ਜਲੰਧਰ, 22 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਬਾਹਰਲੇ ਦੇਸ਼ਾਂ ‘ਚ ਜਾਣਾ ਅਤੇ ਵਸਣਾ ਅਜੋਕੇ ਸਮੇਂ ਦੀ ਨੌਜਵਾਨ ਪੀੜ੍ਹੀ ਦਾ ਸੁਪਣਾ ਬਣ ਚੁੱਕਿਆ ਹੈ। ਇਸ ਬਾਰੇ ਵਿਦਿਆਰਥੀਆਂ ਦੇ ਮਾਰਗ ਦਰਸ਼ਣ ਲਈ ਲਾਇਲਪੁਰ ਖ਼ਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੱਲੋਂ ਪੱਤਰਕਾਰੀ ਅਤੇ ਜਨਸੰਚਾਰ, ਮਲਟੀ ਮੀਡੀਆ ਅਤੇ ਪ੍ਰਿੰਟਿੰਗ ਤਕਨਾਲੋਜੀ ਦੇ ਵਿਦਿਆਰਥੀਆਂ ਲਈ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਜਾਣੀ ਮਾਣੀ ਮੀਡੀਆ ਸ਼ਖਸੀਅਤ ਅਤੇ ਆਸਟ੍ਰੇਲੀਆ ਵਿਚ ਹਰਮਨ ਰੇਡਿਓ ਦੇ ਮੈਨੇਜਰ ਮਿੰਟੁ ਬਰਾੜ ਅਤੇ ਕੈਨੇਡਾ ਵਿਚ ਪੰਜਾਬੀ ਮੀਡੀਆ ਜਗਤ ਨਾਲ ਲੰਮੇ ਸਮੇਂ ਤੇ ਜੁੜੇ ਅਤੇ ‘ਪੰਜਾਬੀ ਲਹਿਰਾਂ’ ਰੇਡਿਓ ਪ੍ਰੋਗਰਾਮ ਰਾਹੀਂ ਵਿਲੱਖਣ ਪਹਿਚਾਣ ਬਣਾ ਚੁੱਕੇ ਸਤਿੰਦਰਪਾਲ ਸਿੰਘ ਸਿਧਵਾਂ ਮੁੱਖ ਬੁਲਾਰੇ ਰਹੇ। ਕਾਲਜ ਦੇ ਡੀਨ ਐਡਮਨੀਸਟ੍ਰੇਸ਼ਨ ਅਤੇ ਵਿਭਾਗ ਮੁਖੀ ਡਾ. ਮਨੋਹਰ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਮੀਡੀਆ ਖੇਤਰ ਨਾਲ ਜੁੜੇ ਤਜ਼ਰਬੇਕਾਰ ਵਿਅਕਤੀਆਂ ਦੇ ਤਜ਼ਰਬਿਆਂ ਤੋਂ ਸਿੱਖਣ ਦੀ ਪ੍ਰੇਰਨਾ ਦਿੱਤੀ। ਮਿੰਟੂ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨਾਲ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਅਹਿਮ ਕਿੱਸੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਸਭ ਸਮੱਸਿਆਵਾਂ ਬਾਰੇ ਦੱਸਿਆ ਜਿਨ੍ਹਾਂ ਦਾ ਉਹ ਕਿਸੇ ਬਾਹਰਲੇ ਦੇਸ਼ ਵਿੱਚ ਜਾ ਕੇ ਸਾਹਮਣਾ ਕਰ ਸਕਦੇ ਹਨ। ਉਨ੍ਹਾਂ ਨੇ ਆਨਲਾਈਨ ਰੇਡਿਓ ਦੀ ਕਾਰਜਸ਼ੈਲੀ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸਰੋਤਿਆਂ ਨੂੰ ਆਪਣੇ ਨਾਲ ਜੋੜੇ ਰੱਖਣ ਸੰਬੰਧੀ ਵਿਦਿਆਰਥੀਆਂ ਨੂੰ ਕਈ ਗੁਰ ਸਿਖਾਏ। ਉਨ੍ਹਾਂ ਕੈਨੇਡਾ ਵਿਚ ਮੀਡੀਆ ਦੀ ਆਜ਼ਾਦੀ ਅਤੇ ਬਿਨਾਂ ਕਿਸੇ ਸਰਕਾਰੀ ਦਖਲਅੰਦਾਜ਼ੀ ਤੋਂ ਕੀਤੀ ਜਾਂਦੀ ਪੱਤਰਕਾਰੀ ‘ਤੇ ਵੀ ਚਾਨਣਾ ਪਾਇਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸੈਮੀਨਾਰ ਨੂੰ ਵਿਦਿਆਰਥੀਆਂ ਲਈ ਬਾਹਰਲੇ ਦੇਸ਼ਾਂ ਦੇ ਮੀਡੀਆ ਨੂੰ ਜਾਨਣ ਲਈ ਬਹੁਤ ਵਧੀਆ ਮੌਕਾ ਦੱਸਿਆ। ਮੰਚ ਸੰਚਾਲਣ ਦਾ ਕਾਰਜ ਵਿਜੇਤਾ ਤਨੇਜਾ ਵੱਲੋਂ ਬਾਖੂਬੀ ਨਿਭਾਇਆ ਗਿਆ। ਡਾ. ਮਨੋਹਰ ਸਿੰਘ, ਪ੍ਰੋ. ਕੁਲਬੀਰ ਸਿੰਘ, ਪ੍ਰੋ. ਸੰਜੀਵ ਆਨੰਦ, ਪ੍ਰੌ. ਸੰਦੀਪ ਬਸੀ, ਡਾ. ਬਲਦੇਵ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਸੰਦੀਪ ਸਿੰਘ, ਪ੍ਰੋ. ਮੰਦੀਪ ਭਾਟੀਆ ਅਤੇ ਪ੍ਰੋ. ਗਗਨਦੀਪ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ ਗਿਆ।