ਚੰਡੀਗੜ੍ਹ, 21 ਜਨਵਰੀ (ਵਿਸ਼ਵ ਵਾਰਤਾ)-ਪਰਜਾਮੰਡਲ ਲਹਿਰ ਦੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਮਹਾਨ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੰਗਰੂਰ ਜ਼ਿਲ੍ਹੇ ਦੇ ਇਸ ਮਹਾਨ ਸ਼ਹੀਦ ਦੇ ਜੱਦੀ ਪਿੰਡ ਠੀਕਰੀਵਾਲਾ ਲਈ 1.10 ਕਰੋੜ ਰੁਪਏ ਦੀ ਵਿਕਾਸ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧੀ ਫ਼ੈਸਲਾ ਅੱਜ ਸਵੇਰੇ ਮੁੱਖ ਮੰਤਰੀ ਦੇ ਨਿਵਾਸ ਸਥਾਨ ’ਤੇ ਸ. ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਦੌਰਾਨ ਉਸ ਵੇਲੇ ਲਿਆ ਜਦੋਂ ਠੀਕਰੀਵਾਲਾ ਪਿੰਡ ਦੇ ਸਰਪੰਚ ਸ਼੍ਰੀ ਗੁਰਦਿਆਲ ਸਿੰਘ ਦੀ ਅਗਵਾਈ ਵਿੱਚ ਪੰਚਾਇਤ ਦਾ ਇੱਕ ਵਫ਼ਦ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਦੇ ਨਾਲ ਉਨ੍ਹਾਂ ਨੂੰ ਮਿਲਣ ਆਇਆ।
ਵਫ਼ਦ ਨੇ ਸਿੱਖਿਆ, ਖੇਡਾਂ, ਦਿਹਾਤੀ ਵਿਕਾਸ, ਜਨ ਸਿਹਤ ਅਤੇ ਜਲ ਸਪਲਾਈ ਨਾਲ ਸਬੰਧਤ ਪਿੰਡ ਦੀਆਂ ਵੱਖ ਵੱਖ ਮੰਗਾਂ ਮੁੱਖ ਮੰਤਰੀ ਅੱਗੇ ਪੇਸ਼ ਕੀਤੀਆਂ ਜਿਨ੍ਹਾਂ ਨੂੰ ਵਿਚਾਰ-ਵਟਾਂਦਰੇ ਦੌਰਾਨ ਪ੍ਰਵਾਨ ਕਰਦੇ ਹੋਏ ਮੁੱਖ ਮੰਤਰੀ ਨੇ ਉਥੇ ਹਾਜ਼ਰ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਇਹ ਵਿਕਾਸ ਕਾਰਜ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਰੂਪ ਰੇਖਾ ਤਿਆਰ ਕਰਨ ਵਾਸਤੇ ਨਿਰਦੇਸ਼ ਦਿੱਤੇ। ਜਿਨ੍ਹਾਂ ਵੱਖ ਵੱਖ ਵਿਕਾਸ ਕੰਮਾਂ ਦੀ ਸ. ਬਾਦਲ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ, ਉਨ੍ਹਾਂ ਵਿੱਚ 33 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੀਆਂ ਗਲੀਆਂ ਪੱਕੀਆਂ ਕਰਨ, 52 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦਾ ਸੋਧਿਆ ਪਾਣੀ ਡਰੇਨ ਵਿੱਚ ਪਾਉਣ ਲਈ ਤਕਰੀਬਨ 2 ਕਿਲੋਮੀਟਰ ਲੰਮੀ ਪਾਈਪ ਲਾਈਨ ਵਿਛਾਉਣੀ, 10 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਦੀ ਉਸਾਰੀ, 10 ਲੱਖ ਰੁਪਏ ਨਾਲ ਧਰਮਸ਼ਾਲਾ ਅਤੇ 5 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿੱਚ ਬੈਠਣ ਲਈ ਸਾਂਝੀ ਥਾਂ ਦਾ ਨਿਰਮਾਣ ਕਰਨਾ ਸ਼ਾਮਲ ਹੈ। ਸ. ਬਾਦਲ ਨੇ ਜਨ ਸਿਹਤ ਅਤੇ ਜਲ ਸਪਲਾਈ ਵਿਭਾਗ ਨੂੰ ਪਿੰਡ ਦੇ ਹਰ ਘਰ ਲਈ ਪਾਈਪ ਰਾਹੀਂ ਪਾਣੀ ਸਪਲਾਈ ਕਰਨ ਨੂੰ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਪਿੰਡ ਵਿੱਚ ਰਹਿੰਦੇ ਘਰਾਂ ਵਿੱਚ ਲੈਟਰੀਨਾਂ ਦੀ ਉਸਾਰੀ ਦੇ ਵੀ ਆਦੇਸ਼ ਦਿੱਤੇ ਅਤੇ ਠੀਕਰੀਵਾਲਾ ਪਿੰਡ ਦੇ ਫਾਲਤੂ ਪਾਣੀ ਦੇ ਢੁਕਵੇਂ ਨਿਕਾਸ ਨੂੰ ਵੀ ਯਕੀਨੀ ਬਣਾਉਣ ਲਈ ਆਖਿਆ।
ਰਾਜ ਸਭਾ ਮੈਂਬਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸ. ਸੁਖਦੇਵ ਸਿੰਘ ਢੀਂਡਸਾ ਦੇ ਜੋਰ ਪਾਉਣ ‘ਤੇ ਮੁੱਖ ਮੰਤਰੀ ਨੇ ਖੇਡ ਸਟੇਡੀਅਮ ਦਾ ਪੱਧਰ ਉਚਾ ਕਰਨ, ਸਰਕਾਰੀ ਕਾਲਜ ਦੀ ਸਥਾਪਨਾ ਅਤੇ ਬਰਨਾਲਾ ਸ਼ਹਿਰ ਵਿੱਚ ਤਿੰਨ ਏਕੜ ਰਕਬੇ ਉਤੇ ਨੇਚਰ ਪਾਰਕ ਵਿਕਸਤ ਕਰਨ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ।
ਇਸ ਮੌਕੇ ਠੀਕਰੀਵਾਲਾ ਪਿੰਡ ਦੇ ਸਰਪੰਚ ਸ. ਗੁਰਦਿਆਲ ਸਿੰਘ ਨੇ ਸਮੁੱਚੇ ਪਿੰਡ ਵਲੋਂ ਮੁੱਖ ਮੰਤਰੀ ਦਾ ਪਿੰਡ ਲਈ ਦਰਿਆ ਦਿਲੀ ਵਿਖਾਉਣ ਵਾਸਤੇ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ ਅਤੇ ਸ਼੍ਰੀ ਕੇ.ਜੇ.ਐਸ.ਚੀਮਾ, ਸਕੱਤਰ ਮੰਡੀ ਬੋਰਡ ਸ਼੍ਰੀ ਦੀਪਿੰਦਰ ਸਿੰਘ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ। ਵਫ਼ਦ ਵਿੱਚ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਵੀ ਹਾਜ਼ਰ ਸਨ।