ਭਵਾਨੀਗੜ੍ਹ, 18 ਜਨਵਰੀ (ਕ੍ਰਿਸ਼ਨ ਗਰਗ)- ਅੱਜ ਇਥੇ ਪੁਰਾਣੇ ਬਸ ਸਟੈਂਡ ਉਤੇ ਸਵਾਰੀਆਂ ਚੁਕਣ ਲਈ ਰੁਕ ਰਹੀ ਪੀਆਰਟੀਸੀ ਬਸ ਵਿਚ ਪਿਛੋਂ ਆ ਰਹੇ ਟਰਕ ਨੇ ਟਕਰ ਮਾਰ ਦੇਣ ਕਾਰਣ ਬਸ ਦੀ ਲਪੇਟ ਵਿਚ ਆਕੇ ਦੋ ਵਿਅਕਤੀ ਗੰਭੀਰ ਜਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਅਜ ਸਵੇਰੇ 11 ਕੁ ਵਜੇ ਸੰਗਰੂਰ ਵਾਲੇ ਪਾਸਿਓਂ ਆ ਰਹੀ ਪੀਆਰਟੀਸੀ ਬਰਨਾਲਾ ਡਿਪੂ ਦੀ ਬੱਸ (ਨੰਬਰ ਪੀਬੀ 11 ਸੀਡੀ 0525) ਪੁਰਾਣੇ ਬਸ ਸਟੈਂਡ ਉਤੇ ਰੁਕ ਰਹੀ ਸੀ ਕਿ ਪਿਛੋਂ ਆ ਰਹੇ ਇਕ ਟਰਕ ਨੇ ਉਸਦੇ ਪਿਛਲੇ ਪਾਸਿਓਂ ਜ਼ੋਰਦਾਰ ਟਕਰ ਮਾਰ ਦਿਤੀ। ਟਕਰ ਕਾਰਣ ਬੇਕਾਬੂ ਹੋਈ ਬਸ ਦੀ ਲਪੇਟ ਵਿਚ ਆਏ ਦੋ ਵਿਅਕਤੀ ਪ੍ਰਦੀਪ ਸਿੰਘ ਵਾਸੀ ਪੰਡੋਰੀ ਜਿਲ੍ਹਾ ਬਰਨਾਲਾ ਅਤੇ ਰੇਹੜੀ ਚਾਲਕ ਸੀਰਾ ਵਾਸੀ ਭਵਾਨੀਗੜ੍ਹ ਗੰਭੀਰ ਜਖਮੀ ਹੋ ਗਏ। ਬਸ ਹੇਠਾਂ ਫਸੇ ਪ੍ਰਦੀਪ ਸਿੰਘ ਨੂੰ ਲੋਕਾਂ ਅਤੇ ਦੁਕਾਨਦਾਰਾਂ ਨੇ ਬਹੁਤ ਮੁਸ਼ਕਤ ਨਾਲ ਕਢਿਆ। ਜਖਮੀਆਂ ਨੂੰ ਪਟਿਆਲਾ ਹਸਪਤਾਲ ਵਿਚ ਭੇਜਿਆ ਗਿਆ। ਟਰਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ । ਪੁਲੀਸ ਨੇ ਟਰਕ ਨੂੰ ਅਪਨੇ ਕਬਜੇ ਵਿਚ ਲੈਕੇ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ। ਦੂਜੇ ਪਾਸੇ ਛੇ ਮਾਰਗੀ ਸੜਕ ਬਣਾਉਣ ਵਾਲੇ ਨਕਸ਼ੇ ਵਿਚ ਪੁਰਾਣੇ ਬਸ ਸਟੈਂਡ ਉਤੇ ਬਸਾਂ ਰੁਕਣ ਲਈ ਬਸ ਲੇਅ ਬਣਾਉਣ ਦੀ ਸਰਤ ਹੋਣ ਦੇ ਬਾਵਜੂਦ ਬਸ ਲੇਅ ਨਾ ਬਣਾਉਣ ਖਿਲਾਫ ਜਥੇਦਾਰ ਪ੍ਰਸੋਤਮ ਸਿੰਘ ਫਗੂਵਾਲਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਦਿਨੇਸ ਬਾਂਸਲ ਦੀ ਅਗਵਾਈ ਹੇਠ ਧਰਨਾ ਦਿਤਾ ਗਿਆ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਬਸ ਲੇਅ ਨਾ ਬਣਾਉਣ ਦੇ ਜੁਰਮ ਤਹਿਤ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਖਿਲਾਫ ਪਰਚਾ ਦਰਜ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਬਦਇੰਤਜ਼ਾਮੀ ਕਾਰਣ ਹੀ ਅਜ ਇਹ ਦੁਰਘਟਨਾ ਹੋਈ ਹੈ। ਨੈਬ ਤਹਿਸੀਲਦਾਰ ਸ੍ਰੀ ਕੇ ਸੀ ਦਤਾ ਅਤੇ ਥਾਣਾ ਮੁਖੀ ਚਰਨਜੀਵ ਲਾਂਬਾ ਨੇ ਮੌਕੇ ਉਤੇ ਪਹੁੰਚਕੇ ਧਰਨਾਕਾਰੀਆਂ ਤੋਂ ਮੰਗ ਪਤਰ ਹਾਸਲ ਕੀਤਾ। ਧਰਨੇ ਵਿਚ ਰਜਿੰਦਰ ਗੋਗੀ, ਅਵਤਾਰ ਤਾਰੀ, ਰਾਮ ਗੋਇਲ, ਬਲਵਿੰਦਰ ਸਿੰਘ ਸਗੂ ਅਤੇ ਮਹਿੰਦਰ ਸਿੰਘ ਮੁੰਦੜ੍ਹ ਵੀ ਹਾਜਰ ਸਨ।
ਸਰਕਾਰੀ ਬੱਸ ਅਤੇ ਟਰੱਕ ਦੀ ਟੱਕਰ ’ਚ ਦੋ ਗੰਭੀਰ ਜ਼ਖਮੀ



