ਦੌਸਾ, 30 ਜਨਵਰੀ (ਪੀ.ਟੀ.ਬਿਊਰੋ)-ਰਾਜਸਥਾਨ ਦੇ ਦੌਸਾ ’ਚ 15 ਸਾਲਾ ਲੜਕੀ ਨਾਲ ਤਿੰਨ ਨਕਾਬਪੋਸ਼ਾਂ ਨੇ ਚਲਦੀ ਗੱਡੀ ਵਿੱਚ ਗੈਂਗਰੇਪ ਕੀਤਾ ਅਤੇ ਉਸ ਨੂੰ ਪਿੰਡ ਦੇ ਬੰਨ੍ਹੇ ’ਤੇ ਸੁੱਟ ਕੇ ਚਲੇ ਗਏ। ਇਹ ਘਟਨਾ ਸੈਂਥਲ ਥਾਣੇ ਦੇ ਖੇਤਰ ਦੀ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਦੌਰਾਨ ਲੜਕੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਲੜਕੀ ਨੂੰ ਹੋਸ਼ ਆਉਣ ਤੋਂ ਬਾਅਦ ਪੀੜਤਾ ਦੇ ਬਿਆਨ ਦਰਜ ਕੀਤੇ ਗਏ। ਪੀੜ੍ਹਤਾ ਨੌਵੀਂ ਕਲਾਸ ਦੀ ਵਿਦਿਆਰਥਣ ਸੀ।ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੁਪਹਿਰ ਵੇਲੇ ਆਪਣੇ ਘਰ ਖਾਣਾ ਖਾਣ ਆਈ ਸੀ। ਜਦੋਂ ਲੜਕੀ ਖਾਣਾ ਖਾ ਕੇ ਵਾਪਿਸ ਸਕੂਲ ਜਾ ਰਹੀ ਸੀ ਤਾਂ ਰਸਤੇ ਵਿੱਚ ਇੱਕ ਸੁਨਸਾਨ ਜਗ੍ਹਾ ’ਤੇ ਇਕ ਬਲੈਰੋ ਆ ਕੇ ਰੁਕੀ। ਬਲੈਰੋ ’ਚ ਸਵਾਰ ਤਿੰਨ ਨਕਾਬਪੋਸ਼ਾਂ ਨੇ ਲੜਕੀ ਦਾ ਅਪਹਰਣ ਕਰਕੇ ਉਸ ਨਾਲ ਗੈਂਗਰੇਪ ਕੀਤਾ ਅਤੇ ਸ਼ਾਮ ਕਰੀਬ ਸੱਤ ਵਜੇ ਲੜਕੀ ਨੂੰ ਉਸ ਦੇ ਪਿੰਡ ਦੇ ਬਾਹਰ ਸੁੱਟ ਗਏ। ਲੜਕੀ
ਦੇ ਦਿੱਤੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਇਕ ਸਾਨੂ ਨਾਮ ਦੇ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਦੋ ਸਾਥੀਆਂ ਦੀ ਤਲਾਸ਼ ਜਾਰੀ ਹੈ। ਪੁਲਿਸ ਅਨੁਸਾਰ ਸਾਨੂ ਲੜਕੀ ਦੇ ਪਿਤਾ ਨਾਲ ਪੱਥਰ ਦੀ ਖਾਨ ਵਿੱਚ ਕੰਮ ਕਰਦਾ ਸੀ ਅਤੇ ਉਸ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ। ਇਸ ਘਟਨਾ ਦੀ ਜਾਂਚ ਦੌਸਾ ਦੀ ਮਹਿਲਾ ਥਾਣਾ ਪੁਲਿਸ ਕਰ ਰਹੀ ਹੈ।