April 29, 2026 3:51 am

ਪੰਜਾਬ ਕਾਂਗਰਸ ਚੋਣ ਕਮੇਟੀ ਨੇ ਲੋਕ ਸਭਾ ਉਮੀਦਵਾਰਾਂ ਸਬੰਧੀ ਫੈਸਲੇ ਦੇ ਅਧਿਕਾਰ ਏ.ਆਈ.ਸੀ.ਸੀ. ਪ੍ਰਧਾਨ ਨੂੰ ਸੌਂਪੇ

ਚੰਡੀਗੜ੍ਹ, 27 ਜਨਵਰੀ (ਵਿਸ਼ਵ ਵਾਰਤਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਚੋਣ ਕਮੇਟੀ ਨੇ ਇਥੇ ਆਪਣੀ ਪਹਿਲੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ 13 ਲੋਕ ਸਭਾ ਸੀਟਾਂ ਲਈ ਉਮੀਦਵਾਰ ਚੁਣਨ ਦੇ ਅਧਿਕਾਰ ਸੌਂਪ ਦਿੱਤੇ।ਏ.ਆਈ.ਸੀ.ਸੀ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਸ਼ਕੀਲ ਅਹਿਮਦ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਮੇਟੀ ਮੈਂਬਰਾਂ ਨੂੰ ਆਪਣੇ ਸੁਝਾਅ 29 ਜਨਵਰੀ ਦੀ ਸ਼ਾਮ ਤੱਕ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਨਾਮਾਂ ਸਬੰਧੀ ਪ੍ਰੀਕ੍ਰਿਆ ਅੱਗੇ ਵਧਾਉਣ ਵਾਸਤੇ ਏ.ਆਈ.ਸੀ.ਸੀ ਦੀ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਪੀ.ਸੀ. ਚਾਕੋ ਦੀ ਅਗਵਾਈ ਹੇਠ 30 ਜਨਵਰੀ ਨੂੰ ਹੋਵੇਗੀ। ਅਹਿਮਦ ਨੇ ਕਿਹਾ ਕਿ ਕਾਂਗਰਸ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਜਿੱਤ ਦਰਜ਼ ਕਰੇਗੀ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ

ਅਹਿਮਦ ਨੇ ਕਿਹਾ ਕਿ ਏ.ਆਈ.ਸੀ.ਸੀ ਤੇ ਪ੍ਰਦੇਸ਼ ਕਾਂਗਰਸ ਦਾ ਪੰਜਾਬ ’ਚ ਡਰੱਗ ਰੈਕੇਟ ਦੀ ਸੀ.ਬੀ.ਆਈ ਜਾਂਚ ਨੂੰ ਲੈ ਕੇ ਸਮਾਨ ਪੱਖ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਸੀ.ਬੀ.ਆਈ ਜਾਂਚ ਹੀ ਇਸ ਸਕੈਂਡਲ ਦਾ ਖੁਲਾਸਾ ਕਰ ਸਕਦੀ ਹੈ, ਜਿਸ ਦੀਆਂ ਤਾਰਾਂ ਕਈ ਸੂਬਿਆਂ ਤੇ ਦੇਸ਼ਾਂ ਤੱਕ ਫੈਲੀਆਂ ਹੋਈਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਕਮੇਟੀ ਮੈਂਬਰਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ 13 ਸੀਟਾਂ ਲਈ 124 ਚਾਹਵਾਨਾਂ ਨੇ ਅਰਜ਼ੀਆਂ ਦਿੱਤੀਆਂ ਹਨ।
ਇਸ ਮੌਕੇ ਮੀਟਿੰਗ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਵਰਕਿੰਗ ਕਮੇਟੀ ਸਪੈਸ਼ਲ ਇਨਵਾਇਟੀ ਮੋਹਿੰਦਰ ਸਿੰਘ ਕੇ.ਪੀ, ਏ.ਆਈ.ਸੀ.ਸੀ ਸਕੱਤਰ ਕੇ.ਐਲ ਸ਼ਰਮਾ, ਏ.ਆਈ.ਸੀ.ਸੀ ਸਕੱਤਰ ਕੁਲਜੀਤ ਸਿੰਘ ਨਾਗਰਾ, ਕੇਂਦਰੀ ਸੂਚਨਾ ਤੇ ਪ੍ਰਸਾਰਨ ਰਾਜ ਮੰਤਰੀ ਮਨੀਸ਼ ਤਿਵਾੜੀ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸੰਤੋਸ਼ ਚੌਧਰੀ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਐਚ.ਐਸ ਹੰਸਪਾਲ, ਵਿਧਾਨਕਾਰ ਤੇ ਪ੍ਰਦੇਸ਼ ਕਾਂਗਰਸ ਸਾਬਕਾ ਕਾਰਜਕਾਰੀ ਪ੍ਰਧਾਨ ਲਾਲ ਸਿੰਘ, ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ, ਸਾਬਕਾ ਡਿਪਟੀ ਸਪੀਕਰ ਪ੍ਰੋ. ਦਰਬਾਰੀ ਲਾਲ, ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ, ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਰਜੀਆ ਸੁਲਤਾਨਾ, ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਸਰਦੂਲ ਸਿੰਘ, ਪੰਜਾਬ ਯੂਥ ਕਾਂਗਰਸ ਪ੍ਰਧਾਨ ਚੌਧਰੀ ਵਿਕ੍ਰਮ ਸਿੰਘ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਡਾ. ਮਾਲਤੀ ਥਾਪਰ, ਐਨ.ਐਸ.ਯੂ.ਆਈ ਪ੍ਰਧਾਨ ਦਮਨ ਬਾਜਵਾ, ਪ੍ਰਦੇਸ਼ ਕਾਂਗਰਸ ਦੇ ਕਾਰਜਕਾਰਨੀ ਮੈਂਬਰ ਸਲਾਮਤ ਮਸੀਹ ਵੀ ਮੌਜੂਦ ਸਨ।

Send this to a friend