ਬੰਬੇ ਹਾਈਕੋਰਟ ’ਚ ਸੁਣਵਾਈ ਅਧੀਨ ਦੋ ਪਟੀਸ਼ਨਾਂ ਸੁਪਰੀਮ ਕੋਰਟ ’ਚ ਤਬਦੀਲ
ਨਵੀਂ ਦਿਲੀ, 22 ਜਨਵਰੀ- ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਸ੍ਰੀ ਬੀ.ਐਚ. ਲੋਇਆ ਦੀ ਸ਼ੱਕੀ ਮੌਤ ਨੂੰ ਲੈ ਕੇ ਸੋਮਵਾਰ ਨੂੰ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਵੱਡਾ ਆਦੇਸ਼ ਦਿੰਦੇ ਹੋਏ ਬੰਬੇ ਹਾਈਕੋਰਟ ਵਿੱਚ ਇਸ ਕੇਸ ਨਾਲ ਸਬੰਧਿਤ ਚੱਲ ਰਹੀਆਂ ਦੋ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਕੇਸ ਦੀ ਸੁਣਵਾਈ 2 ਫਰਵਰੀ ਤੋਂ ਸ਼ੁਰੂ ਕਰਨ ਦਾ ਹੁਕਮ ਸੁਣਾਇਆ ਗਿਆ ਹੈ।
ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਹਾਈ ਕੋਰਟ ’ਚ ਹੁਣ ਜਜ ਸ੍ਰੀ ਲੋਇਆ ਨਾਲ ਜੁੜੇ ਮਾਮਲੇ ਦੀ ਸੁਣਵਾਈ ਨਹੀਂ ਹੋਵੇਗੀ। ਸੁਪਰੀਮ ਕੋਰਟ ਨੇ ਨੋਟਿਸ ਲੈਂਦੇ ਹੋਏ ਕਿਹਾ ਕਿ ਕਈ ਅਖਬਾਰ ਅਤੇ ਮੀਡੀਆ ਗਰੁਪ ਨੇ ਜਜ ਲੋਇਆ ਦੀ ਮੌਤ ‘ਤੇ ਸਵਾਲ ਚੁਕੇ ਹਨ, ਪਰ ਅਦਾਲਤ ਦਸਤਾਵੇਜ਼ਾਂ ਅਤੇ ਸਬੂਤਾਂ ਦੇ ਆਧਾਰ ਉਪਰ ਹੀ ਇਸ ਕੇਸ ਦੀ ਨਿਯਮ ਅਨੁਸਾਰ ਹੀ ਸੁਣਵਾਈ ਕਰੇਗੀ। ਅਦਾਲਤ ਨੇ ਸਾਰੇ ਵਕੀਲਾਂ ਨੂੰ ਸਹਿਯੋਗ ਦੇਣ ਲਈ ਆਖਿਆ ਹੈ। ਕੇਸ ਦੀ ਸੁਣਵਾਈ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਦੀਪਕ ਮਿਸ਼ਰਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਬੈਚ ਵੱਲੋਂ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਜਸਟਿਸ ਲੋਇਆ ਬਹੁਚਰਚਿਤ ਸੋਹਰਾਬੁਦੀਨ ਸ਼ੇਖ ਕਥਿਤ ਪੁਲਿਸ ਮੁਕਾਬਲੇ ਦੀ ਮਾਮਲੇ ਦੀ ਸੁਣਵਾਈ ਕਰ ਰਹੇ ਸਨ। 2005 ‘ਚ ਸੋਹਰਾਬੁਦੀਨ ਸ਼ੇਖ ਅਤੇ ਉਸ ਦੀ ਪਤਨੀ ਕੌਸਰ ਨੂੰ ਗੁਜਰਾਤ ਪੁਲਸ ਨੇ ਅਗਵਾ ਕੀਤਾ ਅਤੇ ਹੈਦਰਾਬਾਦ ਮੁਕਾਬਲੇ ‘ਚ ਉਨ੍ਹਾਂ ਨੂੰ ਮਾਰ ਦਿਤਾ ਗਿਆ।ਸੋਹਰਾਬੁਦੀਨ ਮੁਕਾਬਲੇ ਦੇ ਗਵਾਹ ਤੁਲਸੀਰਾਮ ਦੀ ਵੀ ਮੌਤ ਹੋ ਚੁਕੀ ਹੈ। ਇਸ ਮਾਮਲੇ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਵੀ ਨਾਂ ਜੁੜਿਆ ਸੀ। ਮਾਮਲੇ ਨਾਲ ਜੁੜੇ ਟ੍ਰਾਇਲ ਨੂੰ ਸੁਪਰੀਮ ਕੋਰਟ ਨੇ ਮਹਾਰਾਸ਼ਟਰ ‘ਚ ਟਰਾਂਸਫਰ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਪਹਿਲਾਂ ਜਜ ਉਤਪਤ ਕਰ ਰਹੇ ਸਨ ਪਰ ਅਮਿਤ ਸ਼ਾਹ ਦੇ ਸੁਣਵਾਈ ‘ਚ ਪੇਸ਼ ਨਾ ਹੋਣ ‘ਤੇ ਜਦੋਂ ਉਨ੍ਹਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਉਨ੍ਹਾਂ ਦਾ ਤਬਾਦਲਾ ਕਰ ਦਿਤਾ ਗਿਆ।ਇਸ ਤੋਂ ਬਾਅਦ ਜਸਟਿਸ ਲੋਇਆ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਦਸੰਬਰ 2014 ‘ਚ ਜਸਟਿਸ ਲੋਇਆ ਦੀ ਸ਼ੱਕੀ ਹਾਲਾਤਾਂ ਵਿੱਚ ਨਾਗਪੁਰ ‘ਚ ਮੌਤ ਹੋ ਗਈ ਸੀ। ਜਸਟਿਸ ਲੋਇਆ ਦੀ ਮੌਤ ਤੋਂ ਬਾਅਦ ਜਿਨ੍ਹਾਂ ਜਜਾਂ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ, ਉਨ੍ਹਾਂ ਨੇ ਸ਼ਾਹ ਨੂੰ ਇਸ ਮਾਮਲੇ ’ਚੋਂ ਬਰੀ ਕਰ ਦਿਤਾ। ਕੁਝ ਸਮੇਂ ਪਹਿਲਾਂ ਇਕ ਮੈਗਜ਼ੀਨ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਕਿ ਜਸਟਿਸ ਲੋਇਆ ਦੀ ਮੌਤ ਸਾਧਾਰਣ ਨਹੀਂ ਸੀ ਸਗੋਂ ਸ਼ਕੀ ਸੀ।



