Skip to content
Independent perspectives. Global stories.
BREAKING

ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਪੰਜ ਨਗਾਰਿਆਂ ਦੀ ਚੋਟ ਨਾਲ 24 ਨੂੰ ਹੋਵੇਗੀ ਹੋਲਾ-ਮਹੱਲਾ ਦੀ ਆਰੰਭਤਾ : ਭਾਈ ਚਾਵਲਾ

Share this story

ਸ੍ਰੀ ਅਨੰਦਪੁਰ ਸਾਹਿਬ, 16 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਖ਼ਾਲਸਾ ਪੰਥ ਦੇ ਜਾਹੋ-ਜਲਾਲ ਦੇ ਪ੍ਰਤੀਕ ਸਾਲਾਨਾ ਛੇ ਦਿਨਾਂ ਕੌਮੀ ਜੋੜ ਮੇਲਾ ਹੋਲਾ-ਮਹੱਲਾ ਦਾ ਆਗਾਜ਼ 24 ਫਰਵਰੀ ਰਾਤ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਦੀ ਪੁਰਾਤਨ ਫਸੀਲ ਤੋਂ ਪੰਜ ਨਗਾਰਿਆਂ ਦੀ ਚੋਟ ਨਾਲ ਹੋਵੇਗਾ। ਇਸ ਵਾਰ ਹੋਲਾ-ਮਹੱਲਾ ਦੇ ਜੋੜ ਮੇਲੇ ਮੌਕੇ ਦੇਸ਼-ਵਿਦੇਸ਼ ਤੋਂ 50 ਲੱਖ ਦੇ ਕਰੀਬ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ, ਜਿਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਰਿਹਾਇਸ਼, ਲੰਗਰ, ਸੁਰੱਖਿਆ, ਡਾਕਟਰੀ ਸਹੂਲਤਾਂ ਅਤੇ ਆਵਾਜਾਈ ਆਦਿ ਦੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ। ਅੱਜ ਹੋਲੇ ਮਹੱਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸਥਾਨਕ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸਮਾਗਮਾਂ ਦਾ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ 25 ਫਰਵਰੀ ਤੋਂ 27 ਫਰਵਰੀ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਤੇ 28 ਫਰਵਰੀ ਤੋਂ 2 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 24 ਫਰਵਰੀ ਨੂੰ ਦੇਰ ਰਾਤ 12 ਵਜੇ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਅੰਦਰੂਨੀ ਪੁਰਾਤਨ ਫਸੀਲ ਤੋਂ ਪੰਜ ਨਗਾਰਿਆਂ ਦੇ ਨਾਲ ਰਵਾਇਤੀ ਖ਼ਾਲਸਈ ਪਰੰਪਰਾ ਅਨੁਸਾਰ ਹੋਲਾ ਮਹੱਲਾ ਦੀ ਆਰੰਭਤਾ ਹੋਵੇਗੀ। 25 ਫਰਵਰੀ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ, ਜਿਨ੍ਹਾਂ ਦੇ ਭੋਗ 27 ਫਰਵਰੀ ਨੂੰ ਪੈਣਗੇ। ਭਾਈ ਚਾਵਲਾ ਨੇ ਦੱਸਿਆ ਕਿ 28 ਫਰਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਿੰਨ ਦਿਨਾਂ ਹੋਲਾ ਮਹੱਲਾ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ। 28 ਫਰਵਰੀ ਨੂੰ ਰਾਤ 10 ਵਜੇ ਤੋਂ 1 ਮਾਰਚ ਅੰਮ੍ਰਿਤ ਵੇਲੇ 3 ਵਜੇ ਤੱਕ ਬਸੰਤ ਕੀਰਤਨ ਦਰਬਾਰ ਹੋਵੇਗਾ। 1 ਮਾਰਚ ਨੂੰ ਰਾਤ 9 ਵਜੇ ਤੋਂ 1 ਵਜੇ ਤੱਕ ਕਵੀ ਦਰਬਾਰ ਵਿਚ ਪੰਥ ਪ੍ਰਸਿੱਧ ਕਵੀ ਗੁਰੂ ਇਤਿਹਾਸ ਨਾਲ ਸਬੰਧਤ ਰਚਨਾਵਾਂ ਪੇਸ਼ ਕਰਨਗੇ। ਇਸੇ ਦੌਰਾਨ 2 ਮਾਰਚ ਨੂੰ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ ਸਵੇਰੇ 10:45 ਵਜੇ ਤੱਕ ਅਤੇ ਰਾਤ 8 ਵਜੇ ਤੋਂ 3 ਮਾਰਚ ਦੇ ਅੰਮ੍ਰਿਤ ਵੇਲੇ 3 ਵਜੇ ਤੱਕ ਕੀਰਤਨ ਦਰਬਾਰ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਹਾਜ਼ਰੀਆਂ ਭਰਨਗੇ। ਇਸ ਤੋਂ ਇਲਾਵਾ ਰੋਜ਼ਾਨਾ ਪੰਥ ਦੇ ਮਹਾਨ ਕੀਰਤਨੀਏ, ਕਥਾਵਾਚਕ, ਵਿਦਵਾਨ, ਕਵੀਸ਼ਰ, ਢਾਡੀ ਅਤੇ ਕਵੀ ਜਨ ਗੁਰਮਤਿ ਸਮਾਗਮਾਂ ਵਿਚ ਹਾਜ਼ਰੀ ਭਰਨਗੇ। ਭਾਈ ਚਾਵਲਾ ਨੇ ਦੱਸਿਆ ਕਿ 1 ਮਾਰਚ ਨੂੰ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਨਿਹੰਗ ਸਿੰਘ ਖ਼ਾਲਸਾ ਪੰਥ ਦੀ ਰਵਾਇਤੀ ਜੰਗਜੂ ਕਲਾ ਗੱਤਕੇ ਦੇ ਜੌਹਰ ਦਿਖਾਉਣਗੇ। 2 ਮਾਰਚ ਨੂੰ ਰਵਾਇਤੀ ਮਹੱਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਵੇਰੇ 11:30 ਵਜੇ ਆਰੰਭ ਹੋ ਕੇ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਕਿਲ੍ਹਾ ਹੋਲਗੜ੍ਹ ਸਾਹਿਬ ਅਤੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। 28 ਫਰਵਰੀ ਤੋਂ 2 ਮਾਰਚ ਤੱਕ ਰੋਜ਼ਾਨਾ ਅੰਮ੍ਰਿਤ ਸੰਚਾਰ ਹੋਵੇਗਾ। ਸਮਾਗਮਾਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਪੰਥ ਦੀਆਂ ਹੋਰ ਸਨਮਾਨਯੋਗ ਸ਼ਖ਼ਸੀਅਤਾਂ ਵੀ ਸੰਗਤਾਂ ਦੇ ਦਰਸ਼ਨ ਕਰਨ ਲਈ ਪਹੁੰਚਣਗੀਆਂ।
ਭਾਈ ਚਾਵਲਾ ਨੇ ਦੱਸਿਆ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਵਲੋਂ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਵਾਲੇ ਸ਼ਰਧਾਲੂਆਂ ਦਾ 1 ਲੱਖ ਰੁਪਏ ਦਾ ਦੁਰਘਟਨਾ ਬੀਮਾ ਵੀ ਕਰਵਾਇਆ ਗਿਆ ਹੈ। ਮੌਕੇ ਭਾਈ ਅਮਰਜੀਤ ਸਿੰਘ ਚਾਵਲਾ ਦੇ ਨਾਲ ਮੁੱਖ ਗ੍ਰੰਥੀ ਗਿਆਨੀ ਫੂਲਾ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ: ਸੁਰਿੰਦਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਖ਼ਾਲਸਾ, ਮੈਨੇਜਰ ਰਣਜੀਤ ਸਿੰਘ, ਸਤਨਾਮ ਸਿੰਘ ਝੱਜ, ਸੂਚਨਾ ਅਫਸਰ ਐਡਵੋਕੇਟ ਹਰਦੇਵ ਸਿੰਘ, ਜਥੇਦਾਰ ਰਾਮ ਸਿੰਘ ਅਤੇ ਸੰਦੀਪ ਸਿੰਘ ਕਲੌਤਾ ਆਦਿ ਵੀ ਹਾਜ਼ਰ ਸਨ।

WRITTEN BY