ਸਰਕਾਰ ਨੂੰ ਦਿੱਤੀ 10 ਦਿਨ ਦੀ ਮੌਹਲਤ
ਨਵੀਂ ਦਿੱਲੀ, 27 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ ਦੇ ਵਿਰੁੱਧ ਬਗਾਵਤ ਕਰਨ ਤੋਂ ਬਾਅਦ ਪਾਰਟੀ ਵਿੱਚੋਂ ਕੱਢੇ ਗਏ ਵਿਧਾਇਕ ਵਿਨੋਦ ਕੁਮਾਰ ਬਿੰਨੀ ਨੇ 3 ਘੰਟਿਆਂ ਵਿੱਚ ਹੀ ਆਪਣੀ ਭੁੱਖ ਹੜਤਾਲ ਸਮਾਪਤ ਕਰ ਲਈ ਹੈ। ਬਿੰਨੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੂੰ ਮੈਂ 10 ਦਿਨ ਦੀ ਮੌਹਲਤ ਦਿੰਦਾ ਹਾਂ। ਜੇਕਰ ਇਨ੍ਹਾਂ 10 ਦਿਨਾਂ ਵਿੱਚ ਸਰਕਾਰ ਨੇ ਐਲਾਨ ਕੀਤੀਆਂ ਨੀਤੀਆਂ ਲਾਗੂ ਨਾ ਕੀਤੀਆਂ ਤਾਂ ਉਹ ਮੁੜ ਭੁੱਖ ਹੜਤਾਲ ਸ਼ੁਰੂ ਕਰਨ ਲਈ ਮਜਬੂਰ ਹੋਣਗੇ।ਬਿੰਨੀ ਅੱਜ ਹੀ ਜੰਤਰ ਮੰਤਰ ਵਿਖੇ ਕੇਜਰੀਵਾਲ ਸਰਕਾਰ ਦੇ ਵਿਰੁੱਧ ਧਰਨੇ ਉ¤ਪਰ ਬੈਠੇ ਸਨ। ਇਸ ਤੋਂ ਪਹਿਲਾਂ ਉਨ੍ਹ੍ਹਾਂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕਦੀ। ਇਸ ਲਈ
ਸਰਕਾਰ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਸਰਕਾਰ ਡਿੱਘ ਜਾਵੇ। ਹਾਲਾਂਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਇਸ ਸਬੰਧ ਵਿੱਚ ਬਿੰਨੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਸਰਕਾਰ ਨੇ ਇੱਕ ਮਹੀਨੇ ਵਿੱਚ ਜਿੰਨਾ ਕੰਮ ਕੀਤਾ ਹੈ ਓਨਾ ਕਿਸੇ ਹੋਰ ਸਰਕਾਰ ਨਹੀਂ ਕੀਤਾ। ਕੇਜਰੀਵਾਲ ਨੇ ਬਿੰਨੀ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਰਕਾਰ ਬਚਾਉਣ ਦੀ ਰਾਜਨੀਤੀ ਨਹੀਂ ਕਰਨੀ ਹੈ।
ਜੰਤਰ ਮੰਤਰ ਵਿਖੇ ਕੁਝ ਲੋਕ ਆਮ ਆਦਮੀ ਪਾਰਟੀ ਵਾਲੀ ਚਿੱਟੀ ਟੋਪੀ ਦੀ ਬਜਾਏ ਕਾਲੀ ਟੋਪੀ ਪਾ ਕੇ ਪਹੁੰਚੇ ਸਨ। ਟੋਪੀ ਉ¤ਪਰ ਲਿਖਿਆ ਹੋਇਆ ਸੀ ‘ਅਣਜਾਣ ਆਦਮੀ।’ ਅਜਿਹੀ ਟੋਪੀ ਪਹਿਨੇ ਲੋਕਾਂ ਨੇ ਕਿਹਾ ਕਿ ਹੁਣ ਕੇਜਰੀਵਾਲ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ।
ਦੂਜੇ ਪਾਸੇ ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਪਲ-ਪਲ ਜ਼ੋਰ ਫੜ੍ਹਦੀ ਜਾ ਰਹੀ ਹੈ। ਦਿੱਲੀ ਭਾਜਪਾ ਦੇ ਸਾਰੇ 31 ਵਿਧਾਇਕ ਇਸ ਮੰਗ ਨੂੰ ਲੈ ਕੇ ਸਕੱਤਰੇਤ ’ਚ ਧਰਨਾ ਦੇ ਰਹੇ ਹਨ।