ਬਰਨਾਲਾ, 29 ਜਨਵਰੀ (ਕੁਲਦੀਪ ਸੂਦ)-ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਬਰਨਾਲਾ ਦੇ ਵਿਕਾਸ ਕਾਰਜ਼ਾਂ ਲਈ ਸੰਗਤ ਦਰਸ਼ਨਾਂ ਰਾਹੀ ਜਾਰੀ ਕੀਤੀਆਂ ਗ੍ਰਾਂਟਾਂ ਦੇ ਸਾਰੇ ਕਾਰਜ਼ਾਂ ਨੂੰ ਹਰ ਹੀਲੇ ਸਮੇ ਨਾਲ ਕਰਵਾਇਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਸਥਾਨਕ ਨਗਰ ਕੌਸ਼ਲ ਦੇ ਦਫ਼ਤਰ ਵਿਖੇ ਸ਼ਹਿਰ ਬਰਨਾਲਾ ਦੇ 23 ਵਾਰਡਾਂ ਦੇ ਵਿਕਾਸ ਕਾਰਜ਼ਾਂ ਲਈ 7 ਕਰੋੜ ਰੁਪਏ ਤੋਂ ਵਧੇਰੇ ਦੀਆਂ ਗ੍ਰਾਂਟਾਂ ਮਨਜ਼ੂਰ ਕਰਨ ਮੌਕੇ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਢੀਂਡਸਾ ਨੇ ਕਿਹਾ ਜਿਲ੍ਹਾ ਬਰਨਾਲਾ ਦੇ ਵਿਕਾਸ ਕਾਰਜ਼ਾਂ ’ਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਇਕ ਸਵਾਲ ਦੇ ਜਵਾਬ ’ਚ ਕਿਹਾ ਲੋਕਲ ਬਾਡੀ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋਂ ਇਕ ਵਿੰਗ ਗਠਿਤ ਕੀਤਾ ਜਾ ਰਿਹਾ ਹੈ, ਜਿਸਦੀ ਡਿਊਟੀ ਹੋਵੇਗੀ ਕਿ ਹਰੇਕ ਕੰਮ ਸਮਾਂਬੱਧ ਢੰਗ ਨਾਲ ਕੀਤਾ ਜਾਵੇ। ਸ. ਢੀਂਡਸਾ ਨੇ ਕਿਹਾ ਕਿ ਸ਼ਹਿਰ ਬਰਨਾਲਾ ਦੇ ਸੀਵਰੇਜ਼ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 10 ਕਰੋੜ ਰੁਪਏ ਦੀ ਗ੍ਰਾਂਟ ਪਹਿਲਾ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਇਸ ਤੋਂ ਇਲਾਵਾ 50 ਲੱਖ ਰੁਪਏ ਸੰਘੇੜਾ ਸੀਵਰੇਜ਼ ਦੇ ਕੰਮ ਲਈ ਮੰਨਜੂਰ ਕੀਤੇ ਗਏ ਹਨ। ਉਨ੍ਹਾਂ ਸੇਖਾ ਰੋਡ ਦੇ ਗੰਦੇ ਪਾਣੀ ਦੀ ਸਮੱਸਿਆ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਕਿਹਾ ਕਿ ਗੰਦੇ ਪਾਣੀ ਦੀ ਸਮੱਸਿਆ ਨੂੰ ਹਲ ਕਰਨ ਲਈ ਸੁਪਰਸੈਕਸ਼ਨ ਮਸ਼ੀਨ ਮੰਗਵਾਉਣ ਲਈ ਟੈਂਡਰ ਲਗਾਏ ਗਏ ਹਨ ਅਤੇ ਜਲਦੀ ਹੀ ਇਸਦਾ ਹਲ ਕਰ ਲਿਆ ਜਾਵੇਗਾ। ਉਨਾਂ ਕਿਹਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਕਾਲਜ, ਸਟੇਡੀਅਮ ਅਤੇ ਪਾਰਕ ਬਣਾਉਣ ਦੀ ਮਨਜੂਰੀ ਵੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਠੀਕਰੀਵਾਲਾ ਦੇ ਵੱਖ ਵੱਖ ਵਿਕਾਸ ਕਾਰਜ਼ਾਂ ਲਈ 1 ਕਰੋੜ 10 ਲੱਖ ਰੁਪਏ ਦੇ ਫੰਡ ਵੀ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨਾ ਦੀ ਸਥਿਤੀ ਬੇਹੱਦ ਮਜ਼ਬੂਤ ਹੈ ਅਤੇ ਅਦਾਇਗੀਆਂ ’ਤੇ ਕਿਸੇ ਵੀ ਕਿਸਮ ਦੀ ਕੋਈ ਪਾਬੰਦੀ ਨਹੀਂ ਹੈ, ਮੁਲਾਜਮਾਂ ਦੇ ਸਾਰੇ ਬਕਾਏ 31 ਜਨਵਰੀ ਤੱਕ ਅਦਾ ਕਰ ਦਿੱਤੇ ਜਾਣਗੇ। ਉਨ੍ਹਾਂ ਸਵਾਮੀ ਨਿਤਿਆਨੰਦ ਵੈਲਫੇਅਰ ਸੁਸਾਇਟੀ ਨੂੰ ਨਵੀਂ ਐਬੂਲੈਂਸ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾ ਲੋਕਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਚਲਾਈਆ ਸਕੀਮਾਂ ਨੂੰ ਜਾਰੀ ਰੱਖਣ ਲਈ ਅਕਾਲੀ ਭਾਜਪਾ ਸਰਕਾਰ ਵਚਨਬੱਧ ਹੈ। ਉਨਾਂ ਕਿਹਾ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਚਲਾਈ ਆਟਾ ਦਾਲ ਸਕੀਮ ਦਾ ਘੇਰਾ ਦੁੱਗਣਾ ਕਰਕੇ ਹਰੇਕ ਨੀਲੇ ਕਾਰਡ ਧਾਰਕ ਨੂੰ 1 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਜਲਦ ਮੁਹੱਈਆ ਕਰਵਾਈ ਜਾਵੇਗੀ। ਗਰੀਬ ਵਰਗ ਦੇ ਲੋਕਾਂ ਨੂੰ 30 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰਕੇ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਵੱਡੀ ਰਾਹਤ ਦਿੱਤੀ ਹੈ। ਸ. ਢੀਂਡਸਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੂਬਾ ਸਰਕਾਰ ਵੱਲੋਂ ਹੁਸ਼ਿਆਰ ਵਿਦਿਆਰਥੀਆਂ ਨੂੰ ਡਾ. ਹਰਗੋਬਿੰਦ ਖੁਰਾਣਾ ਵਜੀਫ਼ਾ ਸਕੀਮ ਤਹਿਤ 30 ਹਜ਼ਾਰ ਰੁਪਏ ਸਾਲਾਨਾਂ ਵਜੀਫ਼ਾ ਅਤੇ ਲੜਕੀਆਂ ਨੂੰ ਮੁਫ਼ਤ ਸਾਇਕਲ ਦੇਣ ਸਮੇਤ ਰਾਜ ਅੰਦਰ ਰਿਹਾਇਸ਼ੀ ਸੀਨੀਅਰ ਸੈਕੰਡਰੀ ਸਕੂਲ ਖੋਲ੍ਹੇ ਜਾ ਰਹੇ ਹਨ, ਜਿੱਥੇ ਮੁਫ਼ਤ ਪੜ੍ਹਾਈ ਤੇ ਰਹਿਣ ਸਹਿਣ ਦੇ ਨਾਲ-ਨਾਲ ਬਿਹਤਰ ਭਵਿਖ ਲਈ ਅਗਵਾਈ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਕੀਤੂ ਸੀਨੀਅਰ ਅਕਾਲੀ ਆਗੂ, ਬਾਬਾ ਟੇਕ ਸਿੰਘ ਧਨੌਲਾ , ਸ. ਪਰਮਜੀਤ ਸਿੰਘ ਖਾਲਸਾ ਮੈਂਬਰ ਐਸ.ਜੀ.ਪੀ.ਸੀ, ਸ. ਹਰਪਾਲ ਇੰਦਰ ਸਿੰਘ ਰਾਹੀ ਸੀਨੀਅਰ ਅਕਾਲੀ ਆਗੂ, ਵੀਰਇੰਦਰ ਸਿੰਘ ਜੈਲਦਾਰ, ਪਰਮਜੀਤ ਸਿੰਘ ਢਿਲੋ ਸਾਬਕਾ ਪ੍ਰਧਾਨ ਨਗਰ ਕੌਸ਼ਲ, ਗੁਰਮੀਤ ਸਿੰਘ ਹੰਡਿਆਇਆ ਜ਼ਿਲ੍ਹਾ ਪ੍ਰਧਾਨ ਭਾਜਪਾ, ਮਨੂ ਜਿੰਦਲ, ਧੀਰਜ਼ ਕੁਮਾਰ, ਸ. ਰਵਿੰਦਰ ਸਿੰਘ ਰੱਮੀ ਪ੍ਰਧਾਨ ਯੂਥ ਆਗੂ, ਤਰਨਜੀਤ ਸਿੰਘ ਦੁੱਗਲ ਯੂਥ ਆਗੂ, ਪੀ.ਏ.ਟੂ. ਵਿੱਤ ਮੰਤਰੀ ਸ. ਵਰਿੰਦਰਪਾਲ ਸਿੰਘ ਟੀਟੂ, ਪੀ.ਏ.ਟੂ ਸ. ਸੁਖਦੇਵ ਸਿੰਘ ਢੀਂਡਸਾ ਸ. ਜਸਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰਵੀਨ ਕੁਮਾਰ, ਐਸ.ਡੀ.ਐਮ. ਸ੍ਰੀ ਅਮਨਦੀਪ ਬਾਂਸਲ, ਕਾਰਜ ਸਾਧਕ ਅਫ਼ਸਰ ਅਸ਼ੋਕ ਅਰੋੜਾ, ਮੁੱਖ ਖੇਤੀਬਾੜੀ ਅਫ਼ਸਰ ਸ. ਬਲਵਿੰਦਰ ਸਿੰਘ ਮਾਨ, ਜ਼ਿਲ੍ਹਾ ਮੰਡੀ ਅਫ਼ਸਰ ਸ. ਰਾਮ ਸਿੰਘ, ਡੀ.ਓ ਸੈਕੰਡਰੀ ਸ. ਮੇਜਰ ਸਿੰਘ, ਡੀ.ਓ ਐਲੀਮੈਂਟਰੀ ਸ੍ਰੀ ਸੰਦੀਪ ਸਿੰਘ ਨਾਗਰ ਅਤੇ ਹੋਰ ਅਕਾਲੀ ਆਗੂ ਅਤੇ ਅਧਿਕਾਰੀ ਹਾਜਰ ਸਨ।