May 18, 2026 10:35 am

ਮੇਰੀ ਨਿੱਜੀ ਡਾਇਰੀ ਦੇ ਪੰਨਿਆਂ ’ਚੋਂ

1985 ਦੇ ਵਰ੍ਹੇ ਦੀ 25 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੀ ਆਸਾਮੀ ਲਈ ਇੰਟਰਵਿਊ ਹੋਣੀ ਨਿਸ਼ਚਤ ਹੋਈ। ਮੈਂ ਮੰਡੀ ਅਹਿਮਦਗੜ੍ਹ ਤੋਂ ਪਹਿਲੀ ਬਸ ਫੜੀ ਅਤੇ ਪਟਿਆਲੇ ਪਹੁੰਚ ਗਿਆ। ਅਸਲ ਵਿੱਚ ਇਸ ਦਿਨ ਦੋ ਇੰਟਰਵਿਊਆਂ ਸਨ। ਲੈਕਚਰਾਰ ਤੋਂ ਪਹਿਲਾਂ ਪ੍ਰੋਫੈਸਰ ਦੀ ਆਸਾਮੀ ਲਈ ਪ੍ਰੋ. ਐਲ.ਆਰ. ਨਾਗਪਾਲ ਪੇਸ਼ ਹੋਏ ਸਨ ਜੋ ਉਸ ਦਿਨ ਤੱਕ ਰੀਡਰ ਸਨ। ਪਹਿਲਾਂ ਉਹ ਪ੍ਰੋਫੈਸਰ ਬਣੇ ਅਤੇ ਫਿਰ ਉਹ ਬਤੌਰ ਮੁਖੀ ਸਾਡੇ ਵਾਲੀ ਚੋਣ ਕਮੇਟੀ ਵਿੱਚ ਬੈਠੇ ਸਨ। ਲੈਕਚਰਾਰ ਦੀ ਅਸਾਮੀ ਲਈ 7 ਉਮੀਦਵਾਰ ਆਏ ਹੋਏ ਸਨ। ਇਕ ਦੋ ਨੂੰ ਛੱਡਕੇ ਬਾਕੀ ਮੇਰੇ ਜਮਾਤੀ ਸਨ ਜਾਂ ਇਕ ਅੱਧਾ ਸਾਲ ਪਿੱਛੋਂ ਡਿਗਰੀ ਕਰਕੇ ਇਸ ਅਸਾਮੀ ਦੇ ਯੋਗ ਬਣੇ ਸਨ। ਇਸ ਅਸਾਮੀ ਲਈ ਸਭ ਤੋਂ ਵੱਧ ਦਾਅਵਾ ਗੁਰਮੀਤ ਮਾਨ ਕਰ ਰਿਹਾ ਸੀ। ਇਸ ਦੇ ਪਿਛੇ ਦੋ ਤਿੰਨ ਕਾਰਨ ਸਨ, ਇਕ ਤਾਂ ਉਹ ਯੂਨੀਵਰਸਿਟੀ ਵਿੱਚ ਪੱਕੇ ਤੌਰ ’ਤੇ ਲੋਕ ਸੰਪਰਕ ਅਧਿਕਾਰੀ ਲੱਗਾ ਹੋਇਆ ਸੀ, ਦੂਜਾ ਉਹ ਅੰਗਰੇਜ਼ੀ ਟ੍ਰਿਬਿਊਨ ਦਾ ਸਪੋਰਟਸ ਰਿਪੋਟਰ ਸੀ ਅਤੇ ਪਟਿਆਲੇ ਦੇ ਸਿਆਸੀ ਘੇਰੇ ਵਿੱਚ ਉਸ ਦੀ ਚੰਗੀ ਜਾਣ ਪਛਾਣ ਸੀ। ਸ. ਨਵਜੋਤ ਸਿੰਘ ਸਿੱਧੂ ਦੇ ਪਿਤਾ ਐਡਵੋਕੇਟ ਸ. ਹਰਬੰਸ ਸਿੰਘ ਸਿੱਧੂ ਜੋ ਉਸ ਸਮੇਂ ਕਾਂਗਰਸ ਵਿੱਚ ਸਰਗਰਮ ਸਨ, ਸ. ਨਵਜੋਤ ਸਿੱਧੂ ਬਾਰੇ ਕੀਤੀਆਂ ਰਿਪੋਰਟਾਂ ਕਾਰਨ ਮਾਨ ਤੋਂ ਖੁਸ਼ ਸਨ। ਇਸੇ ਤਰ੍ਹਾਂ ਬ੍ਰਹਮ ਮਹਿੰਦਰਾ ਨਾਲ ਉਸ ਦੀ ਕਾਫੀ ਨੇੜਤਾ ਸੀ। ਇਹ ਦੋਵੇਂ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਮੈਂਬਰ ਰਹੇ ਸਨ। ਦੂਜੇ ਪਾਸੇ ਕਮਲੇਸ਼ ਸਿੰਘ ਦੁੱਗਲ ਦੀ ਨੇੜਤਾ ਵਾਇਸ ਚਾਂਸਲਰ ਡਾ. ਐਸ.ਐਸ. ਜੌਹਲ ਦੇ ਸਪੁੱਤਰ ਜਨਮੇਜਾ ਸਿੰਘ ਜੌਹਲ ਨਾਲ ਸੀ। ਜਨਮੇਜਾ ਸਿੰਘ ਦੀ ਪ੍ਰੀਟਿੰਗ ਪ੍ਰੈਸ ਦੇ ਸਾਹਮਣੇ ਕਮਲੇਸ਼ ਦੁੱਗਲ ਦੀ ਭੈਣ ਦਾ ਘਰ ਸੀ ਅਤੇ ਕਮਲੇਸ਼ ਉਥੇ ਹੀ ਰਹਿ ਰਿਹਾ ਸੀ। ਇਸ ਤਰ੍ਹਾਂ ਪੀਏਯੂ ਤੋਂ ਡਿਗਰੀ ਕਰਨ ਵਾਲੀਆਂ ਸਾਡੀਆਂ ਦੋ ਜਮਾਤਣਾਂ ਵੀ ਇੰਟਰਵਿਊ ਦੇਣ ਲਈ ਪੁੱਜੀਆਂ ਸਨ। ਗੁਰਮੀਤ ਮਾਨ ਵਾਂਗ ਇਨ੍ਹਾਂ ਨੂੰ ਵੀ ਅੰਗਰੇਜ਼ੀ ਬੋਲਣ ਦਾ ਚੰਗਾ ਖਾਸਾ ਅਭਿਆਸ ਸੀ। ਅਸੀਂ ਦੇਸੀ ਸਕੂਲਾਂ ਤੋਂ ਪੜ੍ਹੇ ਹੋਏ ਸਾਂ ਜਿਥੇ ਅੰਗਰੇਜ਼ੀ ਛੇਵੀਂ ਜਮਾਤ ਤੋਂ ਸ਼ੁਰੂ ਹੁੰਦੀ ਸੀ। ਮੈਨੂੰ ਇਹ ਡਰ ਵੱਢ-ਵੱਢ ਖਾਈ ਜਾਂਦਾ ਸੀ ਕਿ ਜੇ ਇੰਟਰਵਿਊ ਅੰਗਰੇਜ਼ੀ ਵਿੱਚ ਹੋਈ ਤਾਂ ਮੇਰਾ ਕੀ ਬਣੇਗਾ। ਇਸ ਤਰ੍ਹਾਂ ਦੇ ਮਾਨਸਿਕ ਹਾਲਾਤ ਵਿੱਚੋਂ ਮੈਂ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸਾਂ ਅਤੇ ਆਪਣੇ ਪ੍ਰਕਾਸ਼ਿਤ ਕੰਮ ਵਿੱਚ ਆਪਣੀ ਨਵੀਂ ਛਪੀ ਮੋਟੀ ਜਿਲਦ ਵਾਲੀ ਕਿਤਾਬ ਨੂੰ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਮੈਨੂੰ ਖਦਸ਼ਾ ਸੀ ਕਿ ਇਸ ਕਿਤਾਬ ਕਾਰਨ ਮੈਂ ਦੋਸਤਾਂ ਵਿੱਚ ਮਜ਼ਾਕ ਦਾ ਮੌਜੂ ਨਾ ਬਣ ਜਾਵਾਂ।
ਮੈਂ ਇੰਤਜ਼ਾਰ ਕਮਰੇ ਵਿੱਚ ਬੈਠਾ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਤਿਆਰ ਕਰ ਰਿਹਾ ਸਾਂ।
‘‘ਮੈਂ ਸੱਚ ਬੋਲਾਂਗਾ, ਨਤੀਜਾ ਭਾਵੇਂ ਕੁੱਝ ਵੀ ਹੋਵੇ।’’ ਇਉਂ ਆਪਣੇ ਮਨ ਨਾਲ ਵਾਅਦਾ ਕੀਤਾ। ਪਹਿਲਾਂ ਮਾਨ ਗਿਆ ਅਤੇ ਫਿਰ ਦੁੱਗਲ ਅਤੇ ਮੇਰਾ ਤੀਜਾ ਨੰਬਰ ਸੀ। ਦੁੱਗਲ ਨੇ ਬਾਹਰ ਆ ਕੇ ਦੱਸਿਆ ਕਿ ਮੈਂ ਤਾਂ ਸ਼ੁਰੂ ਵਿੱਚ ਹੀ ਕਹਿ ਦਿੱਤਾ ਕਿ ਮੈਂ ਸਰਕਾਰੀ ਸਕੂਲ ’ਚੋਂ ਪੜ੍ਹਿਆ ਹਾਂ। ਮੈਨੂੰ ਪੰਜਾਬੀ ਵਿੱਚ ਹੀ ਪੁਛਿਆ ਜਾਵੇ।
‘‘ਅਸੀਂ ਕਿਹੜਾ ਆਕਸਫੋਰਡ ਤੋਂ ਪੜ੍ਹਕੇ ਆਏ ਹਾਂ’’ ਵਾਇਸ ਚਾਂਸਲਰ ਡਾ. ਜੌਹਲ ਨੇ ਹੱਸਕੇ ਟਿੱਪਣੀ ਕੀਤੀ ਸੀ। 10 ਕੁ ਮਿੰਟ ਦੇ ਵਕਫੇ ਬਾਅਦ ਸੇਵਾਦਾਰ ਨੇ ਮੇਰਾ ਨਾਮ ਲਿਆ ਅਤੇ ਮੈਂ ਚੋਣ ਕਮੇਟੀ ਦੇ ਸਾਹਮਣੇ ਜਾ ਪੇਸ਼ ਹੋਇਆ। ਕਮੇਟੀ ਵਿੱਚੋਂ ਮੈਂ ਡਾ. ਜੌਹਲ ਅਤੇ ਪ੍ਰੋ. ਐਲ ਆਰ ਨਾਗਪਾਲ ਨੂੰ ਹੀ ਪਛਾਣਦਾ ਸਾਂ।
‘ਆਪਣੇ ਬਾਰੇ ਜਾਣ ਪਛਾਣ ਕਰਵਾਓ’ ਡਾ. ਜੌਹਲ ਨੇ ਕਿਹਾ।
‘‘ਜੀ ਮੈਂ ਪੰਜਾਬੀ ਟ੍ਰਿਬਿਊਨ ਦਾ ਰਿਪੋਰਟਰ ਹਾਂ, ‘ਮੰਚ’ ਦਾ ਸੰਪਾਦਕ ਹਾਂ, ਗੈਸਟ ਲੈਕਚਰਾਰ ਹਾਂ। ਇਥੋਂ ਬੀਜੇਐਮਸੀ ਕਰਕੇ ਮਾਸਟਰ ਡਿਗਰੀ ਐਗਰੀਕਲਚਰਲ ਯੂਨੀਵਰਸਿਟੀ ਤੋਂ ਕੀਤੀ ਹੈ। ਆਹ ਕਿਤਾਬ ਵੀ ਲਿਖੀ ਹੈ।’’ ਇਓਂ ਆਪਣੀ ਜਾਣ-ਪਛਾਣ ਕਰਵਾਉਂਦਿਆਂ ਮੈਂ ‘ਮੰਚ’ ਦੀਆਂ ਕੁਝ ਕਾਪੀਆਂ ਅਤੇ ਆਪਣੀ ਨਵੀਂ ਛਪੀ ਕਿਤਾਬ ਦੀ ਕਾਪੀ ਚੋਣ ਕਮੇਟੀ ਦੇ ਸਾਹਮਣੇ ਰੱਖ ਦਿੱਤੀ। ਡਾ. ਜੌਹਲ ਨੇ ‘ਮੰਚ’ ਦੇ ਇਕ ਸੰਪਾਦਕੀ ਨੋਟ ਦਾ ਸਿਰਲੇਖ ਪੜ੍ਹਿਆ ਅਤੇ ਪੁੱਛਣ ਲੱਗੇ।
‘‘ਅਨੰਦਪੁਰ ਸਾਹਿਬ ਦੇ ਮੱਤੇ ਬਾਰੇ ਤੁਹਾਡਾ ਕੀ ਖਿਆਲ ਹੈ’’
‘‘ਮੇਰੇ ਮੁਤਾਬਿਕ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਕੁੱਝ ਵੀ ਇਤਰਾਜ਼ਯੋਗ ਨਹੀਂ। ਭਾਰਤੀ ਸੰਵਿਧਾਨ ਅਨੁਸਾਰ ਇਹ ਦੇਸ਼ ਸਭ ਨੂੰ ਆਪਣੇ-ਆਪਣੇ ਧਰਮ ਦਾ ਪ੍ਰਚਾਰ ਕਰਨ ਅਤੇ ਆਪਣੇ ਅਕੀਦੇ ਮੁਤਾਬਿਕ ਜਿਊਣ ਦੀ ਆਜ਼ਾਦੀ ਦਿੰਦਾ ਹੈ।’’ ਇਓਂ ਜੋ ਮੈਂ ਸੰਪਾਦਕੀ ਵਿੱਚ ਲਿਖਿਆ ਸੀ, ਮੈਂ ਦਸ ਦਿੱਤਾ। ਹਾਲਾਂਕਿ ਕਾਂਗਰਸ ਪਾਰਟੀ ਇਸ ਮਤੇ ਖਿਲਾਫ ਸੀ ਅਤੇ 1980-83 ਤੱਕ ਕਾਂਗਰਸ ਦੇ ਮੁੱਖ ਮੰਤਰੀ ਰਹੇ ਸ. ਦਰਬਾਰਾ ਸਿੰਘ ਨੇ ਹੀ ਡਾ. ਐਸ.ਐਸ. ਜੌਹਲ ਨੂੰ ਵਾਇਸ ਚਾਂਸਲਰ ਬਣਾਇਆ ਸੀ। ਬਾਅਦ ਵਿੱਚ ਮੈਨੂੰ ਲੱਗਾ ਪਤਾ ਲੱਗਾ ਕਿ ਡਾ. ਜੌਹਲ ਦੀ ਨੇੜਤਾ ਕਾਂਗਰਸ ਨਾਲ ਹੋਣ ਕਾਰਨ ਉਨ੍ਹਾਂ ਨੂੰ ਮੇਰਾ ਜਵਾਬ ਉਸ ਨਜ਼ਰੀਏ ਤੋਂ ਠੀਕ ਨਹੀਂ ਲੱਗਿਆ ਹੋਣਾ। ਪਰ ਮੈਂ ਤਾਂ ਆਪਣੇ ਮਨ ਨਾਲ ਸੱਚ ਬੋਲਣ ਦਾ ਵਾਅਦਾ ਕੀਤਾ ਹੋਇਆ ਸੀ। ਇਸ ਤਰ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿੱਚ ਸੱਚ ਬੋਲਿਆ। ਮੈਨੂੰ ‘ਮੰਚ’ ਦੇ ਟਾਇਟਲ ਪੰਨੇ ’ਤੇ ਛਪੀ ਇਕ ਤਸਵੀਰ ਬਾਰੇ ਪੁਛਿਆ ਗਿਆ। ਮੈਂ ਸਪੱਸ਼ਟ ਕਹਿ ਦਿੱਤਾ ਸੀ ਕਿ ਇਹ ਜਨਮੇਜੇ ਦੇ ਮੈਗਜ਼ੀਨ ਤੋਂ ਚੋਰੀ ਕਰਕੇ ਛਾਪੀ ਹੈ ਜੀ। ਇਉਂ 20-25 ਮਿੰਟ ਦੀ ਇੰਟਰਵਿਊ ਤੋਂ ਬਾਅਦ ਮੈਂ ਬਿਨਾਂ ਕਿਸੇ ਨੂੰ ਮਿਲੇ ਬਸ ਫੜਕੇ ਮੰਡੀ ਅਹਿਮਗੜ੍ਹ ਪਹੁੰਚ ਗਿਆ।
ਮੈਨੂੰ ਆਪਣੇ ਚੁਣੇ ਜਾਣ ਦੀ ਬਿਲਕੁਲ ਆਸ ਨਹੀਂ ਸੀ ਅਤੇ ਮੈਂ ‘ਮੰਚ’ ਦੇ ਅਗਲੇ ਅੰਕ ਦੀ ਤਿਆਰੀ ਵਿੱਚ ਜੁੱਟ ਗਿਆ। ਮੇਰੇ ਮਨ ਵਿੱਚ ਇਹ ਵੀ ਆਇਆ ਕਿ ਜੇ ਮੇਰੀ ਚੋਣ ਹੋ ਗਈ ਤਾਂ ਕੋਈ ਨਾ ਕੋਈ ਤਾਂ ਮੈਨੂੰ ਜ਼ਰੂਰ ਦਸੇਗਾ। ਮੈਨੂੰ ਕੋਈ ਫੋਨ ਜਾਂ ਸੁਨੇਹਾ ਨਹੀਂ ਆਇਆ। ਆਪਣੇ ਕਾਰੇ ਲੱਗੇ ਨੂੰ ਮੈਨੂੰ ਲੁਧਿਆਣੇ ਬਲਵਿੰਦਰ ਸ਼ੌਕੀਨਾ ਮਿਲ ਗਿਆ। ਅੱਜ ਕੱਲ੍ਹ ਡਾ. ਬਲਵਿੰਦਰ ਸਿੰਘ ਟਰਾਂਟੋ ਤੋਂ ਰੇਡਿਓ ਪ੍ਰੋਗਰਾਮ ਪੇਸ਼ ਕਰਦਾ ਹੈ। ਉਹ ਵੀ ਸਾਡਾ ਜਮਾਤੀ ਸੀ। ਉਸ ਨੇ ਮੈਨੂੰ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ‘‘ਬਾਬਿਓ, ਛਾਅ ਗਏ।’’ ਤੇਰੀ ਸਲੈਕਸ਼ਨ ਹੋ ਗਈ। ਤੈਨੂੰ ਨਹੀਂ ਪਤਾ?’’
‘‘ਨਹੀਂ, ਜੇ ਇਹ ਗੱਲ ਪੱਕੀ ਐ ਤਾਂ ਤੇਰਾ ਵੀਰ ਵਾਇਸ ਚਾਂਸਲਰ ਵੀ ਜ਼ਰੂਰ ਬਣੂ ਇਕ ਦਿਨ’’, ਮੈਂ ਹਸਦੇ ਹੋਏ ਕਿਹਾ।
‘‘ਤੂੰ ਕੁੱਝ ਵੀ ਬਣ ਸਕਦੈ’’ ਬਲਵਿੰਦਰ ਦਾ ਕਹਿਣਾ ਸੀ। ਪਰ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਅਤੇ ਅਗਲੇ ਦਿਨ ਮੈਂ ਸਵੇਰੇ ਹੀ ਪਟਿਆਲੇ ਪਹੁੰਚ ਗਿਆ। ਖ਼ਬਰ ਸੱਚੀ ਸੀ। – ਚਲਦਾ

 

Send this to a friend