ਮਾਨਸਾ, 7 ਜਨਵਰੀ (ਬਲਜੀਤਪਾਲ)- ਸਰਕਾਰ ਦੀ ਕਰਜ਼ਾ ਮੁਆਫ਼ੀ ਦੇ ਚੱਲਦੇ ਬੁਢਲਾਡਾ ਦੇ ਪਿੰਡ ਮੰਘਾਣੀਆਂ ਦੇ ਇੱਕ ਖੇਤ ਮਜ਼ਦੂਰ ਨੇ ਕਰਜ਼ੇ ਤੇ ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਨਸਾ ਦੀ ਅਨਾਜ ਮੰਡੀ ਵਿਖੇ ਸਾਰੇ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਦੀ ਗੱਲ ਕਹਿ ਰਹੇ ਸਨ, ਦੂਜੇ ਪਾਸੇ ਉਸੇ ਸਮੇਂ ਪਿੰਡ ਮੰਘਾਣੀਆਂ ਵਿਖੇ ਇੱਕ ਮਜ਼ਦੂਰ ਦੇ ਘਰ ਖੁਦਕਸ਼ੀ ਨੂੰ ਲੈ ਕੇ ਕੀਰਨੇ ਪੈ ਰਹੇ ਸਨ। ਜਾਣਕਾਰੀ ਅਨੁਸਾਰ ਪਿੰਡ ਮੰਘਾਣੀਆਂ ਦਾ ਮਜ਼ਦੂਰ ਮਲਕੀਤ ਸਿੰਘ (28) ਆਪਣੇ ਲੀਵਰ ਤੇ ਹੋਰ ਬਿਮਾਰੀਆਂ ਨੂੰ ਲੈ ਕੇ ਪੀੜਤ ਸੀ। ਉਸ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਬਿਮਾਰੀ ਦੇ ਇਲਾਜ ’ਤੇ ਉਹ ਲੱਖਾਂ ਰੁਪਏ ਕਰਜ਼ਾ ਲੈ ਕੇ ਖਰਚ ਚੁੱਕੇ ਹਨ, ਪਰ ਇਹ ਬਿਮਾਰੀ ਠੀਕ ਨਾ ਹੋਈ। ਉਨ੍ਹਾਂ ਦਾ ਕਰਜ਼ ਲਗਾਤਾਰ ਵੱਧ ਰਿਹਾ ਸੀ, ਜਿਸ ਕਰਕੇ ਉਸ ਦੇ ਪਤੀ ਮਲਕੀਤ ਸਿੰਘ ਨੇ ਐਤਵਾਰ ਦੀ ਦੁਪਹਿਰ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਜਾਨ ਦੇ ਦਿੱਤੀ।
ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਭਗਵੰਤ ਸਿੰਘ ਸਮਾਉਂ ਨੇ ਮੰਗ ਕੀਤੀ ਕਿ ਖੇਤ ਮਜ਼ਦੂਰਾਂ ਦੀ ਹਾਲਤ ਵੀ ਕਰਜ਼ੇ ਕਾਰਨ ਵਿਗੜੀ ਹੋਈ ਹੈ। ਕਈ ਘਰਾਂ ਵਿਚ ਰੋਟੀ ਨਾ ਪੱਕਣ ਦੀ ਵੀ ਨੌਬਤ ਆਈ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਗਲੇ ਪੜਾਅ ਦੀ ਸੂਚੀ ਵਿਚ ਵੀ ਉਕਤ ਮਜ਼ਦੂਰ ਦਾ ਕਰਜ਼ਾ ਵੀ ਮੁਆਫ਼ ਕਰੇ ਅਤੇ ਉਨ੍ਹਾਂ ਦੇ ਗੁਜ਼ਾਰੇ ਲਈ ਲੋੜੀਂਦੀ ਸਹਾਇਤਾ ਵੀ ਦਿੱਤੀ ਜਾਵੇ। ਥਾਣਾ ਬੋਹਾ ਪੁਲਿਸ ਨੇ ਕਾਰਵਾਈ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ, ਜਿਸ ਦਾ ਦੇਰ ਸ਼ਾਮ ਅੰਤਿਮ ਸਸਕਾਰ ਦਿੱਤਾ ਗਿਆ।
ਕਰਜ਼ੇ ਤੋਂ ਅੱਕੇ ਖੇਤ ਮਜ਼ਦੂਰ ਨੇ ਕੀਤੀ ਖੁਦਕੁਸ਼ੀ



