ਜਲੰਧਰ, 22 ਜਨਵਰੀ (ਪੀ.ਟੀ.)-ਆਮਦਨ ਟੈਕਸ ਸਮੇਤ ਹਰ ਤਰ੍ਹਾਂ ਦੇ ਟੈਕਸਾਂ ਨੂੰ ਖਤਮ ਕਰਨ ਦੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੁਖੀ ਨੀਤਿਨ ਗਡਕਰੀ ਦੇ ਵਿਚਾਰ ਨੂੰ ‘ਚੋਣ ਡਰਾਮਾ’ ਕਰਾਰ ਦਿੰਦੇ ਹੋਏ ਪੰਜਾਬ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਨੇ ਕਿਹਾ ਹੈ ਕਿ ਭਾਰਤ ਵਰਗੇ ਦੇਸ਼ ਵਿੱਚ ਇਹ ਉਚਿਤ ਨਹੀਂ ਹੈ ਅਤੇ ਆਮ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਕਾਰੋਬਾਰੀਆਂ ਅਤੇ ਧਨ-ਕੁਬੇਰਾਂ ਨੂੰ ਲੁਭਾਉਣ ਲਈ ਅਜਿਹੇ ਪ੍ਰਸਤਾਵ ਲਿਆਂਦੇ ਜਾ ਰਹੇ ਹਨ।ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਮੁੱਖ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ, ‘ਭਾਰਤੀ ਜਨਤਾ ਪਾਰਟੀ ਦਾ ਆਮਦਨ ਟੈਕਸ, ਵਿਕਰੀ ਟੈਕਸ, ਕਸਟਮ ਡਿਊਟੀ ਸਮੇਤ ਹਰ ਤਰ੍ਹਾਂ ਦੇ ਟੈਕਸਾਂ ਨੂੰ ਖਤਮ ਕਰਨ ਦਾ ਵਿਚਾਰ ‘ਚੋਣ ਡਰਾਮੇ’ ਤੋਂ ਇਲਾਵਾ
ਕੁਝ ਨਹੀਂ ਹੈ। ਦੁਨੀਆ ਦੇ ਕੁਝ ਅਮੀਰ ਦੇਸ਼ਾਂ ਨੂੰ ਛੱਡ ਕੇ ਅਜਿਹੀ ਵਿਵਸਥਾ ਕਿਤੇ ਨਹੀਂ ਹੈ।’ ਪ੍ਰਦੇਸ਼ ਵਿੱਚ ਸੱਤਾਧਾਰੀ ਅਕਾਲੀ ਦਲ ਛੱਡ ਕੇ ਆਪਣੀ ਵੱਖਰੀ ਪਾਰਟੀ ਬਣਾਉਣ ਵਾਲੇ ਮਨਪ੍ਰੀਤ ਨੇ ਕਿਹਾ, ‘70 ਫੀਸਦੀ ਤੋਂ ਵਧੇਰੇ ਆਮ ਆਦਮੀ ਵਾਲੇ ਭਾਰਤ ਵਰਗੇ ਦੇਸ਼ਾਂ ਵਿੱਚ ਨਾ ਤਾਂ ਅਜਿਹੇ ਵਿਚਾਰ ਅਤੇ ਨਾ ਹੀ ਬੈਂਕ ਟ੍ਰਾਂਜੈਕਸ਼ਨ ਟੈਕਸ ਲਗਾਉਣ ਦੀ ਵਿਵਸਥਾ ਸਹੀ ਹੈ, ਜਿਸ ਬੈਂਕ ਟ੍ਰਾਂਜੈਕਸ਼ਨ ਟੈਕਸ ਵਿਵਸਥਾ ਦੀ ਵਕਾਲਤ ਭਾਜਪਾ ਕਰ ਰਹੀ ਹੈ, ਉਹ ਇੱਥੇ ਨਹੀਂ ਚੱਲ ਸਕਦਾ।’ ਉਨ੍ਹਾਂ ਨੇ ਕਿਹਾ, ‘ਦੇਸ਼ ਵਿੱਚ ਦੋ ਤਰ੍ਹਾਂ ਦੇ ਲੋਕ ਹਨ-ਅਮੀਰ ਅਤੇ ਗਰੀਬ ਅਤੇ ਸਭ ’ਤੇ ਵੱਖ-ਵੱਖ ਤਰ੍ਹਾਂ ਦਾ ਟੈਕਸ ਸਲੈਬ ਨਿਰਧਾਰਿਤ ਹੈ। ਮਤਲਬ ਕਿ ਅਮੀਰ ਜ਼ਿਆਦਾ ਟੈਕਸ ਦਿੰਦੇ ਹਨ ਅਤੇ ਗਰੀਬ ਘੱਟ ਟੈਕਸ ਦਿੰਦੇ ਹਨ। ਭਾਜਪਾ ਦੀ ਵਿਵਸਥਾ ਮੁਤਾਬਕ ਅਮੀਰ ਅਤੇ ਗਰੀਬ ਦੋਵੇਂ ਇੱਕ ਹੀ ਲਾਈਨ ਵਿੱਚ ਖੜ੍ਹੇ ਕੀਤੇ ਜਾਣਗੇ।’
ਉਨ੍ਹਾਂ ਇਹ ਵੀ ਕਿਹਾ, ‘ਟੈਕਸ ਵਿਵਸਥਾ ਵਿੱਚ ਬਦਲਾਅ ਕਰਨਾ ਹੈ ਤਾਂ ਭਾਜਪਾ ਅਜਿਹੀ ਵਿਵਸਥਾ ਕਰੇ ਕਿ ਗਰੀਬਾਂ ਨੂੰ ਕਿਸੇ ਵੀ ਜ਼ਰੂਰੀ ਵਸਤੂ ਲਈ ਟੈਕਸ ਨਾ ਦੇਣਾ ਪਵੇ। ਦੇਸ਼ ਭਰ ਵਿੱਚ ਗਰੀਬ ਲੋਕਾਂ ਨੂੰ ਰੋਜ਼ਾਨਾ ਦੀ ਲੋੜਾਂ ਲਈ ਚੀਜ਼ਾਂ ’ਤੇ ਟੈਕਸ ਦੇਣਾ ਪੈਂਦਾ ਹੈ। ਇਸ ਤੋਂ ਸਭ ਤੋਂ ਪਹਿਲਾਂ ਖਤਮ ਕੀਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਮੇਰਾ ਮੰਨਣਾ ਹੈ ਕਿ ਆਰਥਕ ਅਸਮਾਨਤਾ ਨੂੰ ਦੂਰ ਕਰਨ ਲਈ ਅਜਿਹੀ ਵਿਵਸਥਾ ਬਣਾਈ ਜਾਣੀ ਚਾਹੀਦੀ ਹੈ, ਜਿਸ ਦਾ ਲਾਭ ਸਹੀ ਤਰੀਕੇ ਨਾਲ ਜ਼ਰੂਰਤਮੰਦਾਂ ਨੂੰ ਮਿਲ ਸਕੇ।’