ਛੇ ਵਿਦਵਾਨਾਂ ਨੂੰ ਕੀਤਾ ਗਿਆ ਸਨਮਾਨਿਤ
ਪਟਿਆਲਾ, 22 ਫਰਵਰੀ-ਅੱਜ ਖਾਲਸਾ ਕਾਲਜ ਪਟਿਆਲਾ ਵਿਖੇ ਸ਼ੁਰੂ ਹੋਈ ਦੋ ਰੋਜ਼ਾ ‘ਅੰਤਰਰਾਸ਼ਟਰੀ ਗਲੋਬਲ ਪੰਜਾਬੀ ਕਾਨਫਰੰਸ’ ਅੱਜ ਆਪਣੇ ਅੰਤਿਮ ਪੜਾਅ ’ਤੇ ਪਹੁੰਚੀ। ਅੰਤਰ ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਇਹ ਕਾਨਫਰੰਸ ‘ਪੰਜਾਬੀ ਭਾਸ਼ਾ ਦੀ ਗਲੋਬਲੀ ਸਥਿਤੀ ਤੇ ਸੰਭਾਵਨਾਵਾਂ’ ਵਿਸ਼ੇ ’ਤੇ ਆਯੋਜਿਤ ਕੀਤੀ ਗਈ ਹੈ। ਇਸ ਕਾਨਫਰੰਸ ਦੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਐਜੂਕੇਸ਼ਨ ਡਾ. ਜਤਿੰਦਰ ਸਿੰਘ ਸਿੱਧੂ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਸਮਾਪਨ ਸਮਾਰੋਹ ਦੌਰਾਨ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਧੰਨਵਾਦੀ ਸ਼ਬਦ ਕਹੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਸਤੀਸ਼ ਕੁਮਾਰ ਵਰਮਾ ਨੇ ਵਿਦਾਇਗੀ ਸ਼ਬਦ ਕਹੇ। ਇਸ ਕਾਨਫਰੰਸ ਦੌਰਾਨ 6 ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਪ੍ਰੋ. ਕਿਰਪਾਲ ਸਿੰਘ ਜੀ ਕਸੇਲ ਨੂੰ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਅਨੁਵਾਦ ਅਤੇ ਆਲੋਚਨਾ ਦੇ ਖੇਤਰ ਵਿਚ ਪਾਏ ਯੋਗਦਾਨ ਸਦਕਾ ‘ਖ਼ਾਲਸਾ ਕਾਲਜ ਗਲੋਬਲ ਪੰਜਾਬ ਰਤਨ ਅਵਾਰਡ’ ਅਤੇ 51000/- ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਓਮ ਪ੍ਰਕਾਸ਼ ਗਾਸੋ, ਸ੍ਰੀ ਖ਼ਾਲਿਦ ਹੁਸੈਨ, ਸ. ਜਰਨੈਲ ਸਿੰਘ ਸੇਖਾ, ਡਾ. ਕੁਲਦੀਪ ਸਿੰਘ ਦੀਪ, ਡਾ. ਗੁਰਮਿੰਦਰ ਕੌਰ ਸਿੱਧੂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਸਦਕਾ ‘ਖ਼ਾਲਸਾ ਕਾਲਜ ਗਲੋਬਲ ਪੰਜਾਬੀ ਗੌਰਵ ਐਵਾਰਡ’ ਅਤੇ ਇੱਕੀ-ਇੱਕੀ ਹਜ਼ਾਰ ਰੁਪਏ ਨਾਲ ਸਮਨਮਾਨਿਤ ਕੀਤਾ ਗਿਆ। ਇਸ ਦੋ ਰੋਜ਼ਾ ਕਾਨਫਰੰਸ ਦੌਰਾਨ ਭਾਰਤ ਤੋਂ ਇਲਾਵਾ ਨੌਂ ਵੱਖ-ਵੱਖ ਦੇਸ਼ਾਂ ਤੋਂ ਆਏ 134 ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪ੍ਰਸਤੁਤ ਕੀਤੇ। ਸਮਾਪਨ ਸਮਾਰੋਹ ਦੌਰਾਨ ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਨੂੰ ਸਮਰਪਿਤ ਤਿੰਨ ਗੀਤਾਂ ਦੇ ਟਰੈਕ ਵੀ ਰਿਲੀਜ਼ ਵੀ ਕੀਤੇ ਗਏ ਜਿਨ੍ਹਾਂ ਵਿਚੋਂ ਦੋ ਗੀਤ ਬਾਬੂ ਫਿਰੋਜ਼ਦੀਨ ਸ਼ਰਫ ਦੀ ਲਿਖੀ ਕਵਿਤਾ ‘ਮੈਂ ਪੰਜਾਬੀ’, ‘ਦੇਸਾਂ ਵਿਚੋਂ ਦੇਸ ਪੰਜਾਬ ਨੀ ਸਈਓ’ ਅਤੇ ਇਕ ਗੀਤ ਡਾ. ਸਤੀਸ਼ ਕੁਮਾਰ ਵਰਮਾ ਦੇ ਗੀਤ ‘ਮਾਂ ਬੋਲੀ ਮੇਰੀ ਮਾਂ ਬੋਲੀ’ ਨਾਲ ਸਬੰਧਤ ਹੈ। ਡਾ. ਰੂਪ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਗੁਰਬਾਣੀ ਅਤੇ ਪੰਜਾਬੀ ਸਾਹਿਤ ਦਾ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਜ਼ਰੂਰੀ ਹੈ ਕਿ ਅਨੁਵਾਦਕ ਨੂੰ ਦੋਹਾਂ ਭਾਸ਼ਾਵਾਂ ਦੇ ਇਤਿਹਾਸਕ ਅਤੇ ਸਭਿਆਚਾਰਕ ਪਿਛੋਕੜ ਦੀ ਜਾਣਕਾਰੀ ਅਤੇ ਮੂਲ ਭਾਸ਼ਾ ਅਤੇ ਸਰੋਤ ਭਾਸ਼ਾ ‘ਤੇ ਡੂੰਘੀ ਪਕੜ ਹੋਵੇ। ਡਾ. ਜਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਸੰਦਰਭ ਵਿਚ ਗੁਰਮਤਿ ਸਾਹਿਤ ਦੀ ਚਰਚਾ ਕਰਨਾ ਆਪਣੇ ਆਪ ਵਿਚ ਇਕ ਨਿੱਘਰ ਉਪਰਾਲਾ ਹੈ। ਪੰਜਾਬੀ ਭਾਸ਼ਾ ਦੇ ਖੇਤਰ ਵਿਚ ਦੁਨੀਆ ਨੂੰ ਸੇਧ ਦੇਣ ਦਾ ਮੁੱਖ ਸਰੋਤ ਗੁਰਮਤਿ ਸਾਹਿਤ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ। ਡਾ. ਸ਼ਤੀਸ ਕੁਮਾਰ ਵਰਮਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਗਲੋਬਲੀ ਭਾਸ਼ਾ ਦਾ ਦਰਜ਼ਾ ਗ੍ਰਹਿਣ ਕਰ ਚੁੱਕੀ ਹੈ। ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਵੀ ਆਪਣੇ ਮੂਲ ਨਾਲ ਜੁੜੇ ਹੋਏ ਹਨ ਅਤੇ ਇਸ ਦੇ ਨਿਰੰਤਰ ਵਿਕਾਸ ਲਈ ਯਤਨਸ਼ੀਲ ਹਨ। ਪੰਜਾਬ ਦੇ ਪੰਜ ਦਰਿਆਵਾਂ ਦੇ ਨਾਲ-ਨਾਲ ਛੇਵਾਂ ਦਰਿਆ ਮਾਂ-ਬੋਲੀ ਦਾ ਹੈ ਜੋ ਹਮੇਸ਼ਾ ਵਗਦਾ ਰਹੇਗਾ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਪਹੁੰਚੀਆਂ ਸਾਰੀਆਂ ਸਖ਼ਸ਼ੀਅਤਾਂ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਸਾਡਾ ਇਹ ਕਾਨਫਰੰਸ ਕਰਵਾਉਣ ਦਾ ਮੁੱਖ ਮਕਸਦ ਜਿੱਥੇ ਗੁਰਬਾਣੀ ਸਾਹਿਤ ਅਤੇ ਪੰਜਾਬੀ ਭਾਸ਼ਾ ਦਾ ਦੂਜਿਆਂ ਧਰਮਾਂ ਅਤੇ ਭਾਸ਼ਾਵਾਂ ਤੱਕ ਫੈਲਾਓ ਕਰਨ ਸਬੰਧੀ ਵਿਚਾਰ ਚਰਚਾ ਕਰਨਾ ਹੈ, ਉਥੇ ਹੀ ਦੇਸ਼ ਅਤੇ ਵਿਦੇਸ਼ਾਂ ਅੰਦਰ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਸਭਿਆਚਾਰ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਹੈ। ਅੱਜ ਇਸ ਕਾਨਫਰੰਸ ਦੌਰਾਨ ਮੀਡੀਆ ਵਿਸ਼ੇ ’ਤੇ ਖੁੱਲ੍ਹੇ ਸੰਵਾਦ ਦਾ ਵੀ ਆਯੋਜਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਾਂ ਬੋਲੀ ਦੀ ਲਹਿਰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੋਰਨੀ ਚਾਹੀਦੀ ਹੈ।
ਇਸ ਸੈਸ਼ਨ ਦੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪਬਲਿਕ ਰਿਲੇਸ਼ਨ ਪੰਜਾਬ ਸਰਕਾਰ ਦੇ ਡਿਪਟੀ ਡਾਇਰੈਕਟਰ ਸ. ਰਣਦੀਪ ਸਿੰਘ ਆਹਲੂਵਾਲੀਆ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐਨੀਮੇਸ਼ਨ ਤਕਨੀਕ ਦੇ ਪਿੱਛੇ ਪੰਜਾਬੀ ਭਾਸ਼ਾ ਨੂੰ ਵਿਕਸਤ ਕਰਨ ਦੀ ਜ਼ਰੂਰਤ ਹੈ ਅਤੇ ਵਿੱਦਿਅਕ ਸੰਸਥਾਵਾਂ ਨੂੰ ਚਲੰਤ ਮਾਮਲਿਆਂ ਨੂੰ ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਪੀ.ਟੀ.ਸੀ. ਚੈਨਲ ਦੇ ਬਿਓਰੋ ਚੀਫ਼ ਸ. ਹਰਪ੍ਰੀਤ ਸਿੰਘ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਸਾਨੂੰ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਚਾਹੀਦਾ ਹੈ। ਇਸ ਖੁੱਲ੍ਹੇ ਸੰਵਾਦ ਵਿਚ ‘ਪੰਜਾਬ ਟਾਈਮਜ਼’ ਅਖਬਾਰ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ, ਕੈਨੇਡਾ ਤੋਂ ਸ. ਜਰਨੈਲ ਸਿੰਘ ਸੇਖਾ, ਸ. ਸਾਹਿਬ ਸਿੰਘ ਸੰਧੂ ਅਤੇ ਸ. ਸੁਖਮੰਦਰ ਸਿੰਘ ਬਰਾੜ, ਯੂ.ਐਸ.ਏ. ਤੋਂ ਸ. ਐਸ.ਅਸ਼ੋਕ ਭੌਰਾ ਅਤੇ ਯੁੂ.ਕੇ. ਤੋਂ ਸ. ਭਾਗ ਸਿੰਘ ਆਲਮ ਨੇ ਖੁੱਲ੍ਹੀ ਵਿਚਾਰ ਚਰਚਾ ਕੀਤੀ ਅਤੇ ਸ਼ੋਸ਼ਲ ਮੀਡੀਆ ਉਤੇ ਦਿੱਤੀਆਂ ਜਾਂਦੀਆਂ ਟਿੱਪਣੀਆਂ ਪ੍ਰਤੀ ਸੁਚੇਤ ਹੋਣ, ਸੋਸ਼ਲ ਮੀਡੀਆ ਨੂੰ ਦਿਮਾਗ ਉਤੇ ਭਾਰੂ ਨਾ ਹੋਣ ਦੇਣ ਅਤੇ ਪੰਜਾਬੀਅਤ ਦੇ ਨਾਲ ਨਾਲ ਦੂਜੀਆਂ ਭਾਸ਼ਾਵਾਂ ਦੀ ਵੀ ਕਦਰ ਕਰਨ ’ਤੇ ਜ਼ੋਰ ਦਿਤਾ। ਇਸ ਸੈਸ਼ਨ ਦੌਰਾਨ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਸ੍ਰ. ਰਵੇਲ ਸਿੰਘ ਭਿੰਡਰ, ਅਜੀਤ ਦੇ ਸ੍ਰ. ਗੁਰਪ੍ਰੀਤ ਸਿੰਘ ਚੱਠਾ ਅਤੇ ਗੁਰਵਿੰਦਰ ਸਿੰਘ ਔਲਖ, ਪੀ.ਟੀ.ਸੀ. ਚੈਨਲ ਦੇ ਰਿਪੋਰਟਰ ਨਵਦੀਪ ਸਿੰਘ ਢੀਂਗਰਾ ਅਤੇ ਗਗਨਦੀਪ ਸਿੰਘ ‘ਅਹੂਜਾ ਨਟਾਸ ਗਰੁੱਪ’ ਦੇ ਸੰਚਾਲਕ ਸ੍ਰੀ ਪ੍ਰਾਨ ਸੱਭਰਵਾਲ ਅਤੇ ਹੋਰ ਕਈ ਉਘੇ ਪ੍ਰੈਸ ਰਿਪੋਰਟਰਾਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।