ਦਿੱਲੀ ਯੂਨੀਵਰਸਿਟੀ ਦੇ ‘ਦਿਆਲ ਸਿੰਘ ਈਵਨਿੰਗ ਕਾਲਜ’ ਦਾ ਨਾਮ ਬਦਲਕੇ ‘ਬੰਦੇ ਮਾਤਰਮ ਮਹਾਂਵਿਦਿਆਲਾ’ ਰੱਖਣ ਦੇ ਵਿਵਾਦਤ ਮੁੱਦੇ ’ਤੇ ਸਿੱਖ ਕੌਮ ਵੱਲੋਂ ਵਿਖਾਏ ਏਕੇ ਦੀ ਪ੍ਰਸੰਸਾ ਕਰਨੀ ਬਣਦੀ ਹੈ। ਹਿੰਦੋਸਤਾਨ ਵਿੱਚ ਘੱਟ ਗਿਣਤੀਆਂ ਦੇ ਮਨਾਂ ਵਿੱਚ ਪੈਦਾ ਹੋ ਰਹੇ ਖਦਸ਼ਿਆਂ ਦੇ ਮਾਹੌਲ ਵਿੱਚ ਸੱਤਾਧਾਰੀ ਧਿਰ ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਭ ਸਿਨਹਾ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਤਿੱਖੀਆਂ ਅਤੇ ਗਹਿਰੀਆਂ ਚਾਲਾਂ ਦਾ ਜਵਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲ ਦਲ ਨੇ ਬਾਖੂਬੀ ਦਿੱਤਾ ਹੈ। ਜਿਸ ਦਿਨ ਭਾਜਪਾ ਨੇਤਾ ਅਤੇ ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਭ ਸਿਨਹਾ ਨੇ ਇਹ ਬਿਆਨ ਦਿੱਤਾ ਸੀ ਕਿ ਕਾਲਜ ਦੀ ਗਵਰਨਿੰਗ ਬਾਡੀ ਨੇ ਸਰਬਸੰਮਤੀ ਨਾਲ ਦਿਆਲ ਸਿੰਘ ਕਾਲਜ ਨੂੰ ਸ਼ਾਮ ਦੀ ਬਜਾਏ ਸਵੇਰ ਦਾ ਕਾਲਜ ਬਣਾਕੇ ਇਸ ਦਾ ਨਾਮ ਬੰਦੇ ਮਾਤਰਮ ਮਹਾਂਵਿਦਿਆਲਾ ਰੱਖਣ ਦਾ ਫੈਸਲਾ ਕੀਤਾ ਹੈ, ਉਸੇ ਦਿਨ ਤੋਂ ਦਿੱਲੀ ਵਿਧਾਨ ਸਭਾ ਦੇ ਰਾਜੋਰੀ ਗਾਰਡਨ ਤੋਂ ਭਾਜਪਾ ਦੀ ਟਿਕਟ ’ਤੇ ਜਿੱਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸ. ਸਿਰਸਾ ਨੇ ਬੜੀ ਉਚੀ ਸੁਰ ਵਿੱਚ ਬਿਆਨ ਦਿੱਤਾ ਸੀ ਕਿ ਦਿਆਲ ਸਿੰਘ ਈਵਨਿੰਗ ਕਾਲਜ ਦਿਆਲ ਸਿੰਘ ਟਰੱਸਟ ਦਾ ਇਕ ਮਹੱਤਵਪੂਰਨ ਹਿੱਸਾ ਹੈ ਅਤੇ ਇਸ ਦਾ ਨਾਮ ਤਬਦੀਲ ਕਰਨਾ ਉਸ ਪਰਉਪਕਾਰੀ ਦੀ ਵਿਰਾਸਤ ਨੂੰ ਨਕਾਰਨਾ ਹੈ। ਸ. ਸਿਰਸਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਇਸ ਕਾਲਜ ਦਾ ਨਾਮ ਬਦਲਣ ਦੀ ਆਗਿਆ ਨਹੀਂ ਦੇਵਾਂਗੇ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ ਕੇ ਵੀ ਮੈਦਾਨ ਵਿੱਚ ਨਿੱਤਰ ਆਏ। ਦਿੱਲੀ ਦੇ ਇਹ ਦੋਵੇਂ ਸਿੱਖ ਲੀਡਰਾਂ ਨੇ ਇਸ ਧੱਕੇਸ਼ਾਹੀ ਵਿੱਚ ਵਿਰੁੱਧ ਮਾਹੌਲ ਸਿਰਜ ਦਿੱਤਾ। ਨਤੀਜੇ ਵਜੋਂ ਕਾਲਜ ਦੇ ਵਿਦਿਆਰਥੀ ਅਤੇ ਸਟਾਫ ਦੇ ਮੈਂਬਰ ਵੀ ਇਸ ਤਬਦੀਲੀ ਦੇ ਵਿਰੁੱਧ ਬੋਲਣ ਲੱਗੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨ੍ਹਾਂ ਨੇਤਾਵਾਂ ਵੱਲੋਂ ਛੇੜੇ ਸੰਘਰਸ਼ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਧਰਮ ਪਤਨੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਮੈਦਾਨ ਵਿੱਚ ਨਿੱਤਰ ਆਏ। ਦੇਖਦੇ-ਦੇਖਦੇ ਦੁਨੀਆਂ ਭਰ ਦੇ ਸਿੱਖਾਂ ਨੇ ਦੇਸ਼ ਦੀ ਬਹੁਗਿਣਤੀ ਦੀ ਪ੍ਰਤੀਨਿਧਤਾ ਕਰ ਰਹੀ ਸੱਤਾਧਾਰੀ ਧਿਰ ਦੇ ਖਿਲਾਫ ਅਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ। ਮੀਡੀਆ ਨੇ ਵੀ ਇਸ ਪੱਖੋਂ ਸਕਾਰਤਮਕ ਭੂਮਿਕਾ ਨਿਭਾਈ। ਡਾ. ਜਸਪਾਲ ਸਿੰਘ, ਸ. ਤਿਰਲੋਚਨ ਸਿੰਘ ਅਤੇ ਸ਼੍ਰੀ ਕੁਲਦੀਪ ਨਯੀਅਰ ਵਰਗੇ ਬੁੱਧੀਜਵੀ ਵੀ ਇਸ ਅਨਿਆਂ ਦੇ ਵਿਰੁੱਧ ਬੋਲ ਉਠੇ।
ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ਼੍ਰੀ ਨਰੇਸ਼ ਗੁਜਰਾਲ ਨੇ ਇਹ ਮਸਲਾ ਰਾਜ ਸਭਾ ਵਿੱਚ ਉਠਾਇਆ। ਨਰੇਸ਼ ਗੁਜਰਾਲ ਦੇ ਉਠਾਏ ਮਸਲੇ ਉਤੇ ਬੋਲਦੇ ਹੋਏ ਕੇਂਦਰੀ ਮਾਨਵੀ ਵਿਕਾਸ ਸਰੋਤ ਮੰਤਰਾਲੇ ਦੇ ਮੰਤਰੀ ਸ਼੍ਰੀ ਪ੍ਰਕਾਸ਼ ਜਾਵੇਡਕਰ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਸਰਕਾਰ ਦਾ ਫੈਸਲਾ ਨਹੀਂ ਸੀ ਅਤੇ ਸਰਕਾਰ ਨੇ ਇਹ ਨਾਮ ਤਬਦੀਲੀ ਵਾਲੇ ਫੈਸਲੇ ’ਤੇ ਰੋਕ ਲਾ ਦਿੱਤੀ ਹੈ। ਇਸ ਜਿੱਤ ਨੂੰ ਸਿੱਖ ਕੌਮ ਦੀ ਜਿੱਤ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ। ਭਾਵੇਂ ਇਹ ਮਸਲਾ ਬਹੁਤ ਵੱਡਾ ਵਿਵਾਦਤ ਮਸਲਾ ਨਹੀਂ ਸੀ, ਪਰ ਜਿਸ ਤਰ੍ਹਾਂ ਦੇ ਦੇਸ਼ ਦੇ ਹਾਲਾਤ ਹਨ ਅਤੇ ਜਿਸ ਤਰ੍ਹਾਂ ਦੇਸ਼ ਭਗਵਾਕਰਨ ਨੂੰ ਹਵਾ ਦਿੱਤੀ ਜਾ ਰਹੀ ਹੈ, ਉਸ ਨਜ਼ਰੀਏ ਤੋਂ ਇਹ ਮੁੱਦਾ ਮਹੱਤਵਪੂਰਨ ਕਿਹਾ ਜਾ ਸਕਦਾ ਹੈ। ਇਹ ਸਾਰੇ ਮੁੱਦੇ ਨੇ ਇਕ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਇਸ ਦੇਸ਼ ਵਿੱਚ ਘੱਟਗਿਣਤੀਆਂ ਨੂੰ ਆਪਣੀ ਭਾਸ਼ਾ, ਸਭਿਆਚਾਰ ਅਤੇ ਧਰਮ ਨੂੰ ਬਚਾਉਣ ਖਾਤਰ ਬਾਕੀ ਸਾਰੇ ਵਖਰੇਵਿਆਂ ਤੋਂ ਉਪਰ ਉਠਕੇ ਇੱਕਜੁਟ ਹੋ ਕੇ ਕਿਸੇ ਵੀ ਮਸਲੇ ’ਤੇ ਅਵਾਜ਼ ਬੁਲੰਦ ਕਰਦੀ ਹੈ ਤਾਂ ਨਿਸ਼ਚੈ ਹੀ ਉਸ ਦੀ ਜਿੱਤ ਹੁੰਦੀ ਹੈ। ਉਂਜ ਤਾਂ ਉਕਤ ਮੁੱਦੇ ’ਤੇ ਸਾਰੀ ਕੌਮ ਇੱਕਜੁੱਟ ਹੋ ਗਈ ਸੀ ਪਰ ਇਸ ਸਬੰਧੀ ਸ. ਮਨਜਿੰਦਰ ਸਿੰਘ ਸਿਰਸਾ ਅਤੇ ਸ. ਮਨਜੀਤ ਸਿੰਘ ਜੀ ਕੇ ਵਿਸ਼ੇਸ਼ ਸ਼ਾਬਾਸ਼ ਅਤੇ ਪ੍ਰਸੰਸਾ ਦੇ ਹੱਕਦਾਰ ਹਨ।