Skip to content
Independent perspectives. Global stories.
BREAKING

ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਟਰਾਂਸਫਾਰਮਰਾਂ ‘ਚੋਂ ਤਾਂਬਾ ਚੋਰੀ ਕਰਨ ਵਾਲਾ ਗਿਰੋਹ ਕਾਬੂ

Share this story
  • 8 ਕੁਇੰਟਲ ਤੋਂ ਵੱਧ  ਤਾਂਬਾ, ਢਾਈ ਕਿਲੋ ਨਸ਼ੀਲੇ ਪਾਊਡਰ  ਸਮੇਤ 5 ਦੋਸ਼ੀ ਅੜਿੱਕੇ

ਸੰਗਰੂਰ, 15 ਜੁਲਾਈ (ਹਰਿੰਦਰ ਖਾਲਸਾ, ਦੀਪਕ ਗਰੋਵਰ, ਰਾਜ ਵਰਮਾਂ)-ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ, ਜਦੋਂ ਥਾਣਾ ਸਦਰ ਸੰਗਰੂਰ ਪੁਲਿਸ ਨੇ ਟਰਾਂਸਫਾਰਮਰਾਂ ਦੇ ਇਕ ਕੁਇੰਟਲ 8 ਕਿਲੋ 950 ਗ੍ਰਾਮ ਤਾਂਬੇ ਦੀਆਂ ਕੁਆਇਲਾਂ, 2 ਕਿਲੋ 500 ਗ੍ਰਾਮ (ਢਾਈ ਕਿਲੋ) ਨਸ਼ੀਲਾ ਪਾਊਡਰ ਅਤੇ ਜ਼ਾਈਲੋ ਗੱਡੀ ਸਮੇਤ 5 ਦੋਸ਼ੀਆਂ ਨੂੰ ਕਾਬੂ ਕੀਤਾ।
punjab-police
ਇਸ ਸੰਬੰਧੀ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਸਦਰ ਇੰਸਪੈਕਟਰ ਸ੍ਰ. ਬਖਸ਼ੀਸ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਝਨੇੜੀ ਕੋਲ ਨਾਕਾ ਲਗਾਇਆ ਹੋਇਆ ਸੀ। ਸ਼ੱਕ ਹੋਣ ‘ਤੇ ਉਥੋਂ ਲੰਘ ਰਹੀ ਜ਼ਾਈਲੋ ਗੱਡੀ ਨੰਬਰ ਪੀ.ਬੀ.01ਏ-2289 ਦੀ ਤਲਾਸ਼ੀ ਲਈ ਗਈ। ਗੱਡੀ ਸਵਾਰ ਰਵੇਲ ਸਿੰਘ ਬਾਸਰਕੇ ਗਿੱਲ, ਥਾਣਾ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ, ਬਿਕਰਮਜੀਤ ਸਿੰਘ ਉਰਫ਼ ਵਿੱਕੀ ਵਾਸੀ ਅਸਲਾਮਾਬਾਦ ਅੰਮ੍ਰਿਤਸਰ, ਅਸ਼ਵਨੀ ਕੁਮਾਰ ਵਾਸੀ ਬਾਬਾ ਫਰੀਦ ਵਾਲੀ ਗਲੀ ਘੰਲੂਪੁਰ ਕਾਲੇ ਥਾਣਾ ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ, ਕਾਲਾ ਸਿੰਘ ਅਤੇ ਸੁਖਵੰਤ ਸਿੰਘ ਉਰਫ ਬਾਬਾ ਦੋਵੇਂ ਵਾਸੀ ਰਾਮ ਤੀਰਥ ਰੋਡ ਕਾਲੇ ਵਾਲਾ ਮੋੜ ਥਾਣਾ ਛੇਹਰਟਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕਰਕੇ 2 ਕਿਲੋ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਦੋਸ਼ੀਆਂ ਵਿਰੁਧ ਮੁਕੱਦਮਾ ਨੰਬਰ 97 ਮਿਤੀ 15-07-13 ਅ/ਧ 22/61/85 ਐੱਨ. ਡੀ. ਪੀ. ਸੀ. ਐਕਟ ਤਹਿਤ ਥਾਣਾ ਸਦਰ ਸੰਗਰੂਰ ਵਿਖੇ ਦਰਜ ਕਰ ਲਿਆ ਗਿਆ ਹੈ। ਗੱਡੀ  ਦੀ ਪਿਛਲੀ ਡਿੱਗੀ ਵਿੱਚੋਂ ਤਿੰਨ ਪਲਾਸਟਿਕ  ਦੇ ਥੈਲਿਆਂ ਵਿੱਚੋਂ ਟਰਾਂਸਫਾਰਮਰਾਂ ਦੀਆਂ ਕੁਆਇਲਾਂ, ਤਾਂਬਾ ਸਮੇਤ ਗੱਤਾ ਤੇ ਪਿੱਤਲ ਅਤੇ ਇਕ  ਬੈਗ ਚਾਬੀਆਂ, ਕਟਰ ਅਤੇ ਆਰੀ ਬਲੇਡ ਅਤੇ ਚੋਰੀ ਦਾ ਸਮਾਨ ਜਿਸਦਾ ਕੁੱਲ ਵਜ਼ਨ 1 ਕੁਇੰਟਲ 8 ਕਿਲੋ 950 ਗ੍ਰਾਮ ਤਾਂਬਾ ਬਰਾਮਦ ਹੋਇਆ।  ਇਸ ਤੋਂ ਇਲਾਵਾ ਚੋਰੀ ਕਰਨ ਲਈ  ਵਰਤੇ ਜਾਣ ਵਾਲਾ ਸਾਮਾਨ ਇਕ ਵੱਡਾ ਪੇਚਕਸ, ਇਕ ਸੱਬਲ ਲੋਹਾ ਅਤੇ ਬੈਗ ਰੰਗ ਕਾਲਾ ਵਿੱਚ 5 ਚਾਬੀਆਂ ਨਟ ਖੋਲਣ ਵਾਲੀਆਂ, 3 ਪਾਨੇ, 1 ਕਟਰ, 2 ਲੋਹਾ ਕੱਟਣ ਵਾਲੀਆਂ ਆਰੀਆਂ ਸਮੇਤ 4 ਬਲੇਡ, ਇਕ  ਛੋਟੀ ਆਰੀ ਸਮੇਤ 11 ਬਲੇਡ, ਇਕ ਗੋਟੀ ਪਾਨਾ ਸਮੇਤ 3 ਗੋਟੀਆਂ ਬਰਾਮਦ ਕੀਤੀਆਂ ਗਈਆਂ। ਉਕਤ ਪੰਜ ਦੋਸ਼ੀਆਂ ਦੇ ਖਿਲਾਫ਼ ਏ.ਐਸ.ਆਈ. ਕਰਮਜੀਤ ਸਿੰਘ ਵੱਲੋਂ ਵੱਖਰਾ ਮੁਕੱਦਮਾ  ਨੰਬਰ 98 ਮਿਤੀ 15-07-13 ਅ/ਧ 411 ਆਈ.ਪੀ.ਸੀ. ਥਾਣਾ ਸਦਰ ਸੰਗਰੂਰ ਵਿਖੇ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਹ ਗਿਰੋਹ ਦੇ 11 ਮੈਂਬਰ ਹਨ।  ਉਹ ਕਰੀਬ 2 ਸਾਲ ਤੋਂ ਜ਼ਿਲ੍ਹਾ ਸੰਗਰੂਰ, ਬਰਨਾਲਾ, ਪਟਿਆਲਾ, ਮੋਗਾ ਤੇ ਲੁਧਿਆਣਾ ਵਿੱਚ ਟਰਾਂਸਫਾਰਮ ਚੋਰੀ ਦੀਆਂ ਵਾਰਦਾਤਾਂ ਕਰਦੇ ਆ ਰਹੇ ਹਨ। ਉਕਤ ਦੋਸ਼ੀ ਹੁਣ ਤੱਕ ਕਰੀਬ 200 ਤੋਂ ਵੱਧ ਟਰਾਂਸਫਾਰਮ ਚੋਰੀ ਦੀ ਵਾਰਦਾਤਾਂ  ਨੂੰ ਅੰਜ਼ਾਮ ਦੇ ਚੁੱਕੇ ਹਨ। ਦੋਸ਼ੀ ਸਮੈਕ ਵਗੈਰਾ ਦਾ ਨਸ਼ਾ ਕਰਦੇ ਹਨ ਅਤੇ ਸਮੈਕ ਮਹਿੰਗੀ ਹੋਣ ਕਰਕੇ ਨਸ਼ੀਲਾ ਪਾਊਡਰ ਕੁਝ  ਆਪ ਵਰਤ ਲੈਂਦੇ ਹਨ ਤੇ ਕੁਝ ਢਾਬਿਆਂ ਆਦਿ ‘ਤੇ ਚਲਦੇ ਗ੍ਰਾਹਕਾਂ ਨੂੰ ਪੂੜੀਆਂ ਬਣਾ  ਕੇ ਵੇਚਦੇ ਹਨ। ਦੋਸ਼ੀਆਂ ਦਾ ਪੁਲਿਸ ਰਿਮਾਂਡ  ਹਾਸਿਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।  ਇਸ ਮੌਕੇ ਉਨ੍ਹਾਂ ਨਾਲ ਐੱਸ. ਪੀ. (ਡੀ) ਸ੍ਰ. ਪਰਮਜੀਤ ਸਿੰਘ ਗੋਰਾਇਆ, ਡੀ. ਐੱਸ. ਪੀ. ਸ੍ਰ. ਗੁਰਪ੍ਰੀਤ ਸਿੰਘ ਅਤੇ ਹੋਰ ਪੁਲਿਸ  ਅਧਿਕਾਰੀ ਵੀ ਹਾਜ਼ਰ ਸਨ।

WRITTEN BY