April 29, 2026 8:54 pm

ਕੀ ਕਿਸੇ ਸਿੱਖ ਧਾਰਮਕ ਸੰਸਥਾ ਵੱਲੋਂ ਨਸ਼ਿਆਂ ਦੇ ਘੱਟ, ਵੱਧ ਜਾਂ ਸੀਮਤ ਸੇਵਨ ਕੀਤੇ ਜਾਣ ਦਾ ਪ੍ਰਚਾਰ ਕੀਤਾ ਜਾਣਾ ਸਿੱਖ ਧਰਮ ਦੀਆਂ ਮਰਿਆਦਾਵਾਂ ਤੇ ਪਰੰਪਰਾਵਾਂ ਦੇ ਅਨੁਕੂਲ ਹੈ : ਸਰਨਾ

image ਨਵੀਂ ਦਿੱਲੀ, 23 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਕੀ ਕਿਸੇ ਸਿੱਖ ਧਾਰਮਕ ਸੰਸਥਾ ਵੱਲੋਂ ਨਸ਼ਿਆਂ ਦੇ ਘੱਟ, ਵੱਧ ਜਾਂ ਸੀਮਤ ਸੇਵਨ ਕੀਤੇ ਜਾਣ ਦਾ ਪ੍ਰਚਾਰ ਕੀਤਾ ਜਾਣਾ ਸਿੱਖ ਧਰਮ ਦੀਆਂ ਮਰਿਆਦਾਵਾਂ ਤੇ ਪਰੰਪਰਾਵਾਂ ਦੇ ਅਨੁਕੂਲ ਹੈ? ਇਹ ਸੁਆਲ ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਂਅ ਲਿਖੇ ਇੱਕ ਪੱਤਰ ਵਿੱਚ ਉਠਾਇਆ ਹੈ। ਸ. ਸਰਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਸੁਆਲ ਉਠਾਏ ਜਾਣ ਦਾ ਕਾਰਨ ਇਹ ਹੈ ਕਿ ਪਿਛਲੇ ਦਿਨੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਵੱਲੋਂ ਕੈਂਸਰ ਰੋਕਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਦੇ ਬੱਚਿਆਂ ਦੇ ਮਾਰਚ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਹੋਰ ਮਾਟੋਆਂ ਦੇ ਨਾਲ ਇੱਕ ਮਾਟੋ ਅਜਿਹਾ

ਵੀ ਪ੍ਰਦਰਸ਼ਤ ਕੀਤਾ ਗਿਆ ਹੋਇਆ ਸੀ ਜਿਸ ਪੁਰ ‘ਲਿਮਿਟ ਅਲਕੋਹਲ’ ਅਰਥਾਤ ਨਸ਼ਿਆਂ (ਸ਼ਰਾਬ ਆਦਿ) ਦਾ ਸੀਮਤ ਸੇਵਨ ਕਰੋ। ਉਨ੍ਹਾਂ ਕਿਹਾ ਕਿ ਇਸ ਮਾਟੋ ਨੂੰ ਵੇਖ ਕੇ ਉਨ੍ਹਾਂ ਦੇ ਦਿਲ ਵਿੱਚ ਉਪਰੋਕਤ ਸੁਆਲ ਉਠਣਾ ਸੁਭਾਵਕ ਹੀ ਸੀ।
ਸ. ਸਰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖੇ ਪੱਤਰ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਲਿਖਿਆ ਹੈ ਕਿ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਸਿੱਖਾਂ ਸਭ ਤੋਂ ਵੱਡੀ ਧਾਰਮਿਕ ਸੰਸਥਾ ਸਵੀਕਾਰੀ ਜਾਂਦੀ ਹੈ, ਦੇ ਆਗੂਆਂ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਬੈਨਰ ਹੇਠ, ਕੈਂਸਰ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਤੱਕ ਇੱਕ ਮਾਰਚ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ, ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਹਿੱਸਾ ਲਿਆ।
ਇਸ ਤੋਂ ਅੱਗੇ ਉਨ੍ਹਾਂ ਲਿਖਿਆ ਕਿ ਇਸ ਮਾਰਚ ਦੀ ਇੱਕ ਵਿਸ਼ੇਸ਼ ਗੱਲ ਜਿਸ ਵੱਲ ਅਸੀਂ ਤੁਹਾਡਾ ਧਿਆਨ ਦੁਆਣਾ ਅਤੇ ਉਸ ਸਬੰਧੀ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਹਾਂ, ਇਹ ਹੈ ਕਿ ਇਸ ਮਾਰਚ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਜੋ ਮਾਟੋ ਪ੍ਰਦਰਸ਼ਿਤ ਕੀਤੇ ਗਏ, ਉਨ੍ਹਾਂ ਵਿੱਚੋਂ ਇੱਕ ਮਾਟੋ (ਲਿਮਟ ਅਲਕੋਹਲ) ਅਰਥਾਤ ‘ਸ਼ਰਾਬ (ਨਸ਼ਿਆਂ) ਦੀ ਸੀਮਿਤ ਵਰਤੋਂ ਕਰੋ’ ਦਾ ਵੀ ਸੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਅਗੇ ਉਨ੍ਹਾਂ ਲਿਖਿਆ ਹੈ ਕਿ ਜਿਵੇਂ ਕਿ ਉ¤ਪਰ ਦਸਿਆ ਗਿਆ ਹੈ, ਆਪਜੀ ਨੂੰ ਇਹ ਪੱਤਰ ਲਿਖਣ ਦਾ ਉਦੇਸ਼ ਇਹ ਹੈ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਿੱਖਾਂ ਦੀ ਇੱਕ ਸਰਵੁਚ ਧਾਰਮਕ ਸੰਸਥਾ ਵੱਲੋਂ, ਆਪਣੇ ਪ੍ਰੋਗਰਾਮਾਂ ਵਿੱਚ ਅਜਿਹੇ ਮਾਟੋ (ਲਿਮਟ ਅਲਕੋਹਲ) ਅਰਥਾਤ ‘ਸੀਮਿਤ ਸ਼ਰਾਬ (ਨਸ਼ਿਆਂ) ਦੀ ਵਰਤੋ ਕਰੋ’ ਪ੍ਰਦਰਸ਼ਤ ਕੀਤੇ ਜਾਣ ਦੇ ਸਬੰਧ ਵਿੱਚ ਤਹਾਡੇ ਕੀ ਵਿਚਾਰ ਹਨ? ਕੀ ਅਜਿਹਾ ਕੀਤਾ ਜਾਣਾ ਸਿੱਖੀ ਦੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਅਨੁਕੂਲ ਹੈ? ਉਨ੍ਹਾਂ ਹੋਰ ਲਿਖਿਆ ਕਿ ਉਨ੍ਹਾਂ ਨੂੰ ਆਸ ਹੈ, ਆਪਜੀ ਇਸ ਸਬੰਧ ਵਿੱਚ ਆਪਣੇ ਵਿਚਾਰਾਂ ਤੋਂ ਸਾਨੂੰ ਛੇਤੀ ਹੀ ਜਾਣੂ ਕਰਵਾਣ ਦੀ ਕਿਰਪਾਲਤਾ ਕਰੋਗੇ!

Send this to a friend