ਚੰਡੀਗੜ੍ਹ, 30 ਜਨਵਰੀ (ਪੀ.ਟੀ.)-ਵਿਜੀਲੈਂਸ ਬਿਊਰੋ, ਪੰਜਾਬ ਨੇ ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਨੂੰ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।ਬਿਊਰੋ ਦੇ ਬੁਲਾਰੇ ਦੱਸਿਆ ਕਿ ਸ਼ਮਸ਼ੇਰ ਸਿੰਘ ਸਿੰਘ ਪੁੱਤਰ ਜੇਠਾ ਸਿੰਘ ਵਾਸੀ ਝੱਕੀਆਂ, ਰੋਪੜ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਆਪਣੇ ਰਿਹਾਇਸ਼ ਪਲਾਟ ਨੂੰ ਉਚਾ ਚੁੱਕਣ ਲਈ ਮਿੱਟੀ ਪਾਉਣ ਖ਼ਾਤਰ ਜੰਗਲਾਤ ਵਿਭਾਗ ਨੂੰ ਅਰਜ਼ੀ ਦਿੱਤੀ ਸੀ। ਸ਼ਿਕਾਇਤਕਰਤਾ ਮੁਤਾਬਕ ਜ਼ਿਲ੍ਹਾ ਜੰਗਲਾਤ ਵਿਭਾਗ ਰੋਪੜ ਦੇ ਬਲਾਕ ਅਫ਼ਸਰ ਗੁਰਦਾਸ ਸਿੰਘ ਨੇ ਇਸ ਕੰਮ ਦੀ ਮਨਜ਼ੂਰੀ ਦੇਣ ਲਈ ਉਸ ਤੋਂ 10,000 ਰੁਪਏ ਮੰਗੇ ਸਨ ਅਤੇ 29 ਜਨਵਰੀ ਨੂੰ ਪਹਿਲੀ ਕਿਸ਼ਤ ਵੱਜੋਂ 2,000 ਰੁਪਏ ਪ੍ਰਾਪਤ ਕਰ ਲਏ ਸਨ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਦੀ ਰੋਪੜ ਇਕਾਈ ਦੇ ਇੰਸਪੈਕਟਰ ਪਾਲ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਛਾਪਾ ਮਾਰਕੇ ਬਲਾਕ ਅਫ਼ਸਰ ਗੁਰਦਾਸ ਸਿੰਘ ਨੂੰ 8,000 ਰੁਪਏ ਦੀ ਰਹਿੰਦੀ
ਰਿਸ਼ਵਤ ਦੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਦੋਸ਼ੀ ਵਿਰੁਧ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਲੁਧਿਆਣਾ ਵਿਖੇ ਧਾਰਾ 7.13 (1) (ਡੀ.) ਆਰ.ਡਬਲਯੂ 13 (2), ਪੀ.ਸੀ. ਐਕਟ, 1988 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।