ਕਾਹਨੂੰਵਾਨ, 7 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਹਲਕਾ ਕਾਦੀਆਂ ਦੇ ਸਮੂਹ ਬੀ ਐਲ ਓ ਦੀ ਇਕ ਹੰਗਾਮੀ ਮੀਟਿੰਗ ਸਥਾਨਕ ਸ਼ਹੀਦੀ ਪਾਰਕ ਕਾਹਨੂੰਵਾਨ ਵਿਖੇ ਹੋਏ। ਇਸ ਮੌਕੇ ਬਲਾਕ ਭਰ ਦੇ ਸਮੂਹ ਬੀਐਲਓ ਵਲੋਂ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਸਰਕਾਰ ਅਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਖਿਲ਼ਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੀਐਲਓ ਆਗੂ ਹਰਜੀਤ ਸਿੰਘ ਕਾਹਨੂੰਵਾਨ, ਲਵਪ੍ਰੀਤ ਸਿੰਘ ਰੋੜਾਂਵਾਲੀ ਆਦਿ ਨੇ ਦਸਿਆ ਕਿ ਸਰਕਾਰ ਵਲੋਂ ਉਨ੍ਹਾਂ ਦੀ ਡਿਊਟੀ ਘਰ ਘਰ ਜਾ ਕੇ ਸਰਵੇ ਕਰਨ ਉਤੇ ਲਗਾਈ ਸੀ। ਇਹ ਡਿਊਟੀ ਸਮੂਹ ਬੀਐਲਓ ਨੇ ਪੂਰੀ ਤਨਦੇਹੀ ਨਾਲ ਘਰ ਘਰ ਜਾ ਕੇ ਲੋੜੀਂਦਾ ਡਾਟਾ ਇਕਠਾ ਕਰਕੇ ਆਪਣੇ ਆਪਣੇ ਚੋਣ ਦਫ਼ਤਰਾਂ ਵਿਚ ਜਮਾ ਕਰਵਾ ਦਿਤਾ ਸੀ। ਹੁਣ ਨਵੀਆਂ ਹਦਾਇਤਾਂ ਮੁਤਾਬਿਕ ਮੁਖ ਚੋਣ ਅਫ਼ਸਰਾਂ ਨੂੰ ਇਹ ਸਾਰਾ ਡਾਟਾ ਆਨ ਲਾਈਨ ਇੰਟਰਨੈਟ ਉਤੇ ਦਰਜ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਵਿਭਾਗ ਵਲੋਂ ਡਾਟਾ ਆਨ ਲਾਈਨ ਦਰਜ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਇਹ ਹੁਕਮ ਫਿਰ ਬੀਐਲਓਜ ਉਤੇ ਥੋਪੇ ਜਾ ਰਹੇ ਹਨ ਕਿ ਜਿਹੜਾ ਰਿਕਾਰਡ ਉਨ੍ਹਾਂ ਵਲੋਂ ਦਫ਼ਤਰ ਨੂੰ ਜਮਾ ਕਰਵਾਇਆ ਗਿਆ ਹੈ। ਉਹ ਰਿਕਾਰਡ ਵਾਪਸ ਆਪਣੇ ਕੋਲ ਲੈ ਕੇ ਸਾਰੇ ਬੀਐਲਓ ਖ਼ੁਦ ਆਨ ਲਾਈਨ ਦਰਜ ਕਰਨ। ਉਨ੍ਹਾਂ ਨੇ ਰੋਸ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਡਾਟਾ ਆਨ ਲਾਈਨ ਕਰਨ ਲਈ ਕੋਈ ਕੰਪਿਊਟਰ,ਇੰਟਰਨੈਟ ਜਾਂ ਕੋਈ ਡਾਟਾ ਅਪਰੇਟਰ ਉਪਲਬਧ ਨਹੀਂ ਕਰਵਾਏ ਗਏ ਅਤੇ ਨਾ ਹੀ ਉਨ੍ਹਾਂ ਨੂੰ ਇਹ ਡਾਟਾ ਆਨ ਲਾਈਨ ਕਰਨ ਦੀ ਕੋਈ ਸਿਖਲਾਈ ਦਿਤੀ ਗਈ ਹੈ। ਪਰ ਫਿਰ ਵੀ ਸਖ਼ਤੀ ਨਾਲ ਵਿਭਾਗ ਉਨ੍ਹਾਂ ਨੂੰ ਇਹ ਸਾਰਾ ਕੰਮ ਆਪਣੇ ਹਥ ਲੈਣ ਲਈ ਦਬਾਅ ਪਾ ਰਿਹਾ ਹੈ।ਇਸ ਮੌਕੇ ਸਮੂਹ ਬੀਐਲਓਜ ਨੇ ਸਰਕਾਰ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਬੀਐਲਓ ਦੇ ਵਾਧੂ ਕੰਮ ਲਈ ਉਨ੍ਹਾਂ ਨੂੰ ਮਿਲਣ ਵਾਲਾ ਭਤਾ ਵੀ ਪਿਛੇ ਕਈ ਸਾਲਾਂ ਤੋਂ ਨਹੀਂ ਦਿਤਾ ਗਿਆ। ਇਸ ਮੌਕੇ ਰਾਕੇਸ਼ ਕੁਮਾਰ, ਨਸੀਬ ਸਿੰਘ, ਪਰਮਜੀਤ ਕੁਮਾਰ, ਓਮ ਪ੍ਰਕਾਸ਼, ਮੁਖਤਾਰ, ਨਸੀਬ, ਕੁਲਬੀਰ ਸਿੰਘ, ਜਗਜੀਤ ਸਿੰਘ, ਸਰਬਜੀਤ ਸਿੰਘ, ਨਿਸ਼ਾਨ ਸਿੰਘ, ਰਛਪਾਲ ਸਿੰਘ, ਗਗਨ ਸ਼ਰਮਾ, ਸੁਲਖਣ ਸਿੰਘ, ਸਿਕੰਦਰ ਸਿੰਘ, ਸੁਖਵਿੰਦਰਜੀਤ,ਅਮਰੀਕ ਸਿੰਘ, ਮਨਜੀਤ ਸਿੰਘ, ਇੰਦਰਪਾਲ ਸਿੰਘ,ਕੁਲਵੰਤ ਸਿੰਘ, ਸੁਖਬੀਰ ਸਿੰਘ, ਸੁਖਬੀਰ ਸਿੰਘ ਆਦਿ ਸਮੂਹ ਬੀਐਲਓ ਹਾਜ਼ਰ ਸਨ।
ਬਲਾਕ ਪੱਧਰੀ ਮੀਟਿੰਗ ਮੌਕੇ ਬੀਐਲਓ ਨੇ ਸਰਕਾਰ ਖ਼ਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ



