April 29, 2026 6:09 pm

ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਸੇਰਾ ਸਾਬਤ ਹੋਵੇਗੀ ਜੰਗ-ਏ-ਆਜ਼ਾਦੀ ਦੀ ਯਾਦਗਾਰ : ਢੀਂਡਸਾ

ਰਾਜ ਸਭਾ ਮੈਂਬਰ ਵੱਲੋਂ ਆਜ਼ਾਦੀ ਘੁਲਾਟੀਆਂ ਦੀ ਯਾਦਗਾਰ ਲਈ 4 ਲੱਖ ਰੁਪਏ ਦੇਣ ਦਾ ਐਲਾਨ
image ਸੰਗਰੂਰ, 23 ਜਨਵਰੀ (ਹਰਿੰਦਰ ਖਾਲਸਾ)-‘‘ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਆਜ਼ਾਦੀ ਲਈ ਜੰਗ ਲੜਨ ਵਾਲੇ ਅਨੇਕਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਮਾਰਗ ਦਸੇਰੇ ਲਈ ਇਨ੍ਹਾਂ ਸ਼ਹੀਦਾਂ ਦੀ ਦੇਸ਼ ਦੀ ਪਹਿਲੀ ਤੇ ਆਪਣੀ ਕਿਸਮ ਦੀ ਨਿਵੇਕਲੀ ਯਾਦਗਾਰ ਜ¦ਧਰ ਨੇੜੇ ਕਰਤਾਰਪੁਰ ਵਿਖੇ ਸਥਾਪਤ ਕਰਨ ਸਮੇਤ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਹੁਣ ਤੱਕ ਹੋਏ ਮਹਾਨ ਫ਼ੌਜੀ ਸ਼ਹੀਦਾਂ ਦੀ ਵੀ ਇੱਕ ਢੁਕਵੀਂ ਯਾਦਗਾਰ ਅੰਮ੍ਰਿਤਸਰ ਵਿਖੇ ਸਥਾਪਤ ਕੀਤੀ ਜਾ ਰਹੀ ਹੈ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਟੇਟ ਫਰੀਡਮ ਫਾਈਟਰ ਜ਼ਿਲ੍ਹਾ ਜਥੇਬੰਦੀ ਸੰਗਰੂਰ ਵੱਲੋਂ ਦੇਸ਼ ਦੇ ਮਹਾਨ ਸਪੂਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਇੱਕ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਰਾਜ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਕਰੀਬ ਤਿੰਨ ਦਹਾਕੇ ਪਹਿਲਾਂ ਜੰਗੇ ਆਜ਼ਾਦੀ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਤ ਕਰਨ ਦੇ ਕੀਤੇ ਸੰਕਲਪ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਤਹਿਤ ਵਿਰਾਸਤੇ ਖ਼ਾਲਸਾ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਛੋਟੇ ਤੇ ਵੱਡੇ ਘੱਲੂਘਾਰੇ ਦੀਆਂ ਕੁੱਪ ਰਹੀੜਾ ਤੇ ਛੰਬ ਵਿਖੇ ਯਾਦਗਾਰਾਂ ਬਣਵਾਈਆਂ ਗਈਆਂ ਹਨ। ਹੁਣ ਸ. ਬਾਦਲ ਕਰਤਾਰਪੁਰ ਵਿਖੇ 25 ਏਕੜ ਜਮੀਨ ’ਚ 250 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਵਿਸ਼ਵ ਪੱਧਰੀ ‘ਸੁਪਨਮਈ ਪ੍ਰਾਜੈਕਟ’ ਵਜੋਂ ਉਸਾਰਨ ’ਚ ਨਿਜੀ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਜਿੱਥੇ ਨੌਜਵਾਨਾਂ ਨੂੰ ਦੇਸ਼ ਭਗਤੀ ਦੀ ਪ੍ਰੇਰਨਾ ਦੇਵੇਗੀ ਉਥੇ ਹੀ ਕੌਮੀ ਆਜ਼ਾਦੀ ਸੰਘਰਸ਼ ’ਚ ਪੰਜਾਬੀਆਂ ਦੇ ਲਾਮਿਸਾਲ ਯੋਗਦਾਨ ਨੂੰ ਦਰਸਾਕੇ ਪੰਜਾਬੀਆਂ ਦੀ ਦੇਸ਼ ਭਗਤੀ ਅਤੇ ਕੌਮੀਅਤ ਦੇ ਮਹਾਨ ਵਿਰਸੇ ਬਾਰੇ ਜਾਣੂੰ ਵੀ ਕਰਵਾਏਗੀ।
ਸ. ਢੀਂਡਸਾ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਸਾਰੀ ਜਾ ਰਹੀ ਇਸ ਜੰਗ-ਏ-ਆਜ਼ਾਦੀ ਯਾਦਗਾਰ ’ਚ ਬਾਬਾ ਮਹਾਰਾਜ ਸਿੰਘ, ਕੂਕਾ ਅੰਦੋਲਨ, ਆਰੀਆ ਸਮਾਜ, ਕਿਸਾਨ ਜ੍ਰਾਗਿਤੀ, ਗਦਰ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਕਾਮਾਗਾਟਾ ਮਾਰੂ ਲਹਿਰ ਸਮੇਤ ਹੋਰ ਆਜ਼ਾਦੀ ਲਹਿਰਾਂ ਅਤੇ ਲੱਖਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਚਿਤਰਿਆ ਜਾਵੇਗਾ ਤੇ ਇਥੇ ਦਿਖਾਉਣ ਲਈ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਇਕ-ਇਕ ਘੰਟੇ ਦੇ ਸਮੇਂ ਦੀਆਂ ਚਾਰ ਫਿਲਮਾਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ 1840 ਤੋਂ 1948 ਤੱਕ ਦੇ ਆਜ਼ਾਦੀ ਸੰਘਰਸ਼ ਦੇ ਇਤਿਹਾਸ ਨੂੰ ਦਰਸਾਇਆ ਜਾਵੇਗਾ।
ਸ. ਢੀਂਡਸਾ ਨੇ ਕਿਹਾ ਕਿ ਹੁਣ ਤੱਕ ਅਣਗੌਲੇ ਰਹਿ ਗਏ ਮਹਾਨ ਆਜ਼ਾਦੀ ਘੁਲਾਟੀਆਂ ਦੇ ਨਾਮ ’ਤੇ ਉਨ੍ਹਾਂ ਦੇ ਪਿੰਡਾਂ ’ਚ ਸਕੂਲਾਂ ਦੇ ਨਾਮ ਰੱਖੇ ਜਾਣ ਲਈ ਉਹ ਪੰਜਾਬ ਸਰਕਾਰ ਨੂੰ ਕਹਿਣਗੇ। ਇਸ ਤੋਂ ਬਿਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਸਰਕਾਰੀ ਨੌਕਰੀਆਂ ’ਚ ਰਾਖਵੇਂ ਕੋਟੇ ਨੂੰ ਵੀ ਵਧਾਉਣ ਲਈ ਸਰਕਾਰ ਨਾਲ ਗੱਲਬਾਤ ਕਰਨਗੇ। ਉਨ੍ਹਾਂ ਨੇ ਫਰੀਡਮ ਫਾਈਟਰ ਜਥੇਬੰਦੀ ਦੀਆਂ ਮੰਗਾਂ ਮੰਗਣ ਦਾ ਭਰੋਸਾ ਦਿੰਦਿਆਂ ਸੰਗਰੂਰ ਵਿਖੇ ਆਜ਼ਾਦੀ ਘੁਲਾਟੀਆਂ ਦੀ ਯਾਦਗਾਰ ਸਥਾਪਤ ਕਰਨ ਲਈ ਤਿੰਨ ਲੱਖ ਰੁਪਏ ਅਤੇ ਬਰਨਾਲਾ ਵਿਖੇ ਬਣੀ ਹੋਈ ਯਾਦਗਾਰ ਦੀ ਸਾਂਭ ਸੰਭਾਲ ਲਈ ਇੱਕ ਲੱਖ ਰੁਪਏ ਆਪਣੇ ਅਖਤਿਆਰੀ ਕੋਟੇ ’ਚੋਂ ਗ੍ਰਾਂਟਾਂ ਦੇਣ ਦਾ ਐਲਾਨ ਕੀਤਾ। ਇਸ ਤੋਂ ਬਿਨ੍ਹਾਂ ਨੇਤਾ ਜੀ ਸੁਭਾਸ਼ ਚੰਦਰ ਦੇ ਨਾਮ ’ਤੇ ਇੱਕ ਚੌਂਕ ਦਾ ਨਾਮ ਰੱਖਣ ਸਮੇਤ ਹੋਰ ਮੰਗਾਂ ਦੇ ਨਿਪਟਾਰੇ ਲਈ ਏ.ਡੀ.ਸੀ. ਜਨਰਲ ਸੰਗਰੂਰ ਨੂੰ ਜਿੰਮੇਵਾਰੀ ਸੌਂਪੀ ਗਈ।
ਇਸ ਦੌਰਾਨ ਸਟੇਟ ਪੰਜਾਬ ਫਰੀਡਮ ਫਾਈਟਰ ਜ਼ਿਲ੍ਹਾ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ. ਹਰਿੰਦਰਪਾਲ ਸਿੰਘ ਖਾਲਸਾ ਨੇ ਜਥੇਬੰਦੀ ਵੱਲੋਂ 17 ਸਾਲ ਪਹਿਲਾਂ ਨੇਤਾ ਜੀ ਦੇ ਜਨਮ ਦਿਨ ਸੰਗਰੂਰ ਵਿਖੇ ਮਨਾਉਣਾ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੰਗਾਂ ਦਾ ਜਿਕਰ ਕਰਦਿਆਂ ਆਜਾਦੀ ਘੁਲਾਟੀਆਂ ਦੇ ਪੁੱਤਰ ਪੋਤਰੇ ਤੇ ਧੀਆਂ ਤੇ ਦੋਹਤਿਆਂ ਲਈ ਪੰਜਾਬ ’ਚ ਟੋਲ ਟੈਕਸ ਮੁਆਫ਼ ਕਰਨ, ਆਜ਼ਾਦੀ ਘੁਲਾਟੀਆਂ ਦੇ ਪਿੰਡਾਂ ਦੇ ਸਕੂਲਾਂ ਦੇ ਨਾਮ ਉਨ੍ਹਾਂ ਦੇ ਨਾਮ ’ਤੇ ਰੱਖੇ ਜਾਣ ਸਮੇਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦਗਾਰ ਸੰਗਰੂਰ ’ਚ ਬਣਾਉਣ ਲਈ ਇੱਕ ਚੌਂਕ ਦਾ ਨਾਮ ਸ੍ਰੀ ਬੋਸ ਦੇ ਨਾਮ ’ਤੇ ਰੱਖਿਆ ਜਾਵੇ ਕਿਉਂਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਕਾਫੀ ਸਮਾਂ ਬਿਤਾਉਣ ਵਾਲੇ ਉਨ੍ਹਾਂ ਦੇ ਡਰਾਇਵਰ ਸ. ਗੁਰਦਿਆਲ ਸਿੰਘ ਤੇ ਉਨ੍ਹਾਂ ਦੇ ਜਨਰਲ ਸਕੱਤਰ ਰਹੇ ਕੈਪਟਨ ਸ਼ਿਆਮ ਸਿੰਘ ਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਸਨ।ਜਗਤ ਸਿੰਘ ਫਰੀਡਮ ਫਾਈਟਰ, ਲਾਭ ਸਿੰਘ ਪੰਧੇਰ ਫਰੀਡਮ ਫਾਈਟਰ, ਮੇਜਰ ਸਿੰਘ ਧੌਲਾ, ਗੁਰਮੇਲ ਸਿੰਘ ਚੰਨਣਵਾਲ, ਹਰਨੇਕ ਸਿੰਘ, ਹਰਦੇਵ ਸਿੰਘ ਜੋਧਪੁਰ ਫਰੀਡਮ ਫਾਈਟਰ ਹਾਜਰ ਹੋਏ।  ਸ. ਖਾਲਸਾ ਨੇ ਇਹ ਮੰਗਾਂ ਮੰਨਣ ਦੀ ਸ. ਢੀਂਡਸਾ ਨੂੰ ਪੁਰਜ਼ੋਰ ਅਪੀਲ ਕੀਤੀ।
ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਸ. ਪ੍ਰੀਤਮ ਸਿੰਘ ਜੌਹਲ ਨੇ ਕਿਹਾ ਕਿ ਇਨ੍ਹਾਂ ਸੁਤੰਤਰਤਾ ਸੈਨਾਨੀਆਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਅਸੀਂ ਇਹ ਆਜ਼ਾਦ ਫ਼ਿਜ਼ਾ ਦਾ ਆਨੰਦ ਮਾਣ ਰਹੇ ਹਾਂ ਇਸ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਸੁਤੰਤਰਤਾ ਸੈਨਾਨੀ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਸ. ਗੁਰਚਰਨ ਸਿੰਘ ਮੋਗਾ, ਗੁਰਦੇਵ ਸਿੰਘ ਸੁਨਾਮ, ਬੀਬੀ ਵਰਿੰਦਰ ਕੌਰ ਕਪੂਰਥਲਾ, ਬੀਬੀ ਬਲਵੰਤ ਕੌਰ ਪਤਨੀ ਫਰੀਡਮ ਫਾਈਟਰ, ਮਲਕੀਤ ਸਿੰਘ ਟੱਲੇਵਾਲ, ਐਡਵੋਕੇਟ ਦਲਜੀਤ ਸਿੰਘ ਸੇਖੋਂ, ਸ. ਬਲਵੰਤ ਸਿੰਘ ਜੋਗਾ, ਸ. ਮੇਜਰ ਸਿੰਘ ਬਰਨਾਲਾ ਸਮੇਤ ਹੋਰ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨੁਮਾਇੰਦਿਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਕੱਤਰ ਸ. ਪਰਮਜੀਤ ਸਿੰਘ ਟਿਵਾਣਾ, ਵਿਸਾਖਾ ਸਿੰਘ, ਸਿਆਸਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਗੁੱਜਰਾਂ,  ਮੀਤ ਪ੍ਰਧਾਨ ਸ. ਚਮਕੌਰ, ਸ. ਦਰਸ਼ਨ ਸਿੰਘ ਲੌਂਗੋਵਾਲ, ਸ. ਸਰਦੂਲ ਸਿੰਘ ਸੰਦੌੜ, ਸ. ਗੁਰਦੇਵ ਸਿੰਘ, ਸ. ਲਾਭ ਸਿੰਘ, ਸਿਵਲ ਸਰਜਨ ਡਾ. ਸੁਬੋਧ ਗੁਪਤਾ, ਰਾਜ ਕੁਮਾਰ ਅਰੋੜਾ, ਗੁਰਮੀਤ ਸਿੰਘ ਜੌਹਲ, ਸੁਰਜੀਤ ਖਾਨ ਅਤੇ ਪੰਜਾਬ ਭਰ ’ਚੋਂ ਆਏ ਸੁਤੰਤਰਤਾ ਸੈਨਾਨੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਮੇਤ ਹੋਰ ਪਤਵੰਤੇ ਮੌਜੂਦ ਸਨ।

Send this to a friend