ਨਵੀਂ ਦਿੱਲੀ, 29 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)-ਬੀਤੇ ਦਿਨ ਦਿੱਲੀ ਦੀ ਇਕ ਅਦਾਲਤ ਵਿੱਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ.ਆਈ.ਆਰ. ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ,121 ਅਤੇ 307 ਅਧੀਨ ਸਮੇਂ ਤੋਂ ਤਕਰੀਬਨ 2 ਘੰਟੇ ਦੀ ਦੇਰੀ ਨਾਲ ਮਾਨਨੀਯ ਜੱਜ ਦਯਾ ਪ੍ਰਕਾਸ਼ ਜੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਰਿੰਦਰ ਸਿੰਘ ਕੰਡਾ ਜੋ ਕਿ ਜਮਾਨਤ ਤੇ ਹਨ ਉਹ ਵੀ ਨਾਲ ਹੀ ਪੇਸ਼ ਹੋਏ ਸਨ। ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹਨ ਤੇ ਸਰਕਾਰੀ ਗਵਾਹ ਨੇ ਅਦਾਲਤ ਵਿਚ ਹਾਜ਼ਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ। ਅੱਜ ਕੋਰਟ ਅੰਦਰ ਚਲੀ 2 ਘੰਟੇ ਦੀ ਗਵਾਹੀ ਦੌਰਾਨ ਭਾਈ ਹਵਾਰਾ ਅਤੇ ਸੁਰਿੰਦਰ ਕੰਡਾ ਦੇ ਸੀਨਿਅਰ ਵਕੀਲ ਮਨਿੰਦਰ ਸਿੰਘ ਨੇ ਸਰਕਾਰੀ ਗਵਾਹ ਨਾਲ ਕਰਾਸ ਬਹਿਸ ਕਰਦਿਆਂ ਕਈ ਜਗ੍ਹਾ ਤੇ ਉਸ ਨੂੰ ਨਿਰੁਤਰ ਕਰ ਦਿੱਤਾ। ਸਰਕਾਰੀ ਗਵਾਹ ਦੇ ਹਾਲਾਤ ਦੇਖਣ ਯੋਗ ਸਨ ਤੇ ਉਹ ਬਾਰ-ਬਾਰ ਠੰਡ ਹੋਣ ਦੇ ਬਾਵਜੂਦ ਵੀ ਅਪਣੇ ਮੱਥੇ ਤੇ ਆਏ ਪਸੀਨੇ ਨੂੰ ਪੁਛੀ ਜਾ ਰਿਹਾ ਸੀ ਤੇ ਕੋਰਟ ਵਿੱਚ ਹਾਜ਼ਰ ਸਾਰੇ ਵਕੀਲ ਇਹ ਨਜ਼ਾਰਾ ਦੇਖ ਰਹੇ ਸਨ। ਅੱਜ ਕੋਰਟ ਵਿੱਚ ਦੋ ਗਵਾਹ ਅਪਣੀ ਗਵਾਹੀ ਦਰਜ਼ ਕਰਵਾਉਣ ਲਈ ਹਾਜ਼ਰ ਹੋਏ ਸਨ, ਪਰ ਸਮਾਂ ਜ਼ਿਆਦਾ ਹੋ ਜਾਣ ਕਰਕੇ ਇੱਕੋ ਗਵਾਹ ਹੀ ਅਪਣੀ ਗਵਾਹੀ ਦਰਜ ਕਰਵਾ ਸਕਿਆ। ਅੱਜ ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਗੁਰਚਰਨ ਸਿੰਘ, ਭਾਈ ਜੋਰਾਵਰ ਸਿੰਘ, ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਬਲਬੀਰ ਸਿੰਘ ਸਮੇਤ ਹੋਰ ਬਹੁਤ ਸਾਰੇ ਸਿੰਘ ਅਤੇ ਪ੍ਰੇਮੀ ਸੱਜਣ ਹਾਜ਼ਰ ਸਨ। ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਅਤੇ 26 ਫਰਵਰੀ ਨੂੰ ਹੋਵੇਗੀ।