ਨਵੀਂ ਦਿੱਲੀ, 19 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-‘ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਇਸ ਲਈ ਨਹੀਂ ਬਣਨ ਦਿੱਤਾ ਕਿਉਂਕਿ ਮਾਂ ਦੇ ਰੂਪ ਵਿੱਚ ਉਹ ਆਪਣੇ ਬੇਟੇ ਦੀ ਸਿਆਸੀ ਬਲੀ ਦੇਣ ਲਈ ਤਿਆਰ ਨਹੀਂ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਪਾਰਟੀ ਦੀ ਰਾਸ਼ਟਰੀ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੀ ਹਾਰ ਸਪੱਸ਼ਟ ਦਿਖਾਈ ਦੇ ਰਹੀ ਹੈ ਅਤੇ ਜਦੋਂ ਤਬਾਹੀ ਸਾਹਮਣੇ ਨਜ਼ਰ ਆ ਰਹੀ ਹੋਵੇ ਤਾਂ ਕੋਈ ਵੀ ਮਾਂ ਆਪਣੇ ਪੁੱਤਰ ਦੀ ਸਿਆਸੀ ਬਲੀ ਦੇਣ ਲਈ ਤਿਆਰ ਨਹੀਂ ਹੁੰਦੀ। ਇਸ ਦੇ ਉਲਟ ਸੋਨੀਆ ਨੇ ਆਪਣੇ ਪੁੱਤਰ ਨੂੰ
ਬਚਾਉਣ ਦੇ ਹੱਕ ਵਿਚ ਆਵਾਜ਼ ਉਠਾਈ।ਕਾਂਗਰਸ ਅਤੇ ਗਾਂਧੀ ਪਰਿਵਾਰ ’ਤੇ ਖੁੱਲ੍ਹਾ ਹਮਲਾ ਕਰਦਿਆਂ ਨਰਿੰਦਰ ਮੋਦੀ ਨੇ ਪਿੱਛੜੀਆਂ ਜਾਤੀਆਂ ਅਤੇ ਗਰੀਬੀ ਦੇ ਕਾਰਡ ਨੂੰ ਖੇਡਦਿਆਂ ਕਿਹਾ ਕਿ ਕਾਂਗਰਸ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਇਸ ਲਈ ਵੀ ਨਹੀਂ ਐਲਾਨਿਆ ਕਿਉਂਕਿ ਇਸ ਉੱਚ ਵਰਗ ਨੂੰ ਉਨ੍ਹਾਂ ਵਰਗੇ ਪਿਛੜੀ ਜਾਤੀ ਦੇ ਅਤੇ ਚਾਹ ਵੇਚਣ ਵਾਲੇ ਦੇ ਮੁਕਾਬਲੇ ਮੈਦਾਨ ਵਿੱਚ ਉਤਾਰਨ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਰੰਪਰਾਵਾਂ ਦੀ ਗੱਲ ਕਰਨ ਵਾਲੀ ਕਾਂਗਰਸ ਉਸ ਵੇਲੇ ਕਿੱਥੇ ਸੀ ਜਦੋਂ 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਰਦਾਰ ਪਟੇਲ ਦੀ ਜਗ੍ਹਾ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ। ਇਸ ਦੇ ਨਾਲ ਹੀ 1984 ਵਿੱਚ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਹੋਈ ਤਾਂ ਰਾਜੀਵ ਗਾਂਧੀ ਦਿੱਲੀ ਤੋਂ ਬਾਹਰ ਸਨ। ਉਹ ਤੁਰੰਤ ਹੀ ਦਿੱਲੀ ਪਹੁੰਚੇ ਅਤੇ ਕੁਝ ਹੀ ਪਲਾਂ ਵਿੱਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾ ਦਿੱਤੀ ਗਈ। ਮੋਦੀ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਦੇਸ਼ ਦਾ ਵਿਕਾਸ ਬਰਾਬਰ ਰੂਪ ਵਿਚ ਨਹੀਂ ਹੋਇਆ। ਕੁਝ ਖੇਤਰਾਂ ਨਾਲ ਮਤਭੇਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਪਿੱਛੜੇ ਇਲਾਕਿਆਂ ਦਾ ਵਿਕਾਸ ਤਰਜੀਹ ਦੇ ਆਧਾਰ ’ਤੇ ਕੀਤਾ ਜਾਵੇਗਾ।