May 16, 2026 9:50 am

ਸ਼ਾਦੀ ਸਮਾਰੋਹਾਂ ਵਿੱਚ ਹਥਿਆਰ ਲਿਜਾਣ ’ਤੇ ਪਾਬੰਦੀ ਜ਼ਰੂਰੀ

ਆਗਾਹ ਅਪਨੀ ਮੌਤ ਸੇ
ਕੋਈ ਬਸ਼ਰ ਨਹੀਂ
ਸ਼ਾਮਾਨ ਸੌ ਬਰਸ ਕਾ ਹੈ
ਪਲ ਕੀ ਖ਼ਬਰ ਨਹੀਂ।
ਸ਼ਾਇਰ ਹੈਰਤ ਇਲਾਹਾਬਾਦੀ ਦਾ ਉਕਤ ਸ਼ੇਅਰ ਪਿਛਲੇ ਦਿਨੀਂ ਉਸ ਵੇਲੇ ਸੱਚ ਸਾਬਤ ਹੋਇਆ ਜਦੋਂ ਹਰਿਆਣਾ ਦੇ ਕੈਂਥਲ ਜ਼ਿਲ੍ਹੇ ਦੇ ਗੂਹਲਾ-ਚੀਕਾ ਸ਼ਹਿਰ ਵਿੱਚ ਸਵਿਜ਼ਰਲੈਂਡ ਤੋਂ ਵਿਆਹ ਕਰਵਾਉਣ ਆਇਆ 30 ਸਾਲਾ ਗਭਰੂ ਵਿਕਰਮਜੀਤ ਸਿੰਘ ਆਪਣੇ ਦੋਸਤਾਂ ਨਾਲ ਨੱਚ ਰਿਹਾ ਸੀ ਅਤੇ ਮੌਤ ਉਸ ਦੇ ਸਿਰ ’ਤੇ ਮੰਡਰਾ ਰਹੀ ਸੀ। ਮੌਤ ਦਾ ਕਾਰਨ ਬਣੀ ਉਸ ਦੇ ਵੱਡੇ ਭਰਾ ਸੁਰਿੰਦਰ ਸਿੰਘ ਦੀ ਬੰਦੂਕ ’ਚੋਂ ਨਿਕਲੀ ਗੋਲੀ। ਇਹ ਦੋਵੇਂ ਭਰਾ ਹਫਤਾ ਕੁ ਪਹਿਲਾਂ ਸਵਿਜ਼ਰਲੈਂਡ ਤੋਂ ਵਿਆਹ ਦੇ ਜਸ਼ਨ ਮਨਾਉਣ ਆਏ ਸਨ। ਵਿਆਹ ਤੋਂ ਇਕ ਦਿਨ ਪਹਿਲਾਂ ਲੇਡੀਜ਼ ਸੰਗੀਤ ਅਤੇ ਜਾਗੋ ਦਾ ਪ੍ਰੋਗਰਾਮ ਚੱਲ ਰਿਹਾ ਸੀ। ਜਾਗੋ ਕੱਢੀ ਜਾ ਰਹੀ ਸੀ। ਸਮੇਤ ਵਿਆਹੁਲੇ ਮੁੰਡੇ ਦੇ ਸਾਰੇ ਰਿਸ਼ਤੇਦਾਰ ਨੱਚ ਰਹੇ ਸਨ। ਸੁਰਿੰਦਰ ਸਿੰਘ ਆਪਣੀ ਖੁਸ਼ੀ ਬੰਦੂਕ ਵਿੱਚੋਂ ਗੋਲੀਆਂ ਦਾਗ ਕੇ ਪ੍ਰਗਟ ਕਰ ਰਿਹਾ ਸੀ। ਸੁਰਿੰਦਰ ਦੀ ਗੋਲੀ ਨੇ ਨਾ ਸਿਰਫ ਉਸ ਦੇ ਭਰਾ ਦੀ ਜਾਨ ਲੈ ਲਈ ਬਲਕਿ ਉਸ ਦੇ ਦੋ ਦੋਸਤਾਂ ਨੂੰ ਵੀ ਜ਼ਖਮੀ ਕਰ ਦਿੱਤਾ ਜੋ ਪਟਿਆਲਾ ਵਿਖੇ ਜ਼ੇਰ ਇਲਾਜ ਹਨ।
ਗੂਹਲਾ-ਚੀਕਾ ਵਿਖੇ ਹੋਇਆ ਇਹ ਹਾਦਸਾ ਇਸ ਕਿਸਮ ਦਾ ਇਕੱਲਾ ਜਾਂ ਪਹਿਲਾ ਹਾਦਸਾ ਨਹੀਂ ਹੈ ਸਗੋਂ ਉਤਰੀ ਭਾਰਤ ਵਿੱਚ ਖੁਸ਼ੀ ਮੌਕੇ ਨੂੰ ਗੋਲੀਆਂ ਚਲਾਕੇ ਮਨਾਉਣਾ ਇਕ ਫੈਸ਼ਨ ਬਣ ਗਿਆ ਹੈ। ਵਿਆਹਾਂ ਨੂੰ ਮਾਤਮ ਵਿੱਚ ਤਬਦੀਲ ਕਰਨ ਵਾਲੀਆਂ ਅਨੇਕਾਂ ਘਟਨਾਵਾਂ ਹਰ ਵਰ੍ਹੇ ਵਾਪਰਦੀਆਂ ਹਨ ਅਤੇ ਅਖਬਾਰਾਂ ਦੀ ਸੁਰਖੀਆਂ ਤੋਂ ਵੱਧ ਇਨ੍ਹਾਂ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕੇ ਜਾਂਦੇ। ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਕਾਰਨ ਕਈ ਨਾਮੀ ਗਾਇਕ ਵੀ ਮਾਰੇ ਜਾ ਚੁੱਕੇ ਹਨ। ਦਸੰਬਰ 2017 ਵਿੱਚ ਬਠਿੰਡਾ ਵਿਖੇ ਇਕ ਆਰਕੈਸਟਰਾ ਡਾਂਸਰ ਦੀ ਮੌਤ ਕਈ ਦਿਨ ਅਖਬਾਰਾਂ ਦੀਆਂ ਖ਼ਬਰਾਂ ਬਣਦੀ ਰਹੀ ਸੀ। 20 ਅਪ੍ਰੈਲ 2012 ਨੂੰ ਯਮਨਾ ਨਗਰ ਵਿੱਚ ਵੀ ਵਿਆਹ ਦੇ ਸਮਾਗਮ ਵਿੱਚ ਸ਼ਾਮਲ ਇਕ ਤਿੰਨ ਸਾਲਾ ਬੱਚੀ ਨੂੰ ਗੋਲੀ ਲੱਗੀ ਸੀ ਅਤੇ ਉਹ ਮਾਸੂਮ ਅਣਆਈ ਮੌਤ ਮਾਰੀ ਗਈ ਸੀ। 18 ਨਵੰਬਰ 2016 ਦਾ ਸਮਾਰੋਹ ਵੀ ਤੁਹਾਡੇ ਚੇਤਿਆਂ ਵਿੱਚ ਹੋਵੇਗਾ ਜਦੋਂ ਸਾਧਵੀ ਦੇਵਾ ਠਾਕੁਰ ਅਤੇ ਉਸ ਦੇ ਚੇਲਿਆਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਬੰਦੂਕਾਂ ਵਿੱਚੋਂ ਗੋਲੀਆਂ ਦੇ ਪਟਾਕਿਆਂ ਨਾਲ ਕੀਤਾ ਸੀ ਅਤੇ ਜਿਸ ਨਾਲ ਇਕ ਔਰਤ ਦੀ ਮੌਤ ਹੋਈ ਸੀ ਅਤੇ ਤਿੰਨ ਜ਼ਖਮੀ ਹੋਈਆਂ ਸਨ। 19 ਨਵੰਬਰ 2017 ਨੂੰ ਕੋਟਕਪੂਰਾ ਵਿਖੇ ਇਕ ਖੁਸ਼ੀ ਦਾ ਸਮਾਰੋਹ ਦੁਖਾਂਤ ਵਿੱਚ ਬਦਲ ਗਿਆ ਸੀ ਜਦੋਂ ਗੋਲੀ ਚੱਲਣ ਨਾਲ ਇਕ 8 ਵਰ੍ਹਿਆਂ ਦੇ ਬੱਚੇ ਦੀ ਮੌਤ ਹੋ ਗਈ ਸੀ। 15 ਮਾਰਚ 2016 ਨੂੰ ਉਤਰ ਪ੍ਰਦੇਸ਼ ਦੇ ਇਕ ਪਿੰਡ ਵਿੱਚ ਬਰਾਤ ਨਾਲ ਜਾ ਰਹੇ ਫੋਟੋਗ੍ਰਾਫਰ ਦੀ ਮੌਤ ਵੀ ਦੁਹਲੇ ਦੇ ਇਕ ਪਰਿਵਾਰਕ ਮੈਂਬਰ ਵੱਲੋਂ ਗੋਲੀ ਚਲਾਏ ਜਾਣ ਨਾਲ ਹੋ ਗਈ ਸੀ। ਫਰਵਰੀ 2016 ਦੇ ਮਹੀਨੇ ਵਿੱਚ ਸ਼ਾਦੀ ਸਮਾਰੋਹਾਂ ਦੌਰਾਨ ਚਲਾਈਆਂ ਗੋਲੀਆਂ ਨੇ ਚਾਰ ਬੰਦਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਅਮਿਤ ਰਸਤੋਗੀ ਜਦੋਂ ਘੋੜੀ ਬੈਠਾ ਬਰਾਤ ਦੀ ਅਗਵਾਈ ਕਰ ਰਿਹਾ ਸੀ ਉਸ ਵੇਲੇ ਉਸ ਦੇ ਲੱਗੀ ਗੋਲੀ ਨੇ ਬਰਾਤ ਨੂੰ ਮਾਤਮ ਵਿੱਚ ਬਦਲ ਦਿੱਤਾ ਸੀ।
ਇਸ ਕਿਸਮ ਦੀਆਂ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਇਸ ਬਾਰੇ ਅਦਾਲਤਾਂ ਨੇ ਵੀ ਬਹੁਤ ਵਾਰ ਇਸ ਪ੍ਰਥਾ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਉਂਜ ਇਹ ਪ੍ਰਥਾ ਉਤਰੀ ਭਾਰਤ ਸਮੇਤ ਅਫਗਾਨਿਸਤਾਨ, ਪਾਕਿਸਤਾਨ ਅਤੇ ਦੱਖਣੀ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਪ੍ਰਚਲਤ ਹੈ ਅਤੇ ਸੱਭਿਆਚਾਰਕ ਤੌਰ ’ਤੇ ਪ੍ਰਵਾਨਤ ਵੀ ਹੈ। ਪੰਜਾਬ ਵਿੱਚ ਬਹੁਤ ਸਾਰੇ ਗਾਇਕਾਂ ਨੇ ਹੱਥਿਆਰਾਂ ਅਤੇ ਹਥਿਆਰਾਂ ਨੂੰ ਚਲਾਉਣ ਵਾਲੇ ਗੀਤਾਂ ਨੂੰ ਗਾ ਕੇ ਅਜਿਹੀਆਂ ਗੱਲਾਂ ਨੂੰ ਉਤਸ਼ਾਹਿਤ ਕਰਨ ਵਿੱਚ ਭੂਮਿਕਾ ਨਿਭਾਈ ਹੈ। ਉਂਜ ਵੀ ਪੰਜਾਬੀ ਹਥਿਆਰਾਂ ਅਤੇ ਕਾਰਾਂ ਦੇ ਨਾਮ ’ਤੇ ਖੂਬ ਦਿਖਾਵਾ ਕਰਨਾ ਪਸੰਦ ਕਰਦੇ ਹਨ। ਵਿਆਹਾਂ ਦੇ ਸਮਾਗਮਾਂ ਵਿੱਚ ਦਾਰੂ ਦਾ ਸੇਵਨ ਵੱਡੇ ਪੱਧਰ ’ਤੇ ਹੁੰਦਾ ਹੈ। ਗਾਣੇ ਵੀ ਹਥਿਆਰਾਂ ਨੂੰ ਚਲਾਉਣ ਲਈ ਉਤੇਜਿਤ ਕਰਦੇ ਹਨ। ਸ਼ਰਾਬ ਪੀ ਕੇ ਉਤੇਜਨਾ ਹੋਰ ਵੀ ਵੱਧ ਜਾਂਦੀ ਹੈ। ਨਸ਼ੇ ਵਿੱਚ ਬੰਦੂਕ ਚਲਾਉਣ ਵਾਲੇ ਗਲਤ ਨਿਸ਼ਾਨਾ ਲਾ ਬੈਠਦੇ ਹਨ ਅਤੇ ਮਾਸੂਮ ਲੋਕ ਜਾਨ ਤੋਂ ਹੱਥ ਧੋ ਲੈਂਦੇ ਹਨ।
ਵਿਆਹ ਸ਼ਾਦੀਆਂ ਦੇ ਸਮਾਗਮਾਂ ਵਿੱਚ ਹਥਿਆਰਾਂ ਨੂੰ ਲਿਜਾਉਣ ਦੀ ਪਾਬੰਦੀ ਲਾਉਣੀ ਚਾਹੀਦੀ ਹੈ। ਪਰਿਵਾਰਾਂ ਦੇ ਮੁਖੀਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਸ ਪੱਖੋਂ ਹੋਰ ਸੁਚੇਤ ਰਹਿਣ ਦੀ ਲੋੜ ਹੈ। ਨਹੀਂ ਤਾਂ ਖੁਸ਼ੀ ਮੌਕੇ ਨੂੰ ਮਾਤਮ ਵਿੱਚ ਬਦਲਣ ਲਈ ਪਲ ਨਹੀਂ ਲਗਦਾ। ਸਾਡੇ ਸਮਾਜ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣ ਅਤੇ ਸਖਤ ਕਦਮ ਉਠਾਉਣ ਦੇ ਹੀਲੇ ਕਰਨੇ ਚਾਹੀਦੇ ਹਨ।

Send this to a friend