ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1665 ਈ ਬਿਲਾਸਪੁਰ ਦੇ ਪਹਾੜੀ ਰਾਜੇ ਤੋਂ ਜ਼ਮੀਨ ਖਰੀਦਕੇ ਸ੍ਰੀ ਅਨੰਦਪੁਰ ਸਾਹਿਬ ਵਸਾਇਆ, ਜਿਸ ਦਾ ਪਹਿਲਾ ਨਾਂ ਚੱਕ-ਨਾਨਕੀ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਸਾਮ ਵੱਲ ਬਾਬੇ ਨਾਨਕ ਦੀ ਸ਼ੁਰੂ ਕੀਤੀ ਹੋਈ ਇਨਸਾਨੀਅਤ ਦੀ ਮੁਹਿੰਮ ਦਾ ਪ੍ਰਚਾਰ ਕਰਨ ਗਏ ਹੋਏ ਸਨ। ਗੋਬਿੰਦ ਰਾਏ ਦਾ ਜਨਮ 22 ਦਸੰਬਰ 1666 ਪਟਨਾ ਸਾਹਿਬ ਬਿਹਾਰ ਵਿਖੇ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ ਅਤੇ ਆਪਣੇ ਪਰਿਵਾਰ ਨੂੰ ਇਥੇ ਬੁਲਾ ਲਿਆ। ਗੋਬਿੰਦ ਰਾਏ, ਦੀ ਮੁੱਢਲੀ ਵਿੱਦਿਆ ’ਚ ਪੰਜਾਬੀ, ਸੰਸਕ੍ਰਿਤ, ਬਰਿਜ, ਫਾਰਸੀ, ਅਰਬੀ ਭਾਸ਼ਾਵਾਂ ਅਤੇ ਬਹਾਦਰ ਸਿਪਾਹੀ ਦੀ ਸਿਖਲਾਈ ਸ਼ਾਮਲ ਸੀ। ਸ੍ਰੀ ਆਨੰਦਪੁਰ ਸਾਹਿਬ ਦੀ ਸੁਰੱਖਿਆ ਵਾਸਤੇ 7 ਕਿਲੇ ਉਸਾਰੇ ਗਏ।
ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਨੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਅਣਮਨੁੱਖੀ ਤਰੀਕਿਆਂ ਨਾਲ ਜ਼ਾਲਮ ਮੁਗਲੀਆਂ ਸਰਕਾਰਾਂ ਕੇ ਸ਼ਹੀਦੀਆਂ ਕਰਕੇ, ਹਿੰਦੂਸਾਨੀਆਂ ਦੇ ਦਿਲਾਂ ਅੰਦਰ ਡੂੰਘਾ ਡਰ ਪੈਦਾ ਕੀਤਾ ਹੋਇਆ ਸੀ। ਗੁਰੂ ਸਾਹਿਬ ਨੇ ਇਨਸਾਨ ਨੂੰ ਗੁਲਾਮੀ ਤੇ ਜਾਲਮਾਂ ਦੇ ਚੱਕਰ ’ਚੋਂ ਕੱਢਣ ਵਾਸਤੇ ਇਨਸਾਨ ਦੇ ਰੂਪ ’ਚ ਖੜ੍ਹਕੇ ਲੜਨਾ ਜ਼ਰੂਰੀ ਹੈ।
ਭਾਈ ਜੀਤ ਮੋਹੀ,
ਕਿਰਪਾ ਅਕਾਲ ਕੇਰੀ॥
ਜੋ ਮੁਝਕੋ ਪ੍ਰਮੇਸ਼ਰ ਉਚਰੇ ਹੈ,
ਤੇ ਸਭ ਨਰਕ ਕੁੰਠ ਮੇ ਪੜ੍ਹਹੈ॥
ਨੇਕੀ ਤੇ ਬਦੀ ਦੀ ਜੰਗ ਜੁਗਾਂ ਤੋਂ ਚਲਦੀ ਆ ਰਹੀ ਹੈ। ਹਿੰਦੂ ਇਤਿਹਾਸ ਮੁਤਾਬਿਕ ਸਤਿਯੁੱਗ ਵਿੱਚ ਹਰਨਾਕਸ਼ ਦਾ ਖਾਤਮਾ ਕਰਨ ਵਾਸਤੇ ਭਗਵਾਨ ਪ੍ਰਲਾਦ, ਤਰੈਤਾ ਯੁੱਗ ਵਿੱਚ ਰਾਵਣ ਨੂੰ ਖਤਮ ਕਰਨ ਵਾਸਤੇ ਭਗਵਾਨ ਰਾਮ, ਦੁਆਪਰਯੁੱਗ ਵਿੱਚ ਕੰਸ ਦੇ ਖਾਤਮੇ ਵਾਸਤੇ ਭਗਵਾਨ ਕ੍ਰਿਸ਼ਨ ਪੈਦਾ ਹੋਏ। ਜਿਸ ਨੇ ਵੀ ਜ਼ੁਲਮ ਦੇ ਖਾਤਮੇ ਵਾਸਤੇ ਟੱਕਰ ਲਈ ਇਨਸਾਨ ਨੇ ਉਸ ਨੂੰ ਭਗਵਾਨ ਜਾਂ ਪ੍ਰਮੇਸ਼ਰ ਕਹਿਣਾ ਸ਼ੁਰੂ ਕੀਤਾ। ਮਨੁੱਖੀ ਦੀਮਾਗ ਨੇ ਸਮਝਿਆ ਕਿ ਭਗਵਾਨ ਆਵੇਗਾ ਤਾਂ ਜਾਲਮਾਂ ਦਾ ਖਾਤਮਾ ਕਰੇਗਾ। ਗੁਰੂ ਸਾਹਿਬ ਨੇ ਇਨਸਾਫ ਪਸੰਦ ਮਨੁੱਖਤਾ ਦੀ ਅਗਵਾਈ ਕਰਕੇ ਜ਼ੁਲਮਾਂ ਨਾਲ ਟੱਕਰ ਲਈ।
ਅਪ੍ਰੈਲ 1699 ਈ: ਖਾਲਸਾ ਪੰਥ ਸਾਜਕੇ ਬੀਰਤਾ ਅਤੇ ਸ਼ਾਂਤੀ ਦੋਵੇਂ ਗੁਣ ਖਾਲਸੇ ਅੰਦਰ ਲੈ ਆਂਦੇ। ਕਿਉਂਕਿ ਅਕੱਲੀ ਬੀਰਤਾ ਮਨੁੱਖ ਨੂੰ ਜ਼ਾਲਮ ਬਣਾਉਂਦੀ ਹੈ ਤੇ ਇਹੀ ਸ਼ਾਂਤੀ ਮਨੁੱਖ ਨੂੰ ਬੁੱਜਦਿਲ ਬਾਉਦੀ ਹੈ। ਕਾਫੀ ਜੰਗਾਂ 1699 ਦੀ ਵਿਸਾਖੀ ਤੋਂ ਪਹਿਲਾਂ ਲੜੀਆਂ ਗਈਆਂ ਸਨ।
ਜਬੈ ਬਾਣ ਲਾਗਿਉਂ,
ਤਬੈ ਰੋਸ ਜਾਗਿਉਂ॥
ਭੰਗਾਣੀ ਦੀ ਜੰਗ ਪਊਟਾਂ ਸਾਹਿਬ ਵਿਖੇ ਰਾਜੇ ਭੀਮ ਚੰਦ ਵਿਰੁੱਧ ਸੀ। ਗੁਰੂ ਜੀ ਦੀ ਫੌਜ ਵਿੱਚ ਅਨੇਕਾਂ ਸਿੱਖ ਸ਼ਰਧਾਲੂ, ਉਦਾਸੀ, ਪਠਾਣ ਤੇ 700 ਦੇ ਕਰੀਬ ਪੀਰ ਬੁੱਧੂਸ਼ਾਹ ਦੇ ਸ਼ਰਧਾਲੂ ਵੀ ਸ਼ਾਮਿਲ ਸਨ। ਹੋਰ ਵੀ ਜੰਗਾਂ ਹੋਈਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ। ਪਹਾੜੀ ਰਾਜਿਆਂ ਅਤੇ ਮੁਗਲ ਸੈਨਾ ਨਾਲ 3 ਮਹੀਨੇ ਜੰਗ ਚੱਲੀ। ਪਰ ਅਨੰਦਪੁਰ ਸਾਹਿਬ ਦੇ ਕਿਲ੍ਹੇ ਅਤੇ ਖਾਲਸਾ ਪੰਥ ਨੂੰ ਜਿਤ ਨਾ ਸਕੇ। ਮੌਲਵੀ ਨੂੰ ਕੁਰਾਨ ਤੇ ਬ੍ਰਹਮਣ ਨੂੰ ਭਗਵਤ ਗੀਤਾ ਦੇ ਕੇ ਰਸਮਾਂ ਖਾਧੀਆਂ ਕਿ ਅਗਰ ਗੁਰੂ ਸਾਹਿਬ ਕਿਲ੍ਹਾ ਅਨੰਦਗੜ੍ਹ ਛੱਡ ਜਾਣ ਤਾਂ ਕੋਈ ਨੁਕਸਾਨ ਨਹੀਂ ਪੁਚਾਇਆ ਜਾਵੇਗਾ। 20 ਦਸੰਬਰ 1704 ਈ: ਗੁਰੂ ਸਾਹਿਬ, ਸਿੰਘਾਂ ਅਤੇ ਪਰਿਵਾਰ ਸਮੇਤ ਸਰਸਾ ਨਦੀ ਦੇ ਕਿਨਾਰੇ ਕੀਰਤਪੁਰ ਪੁੱਜੇ ਤਾਂ ਵਾਅਦੇ ਦੇ ਉਲਟ ਮੁਗਲ ਸੈਨਾ ਨੇ ਹਮਲਾ ਕਰ ਦਿੱਤਾ। ਕਾਫੀ ਸਿੰਘ ਸ਼ਹੀਦੀਆਂ ਪਾ ਗਏ। ਬਹੁਤ ਸਾਰੀ ਮੁਗਲ ਸੈਨਾ ਮਾਰੀ ਗਈ। ਗੁਰੂ ਪਰਿਵਾਰ ਤਿੰਨ ਹਿੱਸਿਆ ਵਿੱਚ ਵੰਡਿਆ ਗਿਆ। ਇਕ ਹਿੱਸਾ ਗੁਰੂ ਸਾਹਿਬ, ਵੱਡੇ ਸਾਹਿਬਜ਼ਾਦੇ ਅਤੇ ਸਿੰਘ, ਦੂਜਾ ਹਿੱਸਾ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ, ਤੀਸਰਾ ਹਿੱਸਾ ਦੋ ਮਤਾਵਾਂ, ਭਾਈ ਮਨੀ ਸਿੰਘ ਤੇ ਹੋਰ ਸਿੰਘ ਜੋ ਦਿੱਲੀ ਵੱਲ ਚਲੇ ਗਏ। ਇਸ ਸਥਾਨ ’ਤੇ ਗੁਰਦੁਆਰਾ ਪਰਿਵਾਰ-ਵਿਛੋੜਾ ਮੌਜੂਦ ਹੈ।
ਗੁਰੂ ਸਾਹਿਬ ਦਾ ਜਥਾ ਰੋਪੜ ਨੇੜੇ ਪਹੁੰਚਿਆ। ਇਥੇ ਗੁਰਦੁਆਰਾ ਭੱਠਾ ਸਾਹਿਬ ਸਥਿਤ ਹੈ। ਪਿੰਡ ਕੋਟਲਾ ਨਿਹੰਗ ਸਿੰਘ ਦੇ ਇਕ ਪਠਾਣ ਸ਼ਰਧਾਲੂ ਨੇ ਜਥੇ ਦੀ ਰਖਵਾਲੀ ਅਤੇ ਹਿਫਾਜਤ ਦੀ ਜ਼ਿੰਮੇਵਾਰੀ ਲਈ। ਇੱਥੋਂ ਚਲਕੇ ਚਮਕੌਰ ਦੇ ਇਲਾਕੇ ਪੁੱਜੇ। ਜ਼ਿੰਮੀਦਾਰ ਚੌਧਰੀ ਬੁੱਧੀ ਚੰਦ ਗੁਰੂ ਸਾਹਿਬ ਨੂੰ ਆਪਣੀ ਹਵੇਲੀ ਲੈ ਗਿਆ। ਮਾਲਿਕ ਜਗਤ ਸਿੰਘ ਨੇ ਡਰ ਕਾਰਨ ਗੜ੍ਹੀ ਨਾ ਦਿੱਤੀ। ਪਰ ਉਸ ਦੇ ਛੋਟੇ ਭਾਈ ਰੂਪ ਚੰਦ ਨੇ ਗੜ੍ਹੀ ਦਾ ਆਪਣਾ ਹਿੱਸਾ 50 ਮੋਹਰਾਂ ਲੈ ਕੇ ਦੇ ਦਿੱਤਾ। ਮੁਗਲ ਸੈਨਾ ਨੂੰ ਇਤਲਾਹ ਮਿਲ ਗਈ। ਸਿੰਘਾਂ ਨੂੰ ਤਾਇਨਾਤ ਕਰ ਦਿੱਤਾ। ਕੱਚੀ ਗੜ੍ਹੀ ਵਿੱਚ ਬੈਠਕੇ 22 ਦਸੰਬਰ 1704 ਨੂੰ ਘਮਸਾਨ ਦੀ ਜੰਗ ਕੀਤੀ। ਮੁਗਲ ਸੈਨਾ ਦੇ 10 ਹਜ਼ਾਰ ਫੌਜੀ ਮਾਰੇ ਗਏ। 40 ਸਿੰਘ ਤੇ 2 ਵੱਡੇ ਸਾਹਿਬਜ਼ਾਦੇ ਇਥੇ ਸ਼ਹੀਦ ਹੋਏ।
ਸਵਾ ਲਾਖ ਸੇ ਏਕ ਲੜਾਉਂ।
ਤਬੈ ਗੋਬਿੰਦ ਸਿੰਘ ਨਾਮ ਕਹਾਉਂ॥
ਪੰਜ ਪਿਆਰਿਆਂ ਨੇ ‘ਖਾਲਸਾ ਗੁਰੂ’ ਹੈ ਤੇ ‘ਗੁਰੂ ਖਾਲਸਾ’ ਦੇ ਮਹਾਂਵਾਕ ਅਨੁਸਾਰ, ਗੁਰੂ ਜੀ ਨੂੰ ਰਾਤ ਨੂੰ ਗੜ੍ਹੀ ਛੱਡਣ ਦਾ ਹੁਕਮ ਦਿੱਤਾ। ਆਪਣੀ ਪੁਸ਼ਾਕ ਤੇ ਕਲਗੀ ਭਾਈ ਸੰਗਤ ਸਿੰਘ ਨੂੰ ਦਿੱਤੀ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਸਮੇਤ ਮੁਗਲ ਸੈਨਾ ਦਾ ਘੇਰਾ ਚੀਰਕੇ ਨਿਕਲ ਗਏ। ਅਸੀਂ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਹਾਂ, ਚਮਕੌਰ ਦੀ ਗੜ੍ਹੀ ਦੇ ਦਰਸ਼ਨ ਕਰਨ ਬਾਰੇ ਨਹੀਂ ਸੋਚਦੇ ਜਿਥੇ ਤਿੰਨ ਪਿਆਰੇ : ਭਾਈ ਹਿੰਮਤ ਸਿੰਘ ਜੀ (ਪੁਰੀ ਤੋਂ) ਭਾਈ ਮੋਹਕਮ ਸਿੰਘ ਜੀ (ਗੁਜਰਾਤੀ), ਭਾਈ ਸਾਹਿਬ ਸਿੰਘ ਜੀ (ਕਰਨਾਟਕ), ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਉਮਰ 14 ਸਾਲ, ਸਾਹਿਬਜ਼ਾਦਾ ਅਜੀਤ ਸਿੰਘ ਜੀ ਉਮਰ 16 ਸਾਲ ਅਤੇ ਹੋਰ 40 ਸਿੰਘ ਸ਼ਹੀਦ ਹੋਏ ਸਨ। ਬੜੀਆਂ ਮੁਸ਼ਕਿਲਾਂ ਪਿੱਛੋਂ ਗੁਰੂ ਸਾਹਿਬ ਮਾਛੀਵਾੜਾ ਜ਼ਿਲ੍ਹਾ ਲੁਧਿਆਣਾ ਜੰਗਲ-ਬੀਆਬਾਨ ਦੇ ਇਲਾਕੇ ਪੁੱਜੇ। 1 ਪੋਹ, ਠੰਡੀ ਰਾਤ, ਕੱਪੜੇ ਫਟੇ, ਪੈਰੀਂ ਖੂਨ, ਟਿੰਡ ਦਾ ਸਿਰਹਾਣਾ, ਹੱਥ ਨੰਗੀ ਤਲਵਾਰ ਇੱਕ ਜੰਡ ਦੇ ਦਰੱਖਤ ਹੇਠਾਂ ਆਰਾਮ ਕੀਤਾ। ਇਹ ਜੰਡ ਅੱਜ ਵੀ ਮੌਜੂਦ ਹੈ। ਇਥੇ ਸ਼ਬਦ ਉਚਾਰਿਆ :
ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ…!!
ਭਾਈ ਦਯਾ ਸਿੰਘ ਜੀ (ਲਾਹੌਰ ਤੋਂ) ਅਤੇ ਭਾਈ ਧਰਮ ਸਿੰਘ ਜੀ (ਦਿੱਲੀ ਤੋਂ) ਅਤੇ ਮਾਨ ਸਿੰਘ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਨੀਂਹਾਂ ਵਿੱਚ ਚਿਨਾਉਣ ਦੀ ਅਤੇ ਮਾਤਾ ਗੁਜਰੀ ਜੀ ਦੇ ਪ੍ਰਾਣ ਤਿਆਗਣ ਦੀ ਦੁੱਖਭਰੀ ਖਬਰ ਦਿੱਤੀ। ਸਾਹਿਬਜ਼ਾਦਿਆਂ ਦੀ ਉਮਰ ਪੌਣੇ ਅੱਠ ਸਾਲ ਤੇ ਪੌਣੇ ਛੇ ਸਾਲ ਸੀ। ਗੁਰੂ ਜੀ ਨੇ ਜ਼ਮੀਨ ’ਚੋਂ ਬੂਟਾ ਪੁੱਟਿਆ ਤੇ ਫਰਮਾਇਆ, ਹੁਣ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਹੋ ਗਈਆਂ।
ਬਾਗ ਦੇ ਰਾਖੇ ਨੇ ਮਾਲਕਾਂ ਗੁਲਾਬੇ ਅਤੇ ਪੰਜਾਬੇ ਨੂੰ ਜਾ ਦੱਸਿਆ। ਉਹ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਗਏ। ਘੋੜਿਆਂ ਦੇ ਵਿਉਪਾਰੀ ਅਤੇ ਗੁਰੂ ਘਰ ਦੇ ਸ਼ਰਧਾਲੂ ਗਨੀ ਖਾਂ ਜੀ ਤੇ ਨਵੀ ਖਾਂ ਜੀ ਮਾਛੀਵਾੜੇ ਰਹਿੰਦੇ ਸਨ। ਉਹ ਆਪਣੇ ਘਰ ਲੈ ਗਏ। ਮੁਗਲ ਫੌਜ ਦੇ ਘੇਰੇ ’ਚੋਂ ਨਿਕਲਣ ਦੀ ਵਿਉਂਤ ਬਣਾਈ। ਮਾਤਾ ਹਰਦੇਈ ਜੀ ਨੇ ਪੁਸ਼ਾਕ ਭੇਟ ਕੀਤੀ, ਨੀਲਾ ਰੰਗ ਦੁਆਇਆ, ਉਚ ਦੇ ਪੀਰ ਦੇ ਰੂਪ ਵਿੱਚ ਪਲੰਘ ’ਤੇ ਬਿਰਾਜਮਾਨ ਹੋ ਗਏ। ਗਨੀ ਖਾਂ ਜੀ, ਨਵੀ ਖਾਂਜੀ, ਭਈ ਦਯਾ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੇ ਪਲੰਘ ਮੋਢਿਆਂ ਉਤੇ ਚੁੱਕਿਆ। ਭਾਈ ਮਾਨ ਜੀ ਸਿੰਘ ਚੌਰ ਕਰਨ ਲੱਗੇ। ਮੁਗਲ ਸੈਨਾ ਦੀ ਚੌਕੀ ਦਾ ਮੁਖੀ ਦਲਾਵਰ ਖਾਂ ਨੇ ਸਯਦ ਪੀਰ ਮੁਹੰਮਦ ਕਾਜ਼ੀ ਨੂੰ ਨੂਰਪੁਰ ਤੋਂ ਬੁਲਾ ਸ਼ਨਾਖ਼ਤ ਕਰਵਾਈ। ਕੁਝ ਦਿਨ ਪਹਿਲਾਂ ਚਮਕੌਰ ਦੀ ਜੰਗ ’ਚ ਆਪਣੀ ਜਾਨ ਬਚਾਉਣ ਬਦਲੇ, ਉਚ ਦੇ ਪੀਰ ਅੱਗੇ 500 ਅਸ਼ਰਫੀਆਂ ਸੁੱਖਣਾ ਪੂਰੀ ਕੀਤੀ। ਇਥੋਂ ਤੱਕ ਦੇ ਸਫਰ ਦੇ ਦਰਸ਼ਨ ਮੇਰੇ ਮਾਮਾ ਜੀ ਦੇ ਲੜਕੇ ਗੁਰਿੰਦਰ ਸਿੰਘ ਨੇ ਮੈਨੂੰ ਆਪਣੀ ਕਾਰ ਵਿੱਚ ਕਰਵਾਏ। ਗੁਰੂ ਜੀ ਘਨਾਲ, ਲੱਲ ਕਲਾਂ, ਕਟਾਣਾ ਸਾਹਿਬ, ਕਨੇਰ ਆਦਿ ਹੁੰਦੇ ਹੋਏ ਪਿੰਡ ਆਲਮਗੀਰ ਪੁੱਜੇ। ਇਤਿਹਾਸਕ ਗੁਰਦੁਆਰਾ ਆਲਮਗੀਰ ਸਥਿਤ ਹੈ। ਮੋਹੀ, ਦੀਨਾ ਨਗਰ, ਗੰਗਾਸਰ, ਜੈਤੋ ਹੁੰਦੇ ਹੋਏ ਮਾਲਵੇ ਦੀ ਧਰਤੀ ਮੁਕਤਸਰ ਪੁੱਜੇ ਮੁਕਤਸਰ ਦੇ ਯੁੱਧ ਪਿੱਛੋਂ ਤਲਵੰਡੀ ਸਾਬੋ ਆ ਗਏ। ਜਿੱਥੇ ਭਾਈ ਮਨੀ ਸਿੰਘ ਜੀ ਮਤਾਵਾਂ ਸਾਥ ਪੁੱਜੇ। ਮਾਤਾ ਸਾਹਿਬ ਕੌਰ ਜੀ ਨੇ ਪੁੱਛਿਆ, ਮੇਰੇ ਪੁੱਤਰ ਕਿਤੇ ਹਨ? ਗੁਰੂ ਸਾਹਿਬ ਜੀ ਨੇ ਫੁਰਮਾਇਆ
ਇਨ ਪੁਤਰਨ ਕੇ ਸੀਸ ਪੇ,
ਵਾਰ ਦੀਏ ਸੁੱਤ ਚਾਰ।
ਚਾਰ ਮੂਏ ਤੋ ਕਿਆ ਹੁਆ,
ਜੀਵਤ ਕਈ ਹਜ਼ਾਰ॥
ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਅਸਥਾਨ ’ਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਪਹਿਲੀ ਦੇਹ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 116 ਸ਼ਬਦ ਦੇ ਸਲੋਕ ਦਰਜ ਕਰਵਾਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਸਰੂਪ ਤਿਆਰ ਕਰਵਾਇਆ। 30 ਅਕਤੂਬਰ 1706 ਨੂੰ ਪਹਿਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ। ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਤਲਵੰਡੀ ਸਾਬੋ ਤੱਕ ਦਾ 577 ਕਿਲੋਮੀਟਰ ਰਸਤਾ 47 ਦਿਨਾਂ ’ਚ ਸਫਰ ਕੀਤਾ। ਅਪ੍ਰੈਲ 1973 ’ਚ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਇਸ ਰਸਤੇ ਨੂੰ ‘ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ’ ਨਾਂ ਦੇ ਕੇ ਗੇਟਾਂ ਅਤੇ 20 ਦਸਮੇਸ਼ ਮਿਨਾਰਾਂ ਦੀ ਉਸਾਰੀ ਕਰਵਾਈ। ਗੁਰੂ ਸਾਹਿਬ ਜੀ ਦੀਆਂ ਪਵਿੱਤਰ ਲਿਖਤਾਂ ਲਿਖਵਾਈਆਂ।
ਗੁਰੂ ਸਾਹਿਬ ਦੀਆਂ ਲਿਖਤਾਂ ਵਿੱਚ ਪਿਆਰ, ਬਰਾਬਰਤਾ, ਸੂਰਬੀਰਤਾ ਦੇ ਅੰਸ਼ ਮੌਜੂਦ ਹਨ। ਮੂਰਤੀ ਪੂਜਾ ਤੇ ਕਰਾਮਾਤਾਂ ਦਾ ਵਿਰੋਧ ਹੈ। 20 ਜੰਗਾਂ ਲੜੀਆਂ ਤੇ ਜਿੱਤੀਆਂ। ਦਰਬਾਰ ਵਿੱਚ 52 ਕਵੀ ਸਨ। ਹਰਿਮੰਦਰ ਸਾਹਿਬ ਜੀ ਨਹੀਂ ਗਏ। ਦੀਨਾ ਨਗਰ ਤੋਂ ਜ਼ਫਰਨਾਮਾ (ਜਿੱਤ ਦੀ ਚਿੱਠੀ) ਔਰੰਗਜੇਬ ਨੂੰ ਭੇਜੀ। ਦਾਦੂਦਵਾਰੇ (ਰਾਜਸਥਾਨ), ਅਜਮੇਰ, ਪੁਸ਼ਕਰ, ਬਰਹਾਨਪੁਰ, ਹੁੰਦੇ ਹੋਏ ਨੰਦੇੜ ਸਾਹਿਬ (ਮਹਾਂਰਾਸ਼ਟਰ) ਮਾਧੋਦਾਸ ਵੈਰਾਗੀ ਦੇ ਡੇਰੇ ਪਹੁੰਚੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦੇ ਕੇ ਪੰਜਾਬ ਭੇਜਿਆ। ਅੰਤ 7 ਅਕਤੂਬਰ 1708 ਜੋਤੀ ਜੋਤ ਸਮਾ ਗਏ।
ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ ਹੈ। ਗੁਰੂ ਸਾਹਿਬ ਦੀ ਜੰਗ ਕਿਸੇ ਧਰਮ ਦੇ ਵਿਰੁੱਧ ਨਹੀਂ ਸੀ, ਜ਼ਾਲਮ ਹਾਕਮਾਂ ਦੇ ਅਤਿਆਚਾਰ ਵਿਰੁੱਧ ਸੀ।