ਅੰਮ੍ਰਿਤਸਰ, 30 ਦਸੰਬਰ (ਸ਼ਰਤ ਵਸ਼ਿਸਟ)- ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ-ਨਾਲ ਸਿੱਖ ਨੌਜਵਾਨਾਂ ਨੂੰ ਸਿੱਖੀ ਸਰੂਪ ਧਾਰਨ ਕਰਨ ਦਾ ਸੁਨੇਹਾ ਦੇਣ ਵਾਲੀ ਪੰਜਾਬ ਦੀ ਨਾਮਵਰ ਸੰਸਥਾ ‘‘ਲੰਗਰੁ ਚਲੈ ਗੁਰ ਸ਼ਬਦਿੂ ਸੰਸਥਾ ਰਜਿ. ਚੀਚਾ ਅੰਮ੍ਰਿਤਸਰ ਵੱਲੋਂ ਮਾਤਾ ਗੁਜ਼ਰ ਕੌਰ ਤੇ 4 ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 7 ਦਿਨਾਂ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਵੱਖ-ਵੱਖ ਉਮਰ ਵਰਗ ਦੇ ਗਰੁਪਾਂ ਵਿੱਚ ਸਿੱਖ ਨੌਜਵਾਨਾਂ ਨੂੰ ਵੰਡ ਕੇ ਸੁੰਦਰ ਦਸਤਾਰ ਸਜਾਉਣ ਦੀ ਮੁਫਤ ਸਿੱਖਿਆ ਦਿੱਤੀ ਗਈ। ਜਦੋਂ ਕਿ ਸੰਪੂਰਨਤਾ ਸਮਾਰੋਹ ਸਮੇਂ ਇੱਕ ਵਿਸ਼ਾਲ ਖਾਲਸਾ ਦਸਤਾਰ ਮਾਰਚ ਦਾ ਆਯੋਜਨ ਵੀ ਕੀਤਾ ਗਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਸਰਬਜੀਤ ਸਿੰਘ ਸੰਧੂ ਹੁਸ਼ਿਆਰ ਨਗਰ ਨੇ ਅੱਜ ਇੱਥੇ ਦੱਸਿਆ ਕਿ ਖਾਲਸਾ ਦਸਤਾਰ ਮਾਰਚ ਦਾ ਸ਼ੁਭਾਰੰਭ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਨੌਧ ਸਿੰਘ ਜੀ ਪਿੰਡ ਚੀਚਾ ਤੋਂ ਕੀਤਾ ਗਿਆ ਜੋ ਕਿ ਜਨਮ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਬਘੇਲ ਸਿੰਘ ਜੀ ਭੁੱਸੇ ਗੁਰਦੁਆਰਾ ਬਾਉਲੀ ਸਾਹਿਬ ਖਾਰੇ, ਗੁਰਦੁਆਰਾ ਬਾਬਾ ਮੰਗਲ ਸਿੰਘ ਸਤਲਾਨੀ ਸਾਹਿਬ ਹੋਸ਼ਿਆਰ ਨਗਰ, ਗੁਰਦੁਆਰਾ ਸਤਲਾਨੀ ਸਾਹਿਬ ਛੇਵੀਂ ਪਾਤਸ਼ਾਹੀ ਹੋਸ਼ਿਆਰ ਨਗਰ ਤੋਂ ਹੁੰਦਾ ਹੋਇਆ ਗੁਰਦਆਰਾ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਵਿਖੇ ਸਮਾਪਤ ਹੋਇਆ। ਭਾਈ ਸਰਬਜੀਤ ਸਿੰਘ ਸੰਧੂ ਹੋਸ਼ਿਆਰਨਗਰ ਦੇ ਅਨੁਸਾਰ ਇਸ ਮਾਰਚ ਦਾ ਉ੍ਯੱਘੇ ਗੁਰਬਾਣੀ ਪ੍ਰਚਾਰਕ ਤੇ ਕਾਰਸੇਵਕ ਸੰਤ ਬਾਬਾ ਨੌ ਨਿਹਾਲ ਸਿੰਘ ਜੀ ਚੀਚਾ, ਬਾਬਾ ਹਰਭਜਨ ਸਿੰਘ ਭੁੱਸੇ, ਬਾਬਾ ਗੁਰਪਿੰਦਰ ਸਿੰਘ ਵਡਾਲਾ, ਮੈਨੇਜਰ ਬਲਦੇਵ ਸਿੰਘ ਆਦਿ ਦੇ ਵੱਲੋਂ ਇਲਾਕੇ ਦੀਆਂ ਸਮੂੰਹ ਸਾਧ-ਸੰਗਤਾਂ ਤੇ ਗੁਰੂ ਘਰ ਦੇ ਅਨਿਨ ਸੇਵਕਾਂ ਦੇ ਸਹਿਯੋਗ ਨਾਲ ਪੂਰੇ ਜਾਹੋ-ਜਹਾਲ ਨਾਲ ਜਗ੍ਹਾ-ਜਗ੍ਹਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਕਾਰਜ ਸਿੱਖ ਨੌਜਵਾਨਾਂ ਨੂੰ ਪੂਰੀਆਂ ਸਿੱਖ ਰਹੁ-ਰੀਤਾ, ਰਵਾਇਤਾ ਤੇ ਪਰੰਪਰਾਵਾਂ ਦੇ ਅਨੁਕੂਲ ਸਿੱਖੀ ਜੀਵਨ ਜਾਂਚ ਸਿਖਾਉਣ ਦੇ ਨਾਲ-ਨਾਲ ਆਪਣੇ ਵਿਰਾਸਤੀ ਸਿੱਖੀ ਸਰੂਪ ਨੂੰ ਧਾਰਨ ਕਰਵਾਉਣਾ ਹੈ ਤੇ 10 ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਹੱਲਾਸ਼ੇਰੀ ਦੇਣਾ ਹੈ। ਉਨ੍ਹਾਂ ਦੱਸਿਆ ਕਿ ਇਸ ਖਾਲਸਾ ਦਸਤਾਰ ਮਾਰਚ ਵਿੱਚ ਪੇਂਡੂ ਤੇ ਸ਼ਹਿਰੀ ਖੇਤਰ ਤੋਂ ਸੈਂਕੜੇ ਨੌਜਵਾਨਾਂ ਨੇ ਸ਼ਿਰਕਤ ਕਰਕੇ ਸੰਸਥਾਂ ਵੰਲੋਂ ਅਰੰਭੇ ਕਾਰਜ ਸਿਰੇ ਚੜਾਉਣ ਦਾ ਅਹਿਦ ਲਿਆ। ਇਸ ਮੌਕੇ ਇਸ ਖਾਲਸਾ ਦਸਤਾਰ ਮਾਰਚ ਦੇ ਸਫਲ ਆਯੋਜਨ ਲਈ ਅਹਿਮ ਭੂਮਿਕਾ ਅਦਾ ਕਰਨ ਵਾਲੇ ਅਨਿਨ ਸੇਵਕਾਂ ਨੂੰ ਉ੍ਯੱਘੇ ਗੁਰਬਾਣੀ ਪ੍ਰਚਾਰਕ ਤੇ ਕਾਰਸੇਵਕ ਸੰਤ ਬਾਬਾ ਨੌਨਿਹਾਲ ਸਿੰਘ ਜੀ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓੁ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਜਸਵਿੰਦਰਜੀਤ ਸਿੰਘ, ਪ੍ਰਚਾਰਕ ਨਿਸ਼ਾਨ ਸਿੰਘ ਭੈਣੀ, ਨਿਸ਼ਾਨ ਸਿੰਘ ਮਾਲੂਵਾਲ, ਗੁਰਪਾਲ ਸਿੰਘ ਰਾਜਾਸਾਂਸੀ ਬਲਦੇਵ ਸਿੰਘ ਸਰਹਾਲੀ ਵਿਕਰਮਜੀਤ ਸਿੰਘ ਛੇਹਰਟਾਂ ਵੱਲੋਂ ਵੀ ਬੇਮਿਸਾਲ ਦਸਤਾਰ ਸਿਖਲਾਈ ਦੀ ਸੇਵਾ ਨਿਭਾਈ ਗਈ। ਇਸ ਦੌਰਾਨ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ।