ਬੱਚਿਆਂ ਦੀ ਵੱਧ ਰਹੀ ਹਿੰਸਾ ਦੀ ਪ੍ਰਵਿਰਤੀ ਰੋਕਣੀ ਜ਼ਰੂਰੀ

ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਵਿਵਹਾਰ ਨਾਲ ਸਬੰਧਤ ਦੋ ਖਬਰਾਂ ਸਭ ਦਾ ਧਿਆਨ ਮੰਗਦੀਆਂ ਹਨ। ਪਹਿਲੀ ਖਬਰ ਗਿੱਦੜਬਾਹਾ ਹਲਕੇ ਦੇ ਪਿੰਡ ਗੁਰੂਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਲ ਸਬੰਧਤ ਹੈ। ਇਸ ਸਕੂਲ ਵਿੱਚ ਪੜ੍ਹਦੇ ਅੱਠਵੀਂ ਦੇ ਵਿਦਿਆਰਥੀ ਨੇ ਆਪਣੇ ਅਧਿਆਪਕ ਨਰਿੰਦਰਪਾਲ ਸਿੰਘ ਨੂੰ ਇੱਟ ਮਾਰਕੇ ਜ਼ਖਮੀ ਕਰ ਦਿੱਤਾ। ਅਧਿਆਪਕ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਬਾਰੇ ਸਕੂਲ ਸਟਾਫ ਦਾ ਕਹਿਣਾ ਹੈ ਕਿ ਜਦੋਂ ਅਧਿਆਪਕ ਨਰਿੰਦਰਪਾਲ ਸਿੰਘ ਨੇ ਖੇਤੀਬਾੜੀ ਦੇ ਪੀਰੀਅਡ ਦੌਰਾਨ ਵਿਦਿਆਰਥੀ ਨੂੰ ਕਲਾਸ ਦੇ ਬਾਹਰ ਪੌੜੀਆਂ ’ਤੇ ਬੈਠਾ ਵੇਖਿਆ ਤਾਂ ਉਸ ਨੂੰ ਝਿੜਕ ਦਿੱਤਾ ਅਤੇ ਕਲਾਸ ਵਿੱਚ ਜਾਣ ਦਾ ਆਦੇਸ਼ ਦਿੱਤਾ। ਬੱਚੇ ਨੇ ਨਾ ਸਿਰਫ ਅਧਿਆਪਕ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸਗੋਂ ਅਧਿਆਪਕ ਨੂੰ ਗਾਲ੍ਹ ਵੀ ਕੱਢ ਦਿੱਤੀ। ਅਧਿਆਪਕ ਨੇ ਬੱਚੇ ਨੂੰ ਬਾਹੋਂ ਫੜ ਲਿਆ ਅਤੇ ਵਿਦਿਆਰਥੀ ਨੇ ਗੁੱਸੇ ਵਿੱਚ ਆ ਕੇ ਅਧਿਆਪਕ ਨੂੰ ਇੱਟ ਮਾਰਕੇ ਜ਼ਖਮੀ ਕਰ ਦਿੱਤਾ। ਸਕੂਲ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਦੌਲਾ ਮੁਤਾਬਿਕ ਬੱਚੇ ਨੂੰ ਪੁਲਿਸ ਹਵਾਲੇ ਕਰਕੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ। ਹੋਰ ਅਧਿਆਪਕਾਂ ਨੇ ਦੱਸਿਆ ਕਿ ਇਸ ਵਿਦਿਆਰਥੀ ਵੱਲੋਂ ਪਹਿਲਾਂ ਵੀ ਇਸ ਕਿਸਮ ਦੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ। ਦੂਜੇ ਪਾਸੇ ਉਕਤ ਵਿਦਿਆਰਥੀ ਨੇ ਕਿਹਾ ਕਿ ਅਧਿਆਪਕ ਨੇ ਉਸ ਨੂੰ ਬਿਨਾਂ ਕਸੂਰ ਤੋਂ ਕੁੱਟਿਆ ਸੀ ਜਿਸ ਕਾਰਨ ਉਸ ਨੂੰ ਗੁੱਸਾ ਆ ਗਿਆ। ਵਿਦਿਆਰਥੀ ਦਾ ਪਿਤਾ ਵੀ ਬੱਚੇ ਦੇ ਗੁਸੇਲੇ ਸੁਭਾਅ ਤੋਂ ਦੁਖੀ ਹੈ।
ਸਕੂਲੀ ਬੱਚਿਆਂ ਨਾਲ ਸਬੰਧਤ ਦੂਜੀ ਖਬਰ ਗੁਰੂਗ੍ਰਾਮ ਤੋਂ ਹੈ ਇੱਥੋਂ ਦੇ ਇੱਕ ਨਾਮੀ ਸਕੂਲ ਦੇ 13 ਵਰ੍ਹਿਆਂ ਦੇ ਵਿਦਿਆਰਥੀ ਵੱਲੋਂ ਅਧਿਆਪਕਾ ਅਤੇ ਉਸਦੀ ਸਕੂਲ ’ਚ ਪੜ੍ਹਦੀ ਧੀ ਨੂੰ ਜਬਰ ਜਨਾਹ ਕਰਨ ਦੀ ਫੇਸਬੁੱਕ ’ਤੇ ਧਮਕੀ ਦਿੱਤੀ ਗਈ ਹੈ। ਇੱਥੇ ਹੀ ਬੱਸ ਨਹੀਂ ਇੱਕ ਹੋਰ ਵਿਦਿਆਰਥੀ ਨੇ ਅਧਿਆਪਕ ਨੂੰ ਈ-ਮੇਲ ਕਰਕੇ ਉਸ ਨਾਲ ਬਾਹਰ ਜਾਣ ਅਤੇ ਸਰੀਰਕ ਸਬੰਧ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਮਾਮਲਾ ਭਖਣ ਮਗਰੋਂ ਜ਼ਿਲ੍ਹਾ ਬਾਲ ਭਲਾਈ ਕਮੇਟੀ ਨੇ ਸਕੂਲ ਨੂੰ ਨੋਟਿਸ ਜਾਰੀ ਕੀਤਾ ਹੈ। ਉਕਤ ਦੋਵੇਂ ਖਬਰਾਂ ਤਾਂ 22 ਫਰਵਰੀ 2018 ਦੇ ਅਖ਼ਬਾਰ ਦੀਆਂ ਸੁਰਖੀਆਂ ਬਣੀਆਂ ਹਨ। ਬੱਚਿਆਂ ਵੱਲੋਂ ਸਕੂਲ ਵਿੱਚ ਕੀਤੀ ਜਾ ਰਹੀ ਹਿੰਸਾ ਦੀਆਂ ਖਬਰਾਂ ਅਕਸਰ ਸੁਣਨ ਨੂੰ ਮਿਲ ਜਾਂਦੀਆਂ ਹਨ। ਅਮਰੀਕਾ ਵਿੱਚ ਇੱਕ ਸਕੂਲ ਦੇ ਸਾਬਕਾ ਵਿਦਿਆਰਥੀ ਨੇ ਅੰਨੇ ਵਾਹ ਗੋਲੀਆਂ ਚਲਾ ਕੇ 17 ਬੱਚਿਆਂ ਦੀ ਜਾਨ ਲੈ ਲਈ। ਅਮਰੀਕਾ ਅਤੇ ਹੋਰ ਦੇਸ਼ਾਂ ਵਾਂਗ ਇਸ ਕਿਸਮ ਦੀ ਹਿੰਸਾ ਹੁਣ ਭਾਰਤ ਵਿੱਚ ਆਮ ਵਰਤਾਰਾ ਬਣਦੀ ਜਾ ਰਹੀ ਹੈ। ਦਿੱਲੀ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਮਾਸੂਮ ਵਿਦਿਆਰਥੀ ਦਾ ਕਤਲ ਅਜੇ ਤੱਕ ਚਰਚਾ ਵਿੱਚ ਹੈ। ਯਮਨਾਨਗਰ ਵਿੱਚ ਇੱਕ ਵਿਦਿਆਰਥੀ ਨੇ ਆਪਣੇ ਹੀ ਸਕੂਲ ਦੀ ਪ੍ਰਿੰਸੀਪਲ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਹ ਤਾਜ਼ੀਆਂ ਘਟਨਾਵਾਂ ਹਨ। ਅਜਿਹੀਆਂ ਘਟਨਾਵਾਂ ਦੀ ਸੂਚੀ ਬਹੁਤ ਲੰਬੀ ਹੈ।
ਸਵਾਲ ਇਹ ਉਠਦਾ ਹੈ ਕਿ ਸਕੂਲੀ ਬੱਚਿਆਂ ਦਾ ਵਿਵਹਾਰ ਹਿੰਸਾਤਮਕ ਕਿਉਂ ਹੁੰਦਾ ਜਾ ਰਿਹਾ ਹੈ। ਘਰ-ਪਰਿਵਾਰ ਵਿੱਚ ਹੋ ਰਹੇ ਲੜਾਈ ਝਗੜੇ ਅਤੇ ਮਾਰ ਕੁਟਾਈ ਬੱਚਿਆਂ ਦੇ ਮਨ ’ਤੇ ਅਸਰ ਪਾਉਂਦੀ ਹੈ। ਕੀ ਮੀਡੀਆ ’ਤੇ ਵਿਖਾਈ ਹਿੰਸਾ ਤੋਂ ਬੱਚੇ ਪ੍ਰੇਰਿਤ ਹੋ ਜਾਂਦੇ ਹਨ ਜਾਂ ਫਿਰ ਬੱਚਿਆਂ ’ਤੇ ਸੰਗਤ ਦਾ ਅਸਰ ਹੁੰਦਾ ਹੈ। ਕੀ ਅਧਿਆਪਕਾਂ ਵੱਲੋਂ ਵੀ ਜ਼ਿਆਦਤੀ ਬੱਚੇ ਨੂੰ ਹਿੰਸਾਤਮਕ ਬਣਾ ਦਿੰਦੀ ਹੈ। ਕੀ ਸਾਡੇ ਅਧਿਆਪਕ ਬੱਚੇ ਦੇ ਆਤਮ ਸਨਮਾਨ ਦਾ ਖਿਆਲ ਨਹੀਂ ਕਰਦੇ। ਬੱਚੇ ਆਪਣੀ ਬੇਇੱਜ਼ਤੀ ਮਹਿਸੂਸ ਕਰ ਲੈਂਦੇ ਹਨ ਜਾਂ ਜਦੋਂ ਉਹ ਦੂਜੇ ਬੱਚਿਆਂ ਦਾ ਮਜ਼ਾਕ ਦਾ ਮੌਜੂ ਬਣਦੇ ਹਨ ਤਾਂ ਉਹ ਭੜਕ ਜਾਂਦੇ ਹਨ ਅਤੇ ਝਗੜਾਲੂ ਹੋ ਜਾਂਦੇ ਹਨ। ਇਹ ਕੁਝ ਅਜਿਹੇ ਸਵਾਲ ਹਨ ਜੋ ਅਧਿਆਪਕਾਂ ਅਤੇ ਮਾਪਿਆਂ ਦੇ ਧਿਆਨ ਦੀ ਮੰਗ ਕਰਦੇ ਹਨ। ਧਿਆਨ ਦੇ ਨਾਲ-ਨਾਲ ਬੱਚਿਆਂ ਨੂੰ ਪਿਆਰ ਅਤੇ ਦੁਲਾਰ ਦੇਣਾ ਜ਼ਰੂਰੀ ਹੈ। ਉਨ੍ਹਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਲਈ ਥੋੜੀ ਬਹੁਤੀ ਜ਼ਿੰਮੇਵਾਰੀ ਦੇਣੀ ਵੀ ਜ਼ਰੂਰੀ ਹੈ। ਬੱਚਿਆਂ ਨੂੰ ਸ਼ਰੀਰਕ ਸਜ਼ਾ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮਾਪਿਆਂ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਦੇ ਮਨਾਂ ਵਿੱਚ ਵੱਡੇ ਸੁਪਨੇ ਬੀਜਣੇ ਚਾਹੀਦੇ ਹਨ ਤਾਂ ਜੋ ਉਹ ਚੰਗੇ ਇਨਸਾਨ ਬਣ ਸਕਣ।

Send this to a friend