May 18, 2026 4:38 am

ਪੀਏਯੂ ਦੀ ਹਰਜੋਤ ਕੌਰ ਦੀ ਗਣਤੰਤਰ ਦਿਵਸ ਪਰੇਡ ਲਈ ਚੋਣ

ਲੁਧਿਆਣਾ 26 ਦਸੰਬਰ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਦੀ ਵਲੰਟੀਅਰ ਮਿਸ ਹਰਜੋਤ ਕੌਰ ਨਵੀਂ ਦਿੱਲੀ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਅਤੇ ਕੈਂਪ ਲਈ ਚੁਣੀ ਗਈ ਹੈ । ਉਹ ਰਾਜਪਥ ਤੇ ਕੌਮੀ ਝੰਡੇ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਸਲਾਮੀ ਦੇਣ ਵਾਲੀ ਪਰੇਡ ਵਿੱਚ ਕੌਮੀ ਸੇਵਾ ਯੋਜਨਾ ਸਮੂਹ ਦਾ ਹਿੱਸਾ ਬਣੇਗੀ । ਅਜਿਹੀ ਕੌਮੀ ਪੱਧਰ ਦੀ ਪਰੇਡ ਅਤੇ ਕੈਂਪ ਵਿੱਚ ਸ਼ਮੂਲੀਅਤ ਕਰਨ ਵਾਲੀ ਪੀਏਯੂ ਦੀ ਇਹ ਪਹਿਲੀ ਵਿਦਿਆਰਥਣ ਹੈ । ਹਰਜੋਤ ਕੌਰ ਨੇ ਇਸ ਪਰੇਡ ਵਿੱਚ ਚੋਣ ਲਈ 11 ਅਕਤੂਬਰ ਨੂੰ ਫਗਵਾੜਾ ਵਿਖੇ ਹੋਈ ਅਗਾਊ ਗਣਤੰਤਰ ਦਿਵਸ ਸਲੈਕਸ਼ਨ ਕੈਂਪ ਵਿੱਚ ਭਾਗ ਲਿਆ ਸੀ । ਇਸ ਵਿੱਚ ਚੁਣੇ ਜਾਣ ਮਗਰੋਂ ਉਹ ਹਰਿਆਣਾ ਦੀ ਖੇਤੀ ਯੂਨੀਵਰਸਿਟੀ ਹਿਸਾਰ ਵਿਖੇ 25 ਅਕਤੂਬਰ ਤੋਂ 3 ਨਵੰਬਰ ਨੂੰ ਹੋਏ ਕੈਂਪ ਵਿੱਚ ਹਿੱਸਾ ਲੈਣ ਲਈ ਗਈ ਜਿੱਥੇ ਭਾਰਤ ਦੇ ਪੰਜ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚੋਂ ਲਗਭਗ 200 ਕੌਮੀ ਸੇਵਾ ਯੋਜਨਾ ਦੇ ਵਲੰਟੀਅਰਾਂ ਨੇ ਭਾਗ ਲਿਆ ਸੀ ਜਿੱਥੇ ਇਹਨਾਂ ਵਿਦਿਆਰਥੀਆਂ ਦੇ ਸੱਭਿਆਚਾਰਕ ਹੁਨਰ ਅਤੇ ਆਮ ਆਚਾਰ-ਵਿਹਾਰ ਦੇ ਨਾਲ-ਨਾਲ ਪਰੇਡ ਅਤੇ ਸੇਵਾ ਭਾਵਨਾ ਦੇ ਗੁਣ ਪਰਖੇ ਗਏ । ਹਰਜੋਤ ਕੌਰ ਉਹਨਾਂ ਤਿੰਨ ਵਲੰਟੀਅਰ ਕੁੜੀਆਂ ਵਿੱਚੋਂ ਹੈ ਜੋ ਪੰਜਾਬ ਰਾਜ ਦੀ ਇਸ ਪਰੇਡ ਵਿੱਚ ਨੁਮਾਇੰਦਗੀ ਕਰਨਗੀਆਂ । ਮਿਸ ਹਰਜੋਤ ਕੌਰ ਆਪਣੀ ਸਫ਼ਲਤਾ ਦਾ ਸਿਹਰਾ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਿਦਿਆਰਥੀ ਕੁਆਰਡੀਨੇਟਰ ਸ੍ਰੀ ਅਸ਼ੀਸ਼ ਨੂੰ ਦਿੰਦੀ ਹੈ । ਉਸਨੇ ਵਿਸ਼ੇਸ਼ ਰੂਪ ਵਿੱਚ ਪ੍ਰੋਗਰਾਮ ਅਫ਼ਸਰ ਡਾ. ਮਧੂ ਸ਼ਰਮਾ ਅਤੇ ਪ੍ਰੋਗਰਾਮ ਕੁਆਰਡੀਨੇਟਰ ਡਾ. ਹਰਮੀਤ ਦੇ ਸਹਿਯੋਗ ਲਈ ਵੀ ਧੰਨਵਾਦ ਕੀਤਾ ਹੈ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘਢਿੱਲੋਂ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਵਿੰਦਰ ਕੌਰ ਧਾਲੀਵਾਲ ਨੇ ਹਰਜੋਤ ਦੀ ਇਸ ਪ੍ਰਾਪਤੀ ਤੇ ਖੁਸ਼ੀ ਜ਼ਾਹਿਰ ਕਰਦਿਆਂ ਵਿਸ਼ੇਸ਼ ਰੂਪ ਵਿੱਚ ਵਧਾਈ ਦਿੱਤੀ । ਜ਼ਿਕਰਯੋਗ ਹੈ ਕਿ ਹਰਜੋਤ ਕੌਰ ਇਸ ਲਈ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਕੈਂਪ ਵਿੱਚ ਪਹਿਲੀ ਜਨਵਰੀ ਤੋਂ 30 ਜਨਵਰੀ 2018 ਤੱਕ ਹਿੱਸਾ ਬਣੇਗੀ ।

Send this to a friend