ਧਕ ਧਕ ਗਰਲ ਮਾਧੁਰੀ ਦੀਕਸ਼ਿਤ ਦਾ ਫ਼ਿਲਮੀ ਕਰੀਅਰ ਜਦੋਂ ਸਿਖ਼ਰ ’ਤੇ ਸੀ ਤਾਂ ਇਹ ਅਦਾਕਾਰਾ ਅਮਰੀਕਾ ਰਹਿੰਦੇ ਡਾਕਟਰ ਸ੍ਰੀਰਾਮ ਨੇਨੇ ਨਾਲ ਘਰ ਵਸਾ ਕੇ ਵਿਦੇਸ਼ ਜਾ ਵਸੀ। ਇਸ ਦੌਰਾਨ ਫ਼ਿਲਮ ਇੰਡਸਟਰੀ ਤੋਂ ਉਸ ਨੂੰ ਕਈ ਸੱਦੇ ਆਏ ਪਰ ਇਸ ਅਦਾਕਾਰਾ ਨੇ ਗ੍ਰਹਿਸਥੀ ਵੱਲ ਧਿਆਨ ਦੇਣ ਦੀ ਗੱਲ ਕਹਿ ਕੇ ਇਨ੍ਹਾਂ ਪੇਸ਼ਕਸ਼ਾਂ ਨੂੰ ਟਾਲ ਦਿੱਤਾ। ਪਰ ਦੋ ਪੁੱਤਾਂ ਦੀ ਮਾਂ ਬਣਨ ਮਗਰੋਂ ਮਾਧੁਰੀ ਸਭ ਤੋਂ ਪਹਿਲਾਂ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ਵਿੱਚ ਜੱਜ ਦੀ ਭੂਮਿਕਾ ਕਰਦੀ ਨਜ਼ਰ ਆਈ। ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਮਿਲੇ ਹੁੰਗਾਰੇ ਨੇ ਇਸ ਅਦਾਕਾਰਾ ਦਾ ਹੌਸਲਾ ਇਸ ਕਦਰ ਵਧਾਇਆ ਕਿ ਉਹ ਆਪਣੇ ਪਤੀ ਡਾ. ਨੇਨੇ ਨਾਲ ਦੇਸ਼ ਪਰਤ ਆਈ। ਇਥੇ ਆ ਕੇ ਉਹ ਨਾ ਸਿਰਫ ਛੋਟੇ ਪਰਦੇ ਬਲਕਿ ਵੱਡੇ ਪਰਦੇ ’ਤੇ ਮੁੜ ਸਰਗਰਮ ਹੋ ਗਈ। ਯਸ਼ਰਾਜ ਫ਼ਿਲਮਜ਼ ਦੀ ‘ਆਜਾ ਨੱਚ ਲੈ’ ਨਾਲ ਮਾਧੁਰੀ ਨੇ ਬਾਲੀਵੁੱਡ ’ਚ ਵਾਪਸੀ ਕੀਤੀ ਸੀ, ਪਰ ਫ਼ਿਲਮ ਦੀ ਪਟਕਥਾ ’ਚ ਕੋਈ ਦਮ ਨਾ ਹੋਣ ਕਰਕੇ ਫ਼ਿਲਮ ਬਾਕਸ ਆਫਿਸ ’ਤੇ ਪਿਟ ਗਈ ਹਾਲਾਂਕਿ ਮਾਧੁਰੀ ਦੇ ਕੰਮ ਦੀ ਰੱਜ ਕੇ ਤਾਰੀਫ਼
ਹੋਈ। ਅੱਜ ਇਹ ਅਦਾਕਾਰਾ ਜਿੱਥੇ ‘ਡੇਢ ਇਸ਼ਕੀਆ’ ਤੇ ‘ਗੁਲਾਬ ਗੈਂਗ’ ਫ਼ਿਲਮਾਂ ਕਰ ਰਹੀ ਹੈ ਤਾਂ ਦੂਜੇ ਪਾਸੇ ‘ਡਾਂਸ ਵਿਦ ਮਾਧੁਰੀ’ ਵੈਬਸਾਈਟ ਜ਼ਰੀਏ ਇੰਟਰਨੈੱਟ ’ਤੇ ਡਾਂਸ ਦੇ ਸ਼ੌਕੀਨਾਂ ਨੂੰ ਟ੍ਰੇਨਿੰਗ ਵੀ ਦੇ ਰਹੀ ਹੈ। ਮਾਧੁਰੀ ਸਿਨਮਿਆਂ ਦਾ ਸ਼ਿੰਗਾਰ ਬਣੀ ਵਿਸ਼ਾਲ ਭਾਰਦਵਾਜ ਦੀ ਫ਼ਿਲਮ ‘ਡੇਢ ਇਸ਼ਕੀਆ’ ਨੂੰ ਲੈ ਕੇ ਸੁਰਖੀਆਂ ’ਚ ਹੈ। ਪੇਸ਼ ਹਨ ਮਾਧੁਰੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼:
* ਫ਼ਿਲਮ ‘ਡੇਢ ਇਸ਼ਕੀਆ’ ਕੀ ਹੈ।
‘ਡੇਢ ਇਸ਼ਕੀਆ’ ਵਿਸ਼ਾਲ ਭਾਰਦਵਾਜ ਦੀ 2010 ਵਿੱਚ ਰਿਲੀਜ਼ ਹੋਈ ਫ਼ਿਲਮ ‘ਇਸ਼ਕੀਆ’ ਦਾ ਸਿਕੁਏਲ ਹੈ। ਫ਼ਿਲਮ ਵਿੱਚ ਮੈਂ ਮਹਿਮੂਦਾਬਾਦ ਦੀ ਬੇਗ਼ਮ ਪਾਰਾ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਵਿੱਚ ਲਖਨਊ ਦੀ ਅਦਬ ਦੇ ਨਾਲ ਪਿਆਰ, ਰੋਮਾਂਸ, ਧੋਖਾ ਸਭ ਕੁਝ ਹੈ। ਫ਼ਿਲਮ ਵਿੱਚ ਨਸੀਰੂਦੀਨ ਸ਼ਾਹ, ਅਰਸ਼ਦ ਵਾਰਸੀ, ਵਿਜੈ ਰਾਜ ਤੇ ਹੁਮਾ ਕੁਰੈਸ਼ੀ ਨਾਲ ਕੰਮ ਕਰਕੇ ਮੈਨੂੰ ਬਹੁਤ ਮਜ਼ਾ ਆਇਆ।
* ‘ਇਸ਼ਕੀਆ’ ਵਿੱਚ ਬਦਲਾ ਲੈਣ ਦੀ ਗੱਲ ਕੀਤੀ ਸੀ, ਕੀ ‘ਡੇਢ ਇਸ਼ਕੀਆ’ ਵਿੱਚ ਵੀ ਇਹੋ ਕੁਝ ਹੈ।
– ਨਹੀਂ, ਇਸ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ। ‘ਡੇਢ ਇਸ਼ਕੀਆ’ ਵਿੱਚ ਹਰ ਇਨਸਾਨ ਆਪਣੀ ਖੁਸ਼ੀ ਲਈ ਕੁਝ ਕਰਨਾ ਚਾਹੁੰਦਾ ਹੈ। ਉਸ ਖੁਸ਼ੀ ਨੂੰ ਪਾਉਣ ਲਈ ਉਹ ਕੁਰਬਾਨੀ ਦੇਣ ਨੂੰ ਵੀ ਤਿਆਰ ਹਨ।
* ਬੇਗ਼ਮ ਪਾਰਾ ਨੂੰ ਕਿਹੜੀ ਖੁਸ਼ੀ ਦੀ ਭਾਲ ਹੈ।
– ਬੇਗ਼ਮ ਪਾਰਾ ਨੂੰ ਆਪਣੀ ਜ਼ਿੰਦਗੀ ’ਚ ਖੁਸ਼ੀ ਚਾਹੀਦੀ ਹੈ ਜੋ ਉਸ ਨੂੰ ਕਦੇ ਵੀ ਨਹੀਂ ਮਿਲਦੀ, ਪਰ ਉਹ ਇਸੇ ਕੋਸ਼ਿਸ਼ ’ਚ ਹੈ ਕਿ ਉਨ੍ਹਾਂ ਨੂੰ ਖੁਸ਼ੀਆਂ ਮਿਲ ਜਾਣ।
* ਵਿਆਹ ਤੋਂ ਪਹਿਲਾਂ ਤੁਸੀਂ ਇੰਡਸਟਰੀ ਦੇ ਹਰੇਕ ਹੀਰੋ ਨਾਲ ਰੋਮਾਂਟਿਕ ਦ੍ਰਿਸ਼ ਫ਼ਿਲਮਾਏ ਹਨ। ਹੁਣ ਵਿਆਹ ਮਗਰੋਂ ‘ਡੇਢ ਇਸ਼ਕੀਆ’ ’ਚ ਨਸੀਰ ਨਾਲ ਰੋਮਾਂਸ ਕਰਦਿਆਂ ਕੋਈ ਘਬਰਾਹਟ ਲੱਗੀ ਹੋਵੇ।
– ਨਹੀਂ, ਅਸੀਂ ਆਮ ਦ੍ਰਿਸ਼ਾਂ ਵਾਂਗ ਹੀ ਰੋਮਾਂਟਿਕ ਦ੍ਰਿਸ਼ ਵੀ ਕੀਤੇ ਹਨ। ਲੋਕ ਸਮਝਦੇ ਹਨ ਕਿ ਨਸੀਰ ਸੀਰੀਅਸ ਕਲਾਕਾਰ ਹਨ, ਪਰ ਅਸਲ ’ਚ ਉਹ ਹਸੀ-ਮਜ਼ਾਕ ਕਰਨ ਵਾਲੇ ਇਨਸਾਨ ਹਨ। ਨਸੀਰ ਨਾਲ ਰੋਮਾਂਟਿਕ ਦ੍ਰਿਸ਼ ਫ਼ਿਲਮਾਉਂਦਿਆਂ ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਦੀਆਂ ਅੱਖਾਂ ਬਹੁਤ ਡੂੰਘੇ ਭਾਵ ਬਿਆਨਦੀਆਂ ਹਨ। ਉਨ੍ਹਾਂ ਦੀ ਅਦਾਕਾਰੀ ’ਚ ਇਕ ਨੈਚੁਰਲ ਟੱਚ ਹੁੰਦਾ ਹੈ।
* ਫ਼ਿਲਮ ’ਚ ਬੇਗ਼ਮ ਪਾਰਾ ਨਵਾਬ ਦੇ ਖਾਨਦਾਨ ’ਚੋਂ ਹੈ। ਕੀ ਇਸ ਕਿਰਦਾਰ ਲਈ ਤੁਸੀਂ ਨਵਾਬਾਂ ਬਾਰੇ ਵੀ ਕੋਈ ਜਾਣਕਾਰੀ ਹਾਸਲ ਕੀਤੀ।
– ‘ਡੇਢ ਇਸ਼ਕੀਆ’ ਨਵਾਬੀ ਖਾਨਦਾਨਾਂ ਦੀ ਕਹਾਣੀ ਨਾ ਹੋ ਕੇ ਬੇਗ਼ਮ ਪਾਰਾ ਦੀ ਆਪਣੀ ਜੀਵਨ ਯਾਤਰਾ ਹੈ। ਬੇਗ਼ਮ ਪਾਰਾ ਕੀ ਹੈ, ਜ਼ਿੰਦਗੀ ’ਚ ਉਹਦੇ ਕੀ ਤਜਰਬੇ ਹਨ, ਇਹੀ ਫ਼ਿਲਮ ਦੀ ਕਹਾਣੀ ਹੈ। ਕਹਾਣੀ ਦਾ ਵਿਸ਼ਾ ਵਸਤੂ ਲਖਨਊ ਨਾਲ ਸਬੰਧਤ ਹੋਣ ਕਰਕੇ ਉਰਦੂ ਟੱਚ ਹੈ। ਇਸ ਲਈ ਕਿੱਥੇ ਨੁਕਤਾ ਲੱਗੇਗਾ ਕਿੱਥੇ ਨਹੀਂ, ਇਸ ਗੱਲ ਵੱਲ ਖਾਸ ਤਵੱਜੋ ਦਿੱਤੀ ਹੈ। ਫ਼ਿਲਮੀ ਕਰੀਅਰ ਦੀ ਸ਼ੁਰੂਆਤ ’ਚ ਮੈਂ ਉਰਦੂ ਭਾਸ਼ਾ ਸਿੱਖੀ ਸੀ ਜਿਸ ਦਾ ਮੈਨੂੰ ਇਸ ਫ਼ਿਲਮ ’ਚ ਲਾਹਾ ਮਿਲਿਆ ਹੈ।
* ਸੁਣਿਆ ਬੇਗ਼ਮ ਪਾਰਾ ਨੂੰ ਪਾਨ ਖਾਣ ਦਾ ਬੜਾ ਸ਼ੌਕ ਹੈ। ਲਖਨਊ ਵਿੱਚ ਤਾਂ ਪਾਨ ਲਗਾਉਣ ਦਾ ਇੱਕ ਵੱਖਰਾ ਅੰਦਾਜ਼ ਹੈ। ਕੀ ਤੁਹਾਨੂੰ ਵੀ ਇਹ ਅੰਦਾਜ਼ ਸਿੱਖਣ ਦੀ ਲੋੜ ਪਈ।
– ਸੱਚ ਪੁੱਛੋ ਤਾਂ ਅਸੀਂ ਇਸ ਮਾਮਲੇ ਵਿਚ ਬਹੁਤਾ ਵਿਸਥਾਰ ’ਚ ਨਹੀਂ ਗਏ। ਬੇਗ਼ਮ ਨੂੰ ਫ਼ਿਲਮ ’ਚ ਪਾਨ ਖਾਣ ਦਾ ਸ਼ੌਕ ਹੈ। ਉਹ ਕੁਝ ਦ੍ਰਿਸ਼ਾਂ ’ਚ ਪਾਨ ਲਗਾਉਂਦੀ ਹੋਈ ਨਜ਼ਰ ਵੀ ਆਉਂਦੀ ਹੈ। ਹਾਂ, ਪਾਨ ਖਾਣ ਨਾਲ ਮੈਨੂੰ ਆਪਣੇ ਕਿਰਦਾਰ ’ਚ ਢਲਣ ਵਿੱਚ ਮਦਦ ਜ਼ਰੂਰ ਮਿਲੀ। ਸ਼ੂਟਿੰਗ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਅਸੀਂ ਹਰ ਦ੍ਰਿਸ਼ ’ਚ ਪਾਨ ਨਹੀਂ ਖਾ ਸਕਦੇ। ਪਹਿਲਾਂ ਵੱਡੇ ਪਾਨ ਖਾਂਦੀ ਸੀ, ਫਿਰ ਹੌਲੀ-ਹੌਲੀ ਛੋਟੇ ਪਾਨ ਖਾਣ ਦੀ ਆਦਤ ਪਾ ਲਈ।
* ਫ਼ਿਲਮ ਦੇ ‘ਪ੍ਰੋਮੋਜ਼’ ਵੇਖ ਕੇ ਤੁਹਾਡੇ ਬੱਚਿਆਂ ਨੇ ਕੀ ਕਿਹਾ।
– ਬੱਚੇ ਅਜੇ ਇੰਨੇ ਵੱਡੇ ਨਹੀਂ ਹੋਏ ਕਿ ਜ਼ਿਆਦਾ ਕੁਝ ਕਹਿ ਸਕਣ। ਟੀ.ਵੀ. ’ਤੇ ਫ਼ਿਲਮ ਦਾ ਪ੍ਰੋਮੋ ਵੇਖ ਕੇ ਇੰਨਾ ਹੀ ਕਿਹਾ ‘ਮੰਮੀ ਕੀ ਇਹ ਤੁਸੀਂ ਹੋ? ਤੁਸੀਂ ਤਾਂ ਬਹੁਤ ਸੁੰਦਰ ਲਗ ਰਹੇ ਹੋ।’ ਅਸਲ ਵਿਚ ਬੇਗ਼ਮ ਪਾਰਾ ਦੀ ਲੁਕ ਨੂੰ ਵੇਖ ਕੇ ਬੱਚੇ ਹੈਰਾਨ ਹੀ ਰਹਿ ਗਏ ਸਨ।
* ਫ਼ਿਲਮ ਦਾ ਗੀਤ ਜਿਹੜਾ ਤੁਹਾਨੂੰ ਪਸੰਦ ਹੋਵੇ।
– ਨਿੱਜੀ ਤੌਰ ’ਤੇ ਮੈਨੂੰ ਫ਼ਿਲਮ ਦੇ ਦੋ ਗੀਤ ‘ਹਮਾਰੀ ਅਟਰੀਆ ਪੇ…’ ਤੇ ਬਿਰਜੂ ਮਹਾਰਾਜ ਦਾ ਕੋਰੀਓਗ੍ਰਾਫ ਕੀਤਾ ਗੀਤ ‘ਜਗਾਵੇ ਸਾਰੀ ਰੈਨਾ…’ ਬੇਹੱਦ ਪਸੰਦ ਹਨ ਕਿਉਂਕਿ ਇਹ ਮੇਰੇ ਦਿਲ ਦੇ ਮਿਜ਼ਾਜ ਦੇ ਹਨ।
* ਤੁਸੀਂ ਕਈ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ। ਅਭਿਸ਼ੇਕ ਚੌਬੇ ਬਾਰੇ ਤੁਹਾਡੀ ਕੀ ਰਾਇ ਹੈ।
– ਮੈਂ ਤਾਂ ‘ਇਸ਼ਕੀਆ’ ਵੇਖ ਕੇ ਹੀ ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਗਈ ਸੀ। ‘ਡੇਢ ਇਸ਼ਕੀਆ’ ’ਚ ਉਨ੍ਹਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਮਜ਼ਾ ਆਇਆ। ਸੈੱਟ ’ਤੇ ਚੌਬੇ ਇਸ ਗੱਲ ਦਾ ਬਰੀਕੀ ਨਾਲ ਅਧਿਐਨ ਕਰਦੇ ਨੇ ਕਿ ਕਿਰਦਾਰ ਕਿਸ ਤਰ੍ਹਾਂ ਦਾ ਹੈ, ਕਲਾਕਾਰ ਉਸ ਨੂੰ ਕਿਸ ਤਰ੍ਹਾਂ ਪੇਸ਼ ਕਰ ਰਿਹਾ ਹੈ। ਜਦੋਂ ਸੈੱਟ ’ਤੇ ਨਿਰਦੇਸ਼ਕ ਦੀ ਸਲਾਹ ਬਾਰ-ਬਾਰ ਮਿਲੇ ਤਾਂ ਪਰਫਾਰਮੈਂਸ ਨਿੱਖਰ ਕੇ ਸਾਹਮਣੇ ਆਉਂਦੀ ਹੈ। ਉਹ ਹਰ ਦ੍ਰਿਸ਼ ਨੂੰ ਬੜੀ ਖੂਬਸੂਰਤੀ ਨਾਲ ਫ਼ਿਲਮਾਉਂਦੇ ਨੇ।