ ਨੂੰ ਪੁਸਤਕ ਭੇਂਟ

ਪਟਿਆਲਾ, 27 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਅੱਜ 27.2.2018 ਨੂੰ ਪੰਜਾਬ ਦੀ ਉਘੀ ਗਾਇਕੀ ਰਣਜੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਦੇ ਗ੍ਰਹਿ ਵਿਖੇ ਪੁੱਜੇ ਜਿੱਥੇ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ‘ਪੰਜਾਬੀ’ ਵੱਲੋਂ ਪਾਕਿਸਤਾਨੀ ਪੰਜਾਬੀ ਫ਼ਿਲਮਾਂ ਨਾਲ ਸੰਬੰਧਤ ਲਿਪੀਅੰਤਰ ਕੀਤੀ ਪੰਜਾਬੀ ਪੁਸਤਕ ‘ਗੀਤਾਂ ਦੀ ਗੂੰਜ’ ਭੇਂਟ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਹ ਪੁਸਤਕ ਪਾਕਿਸਤਾਨ ਵਿਚ 1947 ਤੋਂ ਲੈ ਕੇ 2006 ਤੱਕ ਬਣੀਆਂ ਪੰਜਾਬੀਆਂ ਫ਼ਿਲਮਾਂ, ਉਨ੍ਹਾਂ ਦੇ ਗੀਤਾਂ, ਗਾਇਕ-ਗਾਇਕਾਵਾਂ, ਗੀਤਕਾਰਾਂ, ਸੰਗੀਤਕਾਰਾਂ ਆਦਿ ਬਾਰੇ ਭਰਪੂਰ ਚਾਨਣਾ ਪਾਉਂਦੀ ਹੈ। ਇਸ ਪੁਸਤਕ ਸੰਬੰਧੀ ਗਾਇਕਾ ਰਣਜੀਤ ਕੌਰ ਨੇ ਕਿਹਾ ਕਿ ਪੰਜਾਬੀ ਗੀਤ ਸੰਗੀਤ ਨਾਲ ਮੱਸ ਰੱਖਣ ਵਾਲੇ ਸ਼ੌਕੀਨਾਂ ਲਈ ਇਹ ਪੁਸਤਕ ਇਕ ਅਜਿਹਾ ਵਡਮੁੱਲਾ ਤੋਹਫ਼ਾ ਹੈ ਜੋ ਸਾਂਝੇ ਪੰਜਾਬ ਦੀ ਰਹਿਤਲ ਅਤੇ ਵਿਰਾਸਤ ਨੂੰ ਮੁੜ ਜ਼ਿੰਦਾ ਕਰ ਦਿੰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅਜੋਕੀ ਨਵੀਂ ਪੀੜ੍ਹੀ ਨੂੰ ਸਾਹਿਤਕ ਅਤੇ ਪਰਿਵਾਰਕ ਗੀਤਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਇਸ ਦੌਰਾਨ ਉਹਨਾਂ ਆਪਣੇ ਵੇਲਿਆਂ ਦੀ ਗਾਇਕੀ ਬਾਰੇ ਵੀ ਭਰਪੂਰ ਗੱਲਾਂ ਬਾਤਾਂ ਕੀਤੀਆਂ। ਉਹਨਾਂ ਨੇ ਆਪਣੀ ਗਾਇਕੀ ਦੇ ਸਫ਼ਰ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਅਤੇ ਗੀਤਾਂ ਦੇ ਬੋਲ ਵੀ ਸਾਂਝੇ ਕੀਤੇ। ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਗਾਇਕਾ ਰਣਜੀਤ ਕੌਰ ਦਾ ਉਹਨਾਂ ਦੇ ਗ੍ਰਹਿ ਵਿਖੇ ਆ ਕੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਵਿਚ ਹਰ ਇਕ ਨੂੰ ਬਣਦਾ ਹਿੱਸਾ ਪਾਉਣ ਦੀ ਜੋ ਗੱਲ ਕੀਤੀ ਹੈ, ਉਹ ਸਾਰਿਆਂ ਲਈ ਪ੍ਰੇਰਣਾਦਾਇਕ ਹੈ। ਇਸ ਮੌਕੇ ਸ੍ਰੀਮਤੀ ਰਣਜੀਤ ਕੌਰ ਨਾਲ ਗੁਰਦਾਸ ਸਿੰਘ (ਇਟਲੀ) ਤੋਂ ਇਲਾਵਾ ਸ੍ਰੀ ਤੀਰਥ ਰਾਮ ਸਰਮਾਲ, ਸ੍ਰੀਮਤੀ ਵਿਜੈ ਕੁਮਾਰੀ, ਦੇਵਦਰਸ਼ਨਦੀਪ ਸਿੰਘ ਅਤੇ ਖੋਜਾਰਥਣ ਹਰਮੀਤ ਕੌਰ ਆਦਿ ਵੀ ਸ਼ਾਮਿਲ ਸਨ।

Send this to a friend