Skip to content
Independent perspectives. Global stories.
BREAKING

ਪ੍ਰਾਪਰਟੀ ਕਾਰੋਬਾਰੀਆਂ ਨੂੰ ਮੰਦੇ ਦੇ ਦੌਰ ’ਚੋਂ ਨਿੱਕਲਣ ਦੀ ਆਸ ਬੱਝੀ

Share this story

2005 ਤੋਂ ਪਹਿਲਾਂ ਦੇ ਨੋਟ ਬੰਦ ਹੋਣ ਦੇ ਐਲਾਨ ਤੋਂ ਬਾਅਦ ਜਮ੍ਹਾ ਕਾਲਾ ਧਨ ਬਾਹਰ ਨਿਕਲੇਗਾ
image ਮਾਛੀਵਾੜਾ ਸਾਹਿਬ 28 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਭਾਰਤੀ ਰਿਜ਼ਰਵ ਬੈਂਕ ਵੱਲੋਂ ਪਿਛਲੇ ਹਫ਼ਤੇ ਅਖ਼ਬਾਰਾਂ ਵਿਚ ਦਿੱਤੇ ਗਏ ਬਿਆਨ ਅਨੁਸਾਰ ਕਿ 2005 ਤੋਂ ਪਹਿਲਾਂ ਵਾਲੇ ਨੋਟ ਅਗਲੇ ਕੁਝ ਮਹੀਨਿਆਂ ਵਿਚ ਬੰਦ ਕਰ ਦਿੱਤੇ ਜਾਣਗੇ। ਰਿਜ਼ਰਵ ਬੈਂਕ ਦੇ ਇਸ ਐਲਾਨ ਨਾਲ ਮੰਦੇ ਦੇ ਦੌਰ ਵਿਚ ਬੈਠੇ ਪ੍ਰਾਪਰਟੀ ਕਾਰੋਬਾਰੀਆਂ ਨੂੰ ਆਸ ਬੱਝੀ ਹੈ ਕਿ ਜਮਾਂ ਧਨ ਬਜਾਰ ਵਿਚ ਆਵੇਗਾ ਤੇ ਪ੍ਰਾਪਰਟੀ ਦਾ ਕਾਰੋਬਾਰ ਫਿਰ ਜੰਮ ਕੇ ਚੱਲੇਗਾ।ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਮਾਹਿਰਾਂ ਅਨੁਸਾਰ ਪਿਛਲੇ ਕਰੀਬ ਦੋ ਸਾਲਾਂ ਤੋਂ ਇਸ ਕਾਰੋਬਾਰ ਵਿਚ ਐਨਾ ਮੰਦਾ ਆ ਗਿਆ ਕਿ ਜਿੱਥੇ ਖੇਤੀਬਾੜੀ ਜਮੀਨਾਂ ਦੇ ਭਾਅ ਵਿਚ ਗਿਰਾਵਟ ਆਈ ਉਥੇ ਸਰਕਾਰ ਵੱਲੋਂ ਅਣਅਧਿਕਾਰਿਤ ਕਲੋਨੀਆਂ ਵਿਚ ਲਗਾਏ ਬੇਤਹਾਸ਼ਾ ਟੈਕਸ ਕਾਰਨ ਸ਼ਹਿਰੀ

ਜਾਇਦਾਦ ਦੇ ਭਾਅ ਵੀ 40 ਫੀਸਦੀ ਗਿਰ ਗਏ ਹਨ ਜਿਸ ਕਾਰਨ ਇਸ ਧੰਦੇ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਨੇ ਆਪਣਾ ਸਾਰਾ ਕੈਸ਼ ਜਮ੍ਹਾਂ ਕਰ ਲਿਆ ਤੇ ਪ੍ਰਾਪਰਟੀ ਵਿਚ ਨਿਵੇਸ਼ ਕਰਨ ਤੋਂ ਹੱਥ ਖਿੱਚ ਲਿਆ। ਪਰ ਹੁਣ ਰਿਜ਼ਰਵ ਬੈਂਕ ਵੱਲੋਂ ਕੀਤਾ ਗਿਆ ਐਲਾਨ ਕਿ 2005 ਤੋਂ ਪਹਿਲਾਂ ਵਾਲੇ ਨੋਟ ਆਉਣ ਵਾਲੇ ਕੁਝ ਮਹੀਨਿਆਂ ਵਿਚ ਬੰਦ ਕਰ ਦਿੱਤੇ ਜਾਣਗੇ ਇਸ ਲਈ ਹਰੇਕ ਵਿਅਕਤੀ ਇਨਾਂ ਨੋਟਾਂ ਨੂੰ ਆਪਣੇ ਨੇੜਲੇ ਬੈਂਕਾਂ ਵਿਚੋਂ ਤਬਦੀਲ ਕਰ ਲਵੇ। ਪ੍ਰਾਪਰਟੀ ਕਾਰੋਬਾਰੀਆਂ ਅਨੁਸਾਰ ਰਿਜ਼ਰਵ ਬੈਂਕ ਦੇ ਇਸ ਐਲਾਨ ਨਾਲ ਹੁਣ ਅਮੀਰਜ਼ਾਦਿਆਂ, ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਹੋਰ ਉਦਯੋਗਪਤੀ ਜਿਨਾਂ ਕੋਲ ਕਾਲਾ ਧਨ ਜਮਾਂ ਹੈ, ਉਹ ਆਪਣੇ ਕੋਲ ਪਏ ਪੈਸੇ ਨੂੰ ਜੇਕਰ ਬੈਂਕ ਖਾਤਿਆਂ ਰਾਹੀਂ ਤਬਦੀਲ ਕਰਵਾਉਣਗੇ ਤਾਂ ਉਨਾਂ ਤੇ ਇਨਕਮ ਟੈਕਸ ਵਿਭਾਗ ਦੀ ਕਰੜੀ ਨਜ਼ਰ ਰਹੇਗੀ ਇਸ ਲਈ ਇਹ ਕਾਲਾ ਧਨ ਜਮ੍ਹਾਂ ਰੱਖਣ ਵਾਲੇ ਲੋਕਾਂ ਨੂੰ ਆਪਣਾ ਪੈਸਾ ਪ੍ਰਾਪਰਟੀ ਦੇ ਕਾਰੋਬਾਰ ਵਿਚ ਹੀ ਨਿਵੇਸ਼ ਕਰਕੇ ਇਸਨੂੰ ਚਿੱਟਾ ਕਰਨ ਦਾ ਸੌਖਾ ਸਾਧਨ ਹੋਵੇਗਾ। ਪ੍ਰਾਪਰਟੀ ਕਾਰੋਬਾਰੀਆਂ ਅਨੁਸਾਰ ਬਜਾਰ ਦੇ ਵਿਚ ਜਾਇਦਾਦ ਦੀ ਕੀਮਤ ਦਾ ਕੁਲੈਕਟਰ ਰੇਟ ਨਾਲੋਂ ਉਸਦੀ ਬਜਾਰੀ ਕੀਮਤ ਚਾਰ ਗੁਣਾ ਵੱਧ ਹੁੰਦੀ ਹੈ ਇਸ ਲਈ ਆਸਾਨੀ ਦੇ ਨਾਲ ਇਹ ਕਾਲਾ ਧਨ ਕੇਵਲ ਜਾਇਦਾਦ ਦੇ ਕਾਰੋਬਾਰ ਵਿਚ ਹੀ ਨਿਵੇਸ਼ ਹੋ ਸਕਦਾ ਹੈ। ਪਿਛਲੇ ਦੋ ਸਾਲਾਂ ਤੋਂ ਇਸ ਕਾਰੋਬਾਰ ਵਿਚ ਮੰਦੀ ਦਾ ਸਾਹਮਣਾ ਕਰ ਰਹੇ ਪ੍ਰਾਪਰਟੀ ਕਾਰੋਬਾਰੀਆਂ ਦੇ ਨਾਲ ਨਾਲ ਮੰਦੇ ਦੀ ਮਾਰ ਝੱਲ ਰਹੇ ਮਾਲ ਮਹਿਕਮੇ ਅਤੇ ਸਮੁੱਚੇ ਵਪਾਰੀ ਵਰਗ ਨੂੰ ਬੇਸ਼ੱਕ ਹੁਣ ਆਸ ਦੀ ਕਿਰਨ ਤਾਂ ਦਿਖਾਈ ਦੇ ਰਹੀ ਹੈ ਕਿ ਰਿਜ਼ਰਵ ਬੈਂਕ ਵੱਲੋਂ ਨੋਟ ਬਦਲਣ ਦੀ ਬਜਾਏ ਲੋਕ ਆਪਣੇ ਕਾਲੇ ਧਨ ਦੀਆਂ ਜਾਇਦਾਦਾਂ ਖਰੀਦਣਗੇ ਪਰ ਜੇਕਰ ਉਨਾਂ ਦੀ ਇਸ ਆਸ ਨੂੰ ਵੀ ਬੂਰ ਨਾ ਪਿਆ ਤਾਂ ਆਉਣ ਵਾਲੇ ਸਮੇਂ ਵਿਚ ਪ੍ਰਾਪਰਟੀ ਦਾ ਕਾਰੋਬਾਰ ਵਿਚ ਤੇਜੀ ਆਉਣ ਦੀ ਜਲਦ ਸੰਭਾਵਨਾ ਨਹੀਂ ਹੋਵੇਗੀ।

WRITTEN BY