ਮੁੱਖ ਮੰਤਰੀ ਵੱਲੋਂ ਪ੍ਰੋਗਰਾਮ ਤੇ ਯੋਜਨਾ ਨੂੰ ਹਰੀ ਝੰਡੀ, ਵਿਸ਼ਵ ਪੱਧਰ ਤੋਂ ਪਹੁੰਚਣਗੇ ਖੇਤੀਬਾੜੀ ਮਾਹਿਰ ਤੇ ਕਿਸਾਨ
ਚੰਡੀਗੜ੍ਹ, 23 ਜਨਵਰੀ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ‘ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ-2014’ ਦੇ ਪ੍ਰੋਗਰਾਮ ਤੇ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸੰਮੇਲਨ ਸੂਬਾ ਸਰਕਾਰ ਵਲੋਂ 16 ਫਰਵਰੀ ਤੋਂ 19 ਫਰਵਰੀ ਤੱਕ ਚੱਪੜਚਿੜੀ (ਮੋਹਾਲੀ) ਵਿਖੇ ਕਰਵਾਇਆ ਜਾ ਰਿਹਾ ਹੈ।ਸ. ਬਾਦਲ ਨੇ ਬੀਤੀ ਦੇਰ ਸ਼ਾਮ ਆਪਣੀ ਰਿਹਾਇਸ਼ ’ਤੇ ਸੂਬਾ ਸਰਕਾਰ ਦੇ ਉਚ ਅਧਿਕਾਰੀਆਂ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੂਬੇ ਵਿੱਚ ਪਹਿਲੀ ਵਾਰ ਕੌਮੀ ਪੱਧਰ ’ਤੇ ਕਰਵਾਏ ਜਾ ਰਹੇ ਇਸ ਮਹਾਂ ਸੰਮੇਲਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਸ. ਬਾਦਲ ਨੇ ਦੱਸਿਆ ਕਿ ਇਸ ਸੰਮੇਲਨ ਦਾ ਮੁੱਖ ਮੰਤਵ ਸੂਬੇ ਦੀ ਖੇਤੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਸਤੇ ਨਵੇਂ ਰਾਹ ਤਲਾਸ਼ਣਾ ਹੈ ਅਤੇ
ਇਸ ਸੰਮੇਲਨ ਵਿੱਚ ਆਲਮੀ ਪੱਧਰ ‘ਤੇ ਉਘੇ ਖੇਤੀ ਮਾਹਿਰ, ਖੇਤੀ ਵਿਗਿਆਨੀ ਤੇ ਪ੍ਰਗਤੀਸ਼ੀਲ ਕਿਸਾਨਾਂ ਦੀ ਵੱਧ ਤੋਂ ਵੱਧ ਸ਼ਾਮੂਲੀਅਤ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਆਖਿਆ ਕਿ ਇਸ ਸੰਮੇਲਨ ਦੌਰਾਨ ਵੱਖ-ਵੱਖ ਤਕਨੀਕੀ ਸੈਸ਼ਨਾਂ ਰਾਹੀਂ ਖੇਤੀ ਮਾਹਿਰਾਂ ਨਾਲ ਵਿਚਾਰ ਚਰਚਾ ਅਤੇ ਮੁਲਾਕਾਤਾਂ ਨਾਲ ਕਿਸਾਨਾਂ ਦੇ ਗਿਆਨ ਵਿੱਚ ਹੋਰ ਵਾਧਾ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਖੇਤੀਬਾੜੀ ਵਿੱਚ ਹਾਲ ਹੀ ਦੇ ਸਮੇਂ ਦੌਰਾਨ ਲਾਗੂ ਕੀਤੇ ਤਕਨੀਕੀ ਪੱਖਾਂ ਨੂੰ ਨੁਮਾਇਸ਼ ਦੌਰਾਨ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੰਮੇਲਨ ਦੌਰਾਨ 100 ਏਕੜ ਰਕਬੇ ਉਤੇ ਖੇਤੀਬਾੜੀ ਤੇ ਪਸ਼ੂਆਂ ਆਦਿ ਨਾਲ ਸਬੰਧਤ ਸਟਾਲ ਵੀ ਲਗਾਏ ਜਾਣਗੇ।
ਮੁੱਖ ਮੰਤਰੀ ਨੇ ਮੁੱਖ ਸਮਾਰੋਹ, ਨੁਮਾਇਸ਼ ਅਤੇ ਤਕਨੀਕੀ ਸੈਸ਼ਨ ਲਈ ਸੈਮੀਨਾਰ ਹਾਲ ਦੀ ਯੋਜਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਵੱਖ ਵੱਖ ਸਭਿਆਚਾਰਕ ਪ੍ਰੋਗਰਾਮਾਂ ਲਈ ਸਟੇਜਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸ. ਬਾਦਲ ਨੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਲੋਂ ਤਿਆਰ ਕੀਤੀ ਮੀਡੀਆ ਯੋਜਨਾ ਦਾ ਵੀ ਜਾਇਜ਼ਾ ਲਿਆ ਅਤੇ ਇਸ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸਮੁੱਚੀ ਕਿਸਾਨੀ ਨੂੰ ਇਸ ਤੋਂ ਪ੍ਰਭਾਵੀ ਤਰੀਕੇ ਨਾਲ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਨੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਜੀ.ਐਸ. ਕਾਲਕਟ ਦੀ ਅਗਵਾਈ ਵਿੱਚ ਕੰਮ ਕਰ ਰਹੀ ਤਕਨੀਕੀ ਕਮੇਟੀ ਨੂੰ ਵੱਖ ਵੱਖ ਤਕਨੀਕੀ ਸੈਸ਼ਨਾਂ ਦੀ ਅੰਤਮ ਰੂਪ ਰੇਖਾ ਬਣਾਉਣ ਲਈ ਵੀ ਕਿਹਾ ਹੈ। ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਇਸ ਸੰਮੇਲਨ ਦੌਰਾਨ ਕੈਨੇਡਾ, ਅਮਰੀਕਾ, ਹਾਲੈਂਡ, ਇਟਲੀ, ਇਜ਼ਰਾਇਲ, ਤਾਇਵਾਨ ਦੀਆਂ ਟੀਮਾਂ ਵਲੋਂ ਹਿੱਸਾ ਲੈਣ ਦੀ ਸੰਭਾਵਨਾ ਹੈ ਅਤੇ ਬਾਹਰੋਂ ਅਤੇ ਰਾਜ ਵਿਚੋਂ ਆਉਣ ਵਾਲੇ ਮਹਿਮਾਨਾਂ ਦੇ ਠਹਿਰਨ ਦੇ ਢੁਕਵੇਂ ਪ੍ਰਬੰਧ ਕਰ ਲਏ ਗਏ ਹਨ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਪੰਜਾਬ ਰਾਜ ਕਮਿਸ਼ਨ ਦੇ ਚੇਅਰਮੈਨ ਡਾ. ਜੀ.ਐਸ. ਕਾਲਕਟ, ਮੁੱਖ ਮੰਤਰੀ ਦੇ ਰਾਸ਼ਟਰੀ ਮਾਮਲਿਆਂ ਅਤੇ ਮੀਡੀਆ ਸਲਾਹਕਾਰ ਸ਼੍ਰੀ ਹਰਚਰਨ ਬੈਂਸ, ਵਿੱਤ ਕਮਿਸ਼ਨਰ ਵਿਕਾਸ ਸ਼੍ਰੀ ਸੁਰੇਸ਼ ਕੁਮਾਰ, ਵਿੱਤ ਕਮਿਸ਼ਨਰ ਪਸ਼ੂ ਪਾਲਣ ਸ਼੍ਰੀ ਜੀ. ਵਿਜਰਾ¦ਿਗਮ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਅਤੇ ਵਿੱਤ ਕਮਿਸ਼ਨਰ ਸਹਿਕਾਰਤਾ ਸ਼੍ਰੀ ਐਸ.ਕੇ. ਸੰਧੂ ਅਤੇ ਵਿਸ਼ੇਸ਼ ਸਕੱਤਰ ਮੁੱਖ ਮੰਤਰੀ ਸ਼੍ਰੀ ਗਗਨਦੀਪ ਸਿੰਘ ਬਰਾੜ ਤੋਂ ਇਲਾਵਾ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।