ਜਲੰਧਰ, 19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਉਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਉਘੇ ਪਰਵਾਸੀ ਸ਼ਾਇਰ ਤੇ ਸਾਹਿਤ ਸਭਾ ਸਰੀ(ਕਨੇਡਾ) ਦੇ ਸੰਚਾਲਕ ਸ. ਚਰਨ ਸਿੰਘ ਅਤੇ ਸਾਹਿਤਕ ਪਰਚੇ ਸ੍ਰੀ ਜਨਕਰਾਜ ਸਿੰਘ ਨਾਲ ਐਮ.ਏ. ਪੰਜਾਬੀ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਕਰਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੋਪਾਲ ਸਿੰਘ ਬੁੱਟਰ ਵੱਲੋਂ ਕਾਲਜ ਦੇ ਸਾਬਕਾ ਵਿਦਿਆਰਥੀ ਪਰਵਾਸੀ ਸ਼ਾਇਰ ਸ. ਚਰਨ ਸਿੰਘ ਤੇ ਸ੍ਰੀ ਜਨਕਰਾਜ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸ਼ਾਲ ਭੇਂਟ ਕਰਕੇ ਸਵਾਗਤ ਕੀਤਾ ਗਿਆ। ਪਰਵਾਸੀ ਸ਼ਾਇਰ ਸ. ਚਰਨ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਲਿਖਣ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਪਰਵਾਸੀ ਜੀਵਨ ਦੇ ਕਰੂਰ ਯਥਾਰਥ ਤੋਂ ਵੀ ਜਾਣੂ ਕਰਾਇਆ। ਇਸ ਦੌਰਾਨ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵੀ ਪੜ੍ਹੀਆਂ। ਕਾਲਜ ਦੇ ਸਾਬਕਾ ਵਿਦਿਆਰਥੀ ਸ੍ਰੀ ਜਨਕਰਾਜ ਸਿੰਘ ਨੇ ਕਾਲਜ ਨਾਲ ਸਬੰਧਤ 50 ਸਾਲਾਂ ਪੁਰਾਣੀਆਂ ਯਾਦਾਂ ਸਾਝੀਆਂ ਕੀਤੀਆਂ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਾਲਜ ਨੂੰ ਮਾਣ ਹੈ ਕਿ ਜਿਵੇਂ ਪਹਿਲਾਂ ਕਾਲਜ ਦੇ ਸਾਬਕਾ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਾਹਿਤ ਰਚਨਾ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ, ਉਸੇ ਤਰ੍ਹਾਂ ਪਰਵਾਸੀ ਸ਼ਾਇਰ ਸ. ਚਰਨ ਸਿੰਘ ਵੀ ਮੌਜੂਦਾ ਸਮੇਂ ਵਿਚ ਮਾਂ-ਬੋਲੀ ਪੰਜਾਬੀ ਦੇ ਪ੍ਰਸਾਰ ਤੇ ਪ੍ਰਚਾਰ ਵਿਚ ਵੱਡੀ ਭੂਮਿਕਾ ਨਿਭਾ ਰਹੇ ਹਨ। ਲਗਭਗ 50 ਕਿਤਾਬਾਂ ਉਹ ਲਿਖ ਚੁੱਕੇ ਹਨ ਤੇ ਦੋ ਦਰਜਨ ਹੋਰ ਕਿਤਾਬਾਂ ਵੀ ਅਗਲੇ ਦਿਨਾਂ ਵਿਚ ਪੰਜਾਬੀ ਪਾਠਕਾਂ ਦੀ ਝੋਲੀ ਪਾਉਣਗੇ। ਅੰਤ ਵਿਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਪਰਵਾਸੀ ਸ਼ਾਇਰ ਸ. ਚਰਨ ਸਿੰਘ ਤੇ ਸ੍ਰੀ ਜਨਕਰਾਜ ਸਿੰਘ ਦਾ ਕਾਲਜ ਆਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਸੁਰਿੰਦਰਪਾਲ ਮੰਡ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਰੀਨ ਕੌਰ ਅਤੇ ਮੁਖੀ ਖੇਡ ਤੇ ਸਰੀਰਿਕ ਸਿੱਖਿਆ ਵਿਭਾਗ ਡਾ. ਜਸਪਾਲ ਸਿੰਘ ਅਤੇ ਹੋਰ ਵੱਖ-ਵੱਖ ਵਿਭਾਗਾਂ ਤੇ ਪੰਜਾਬੀ ਵਿਭਾਗ ਦੇ ਵੱਡੀ ਗਿਣਤੀ ‘ਚ ਅਧਿਆਪਕ ਮੌਜੂਦ ਸਨ।