May 2, 2026 7:28 pm

ਅਕਾਲੀ ਦਲ ਵੱਲੋਂ ਬਾਜਵਾ ਨੂੰ ਸੋਨੀਆ, ਰਾਹੁਲ ਤੇ ਯੂ.ਪੀ.ਏ. ਸਰਕਾਰ ਵਿਰੁੱਧ ਰੋਸ ਧਰਨੇ ਦੇਣ ਦੀ ਚੁਣੌਤੀ

ਮਾਮਲਾ ਗੁਆਂਢੀ ਰਾਜਾਂ ਨੂੰ ਉਦਯੋਗਿਕ ਰਿਆਇਤਾਂ ਦੇਣ ਦਾ
akalidal ਚੰਡੀਗੜ੍ਹ, 16 ਜਨਵਰੀ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸ੍ਰੀ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੀ ਟੀਮ ਨੂੰ ਚੁਣੌਤੀ ਦਿੱਤੀ ਹੈ ਕਿ ਗਵਾਂਢੀ ਰਾਜਾਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਨੂੰ ਉਦਯੋਗਿਕ ਰਿਆਇਤਾਂ ਦੇ ਕੇ ਪੰਜਾਬ ਨਾਲ ਕੀਤੇ ਵਿਤਕਰੇ ਬਦਲੇ ਉਹ ਕਾਂਗਰਸ ਮੁਖੀ ਸੋਨੀਆ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ ਪੀ ਏ ਸਰਕਾਰ ਦੇ ਖਿਲਾਫ ਰੋਸ ਧਰਨੇ ਦੇਣ ਦੀ ਜੁਰਅੱਤ ਵਿਖਾਉਣ। ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਬਾਜਵਾ ਤੇ ਉਹਨਾਂ ਦੀ ਜੁੰਡਲੀ ਪਿਛਲੇ ਕੁਝ ਦਿਨਾਂ ਤੋਂ ਗੈਰ ਮੁੱਦਿਆਂ ਨੂੰ ਲੈ ਕੇ ਕਾਵਾਂ ਰੌਲੀ ਪਾ ਕੇ ਇਹ ਸਾਬਤ ਕਰਨ ਦਾ ਯਤਨ ਕਰ ਰਹੇ ਹਨ ਕਿ ਉਹ ਸੂਬੇ ਦੇ ਹਿਤਾਂ ਦੇ ਇਕਲੌਤੇ ਰਾਖੇ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਪੰਜਾਬ ਨੂੰ ਆਬਕਾਰੀ ਰਿਆਇਤਾਂ ਹਾਸਲ ਕਰਨ ਵਾਲੇ ਸੂਬਿਆਂ ਦੀ ਸੂਚੀ ਵਿਚ ਸ਼ਾਮਲ ਨਾ ਕਰ ਕੇ ਇਸ ਨਾਲ ਘੋਰ ਅਨਿਆਂ ਕੀਤਾ ਗਿਆ ਹੈ ਤਾਂ ਇਹ ਸ੍ਰੀ ਬਾਜਵਾ ਤੇ ਉਹਨਾਂ ਦੀ ਟੀਮ ਲਈ ਢੁਕਵਾਂ ਸਮਾਂ ਹੈ ਕਿ ਉਹ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਖਿਲਾਫ ਰੋਸ ਧਰਨੇ ਦੇਣ। ਉਹਨਾਂ ਕਿਹਾ ਕਿ ਇਹ ਹੁਣ ਸਪਸ਼ਟ ਹੋ ਚੁੱਕਾ ਹੈ ਕਿ ਇਹ ਗਾਂਧੀ ਪਰਿਵਾਰ ਹੀ ਹੈ ਜੋ ਪੰਜਾਬ ਦੇ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਣ ’ਤੇ ਤੁਲਿਆ ਹੈ। ਗਾਂਧੀ ਪਰਿਵਾਰ ਵੱਲੋਂ ਸੂਬੇ ਦੇ ਖਿਲਾਫ ਨਿਭਾਈ ਗਈ ਭੂਮਿਕਾ ਵੀ ਦੇਸ਼ ਦੇ ਲੋਕਾਂ ਦੇ ਸਾਹਮਣੇ ਹੈ।
ਅਕਾਲੀ ਦਲ ਦੇ ਆਗੂ ਨੇ ਹੋਰ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਦੋ ਪਹਾੜੀ ਰਾਜਾਂ ਨੂੰ ਇਸ ਕਰ ਕੇ ਰਿਆਇਤਾਂ ਦਿੱਤੀਆਂ ਗਈਆਂ ਕਿਉਂਕਿ ਇਹਨਾਂ ਸੂਬਿਆਂ ਵਿਚ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਹਨ ਜਦਕਿ ਵਿਰੋਧੀ ਪਾਰਟੀਆਂ ਦੇ ਰਾਜ ਵਾਲੇ ਕਿਸੇ ਵੀ ਸੂਬੇ ਨੂੰ ਪੈਕੇਜ ਦੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅਜਿਹੀਆਂ ਰਿਆਇਤਾਂ ਹਾਸਲ ਕਰਨ ਲਈ ਪੰਜਾਬ ਦਾ ਢੁਕਵਾਂ ਕੇਸ ਬਣਦਾ ਹੈ ਕਿਉਂਕਿ ਦੁਸ਼ਮਣ ਦੇਸ਼ ਨਾਲ ਇਸ ਦੀ ¦ਬੀ ਸਰਹੱਦ ਲੱਗਦੀ ਹੈ ਅਤੇ ਪਿਛਲੇ ਸਮੇਂ ਦੌਰਾਨ ਇਸ ਨੂੰ ਹਿੰਸਕ ਦੌਰ ਦਾ ਵੀ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਪੰਜਾਬ ਅਜਿਹਾ ਸੂਬਾ ਹੈ ਜਿਸ ਵਿਚ ਅਨੁਸੂਚਿਤ ਜਾਤੀ ਵਸੋਂ ਦੀ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ ਜਦਕਿ ਇਸ ਨੂੰ ਕਈ ਭੁਗੌਲਿਕ ਦੁਸ਼ਵਾਰੀਆਂ ਦਾ ਸਾਹਮਣਾ ਤਾਂ ਹੈ ਹੀ ਹੈ। ਇਹ ਅਜਿਹਾ ਸੂਬਾ ਹੈ ਜੋ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਵੱਲੋਂ ਇਸ ਨਾਲ ਘੋਰ ਅਨਿਆਂ ਕੀਤੇ ਜਾਣ ਦੇ ਬਾਵਜੂਦ ਸੂਬੇ ਵਿਚ ਵੱਧ ਤੋਂ ਵੱਧ ਉਦਯੋਗਿਕ ਨਿਵੇਸ਼ ਖਿੱਚਣ ਲਈ ਆਪਣੇ ਪੱਧਰ ’ਤੇ ਅਣਥੱਕ ਯਤਨ ਕਰ ਰਿਹਾ ਹੈ। ਡਾ. ਚੀਮਾ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦੇਸ਼ ਦੀ ਇਕਲੌਤੀ ਪਾਰਟੀ ਹੈ ਜਿਸ ਨੇ ਵਿਤਕਰੇ ਭਰਪੂਰ ਤੇ ਸਿਆਸੀ ਤੌਰ ’ਤੇ ਪ੍ਰੇਰਿਤ ਨੀਤੀਆਂ ਦੀ ਬਦੌਲਤ ਕੇਂਦਰ ਵੱਲੋਂ ਰਾਜਾਂ ਨਾਲ ਮਾੜੇ ਵਿਵਹਾਰ ਲਈ ਕੇਂਦਰ ਦੇ ਖਿਲਾਫ ਸਟੈਂਡ ਲਿਆ ਹੈ ਅਤੇ ਇਹ ਹੁਣ ਵੀ ਇਸ ਵਿਤਕਰੇ ਦੇ ਖਿਲਾਫ ਇਹ ਆਪਣੀ ਆਵਾਜ਼ ਬੁ¦ਦ ਕਰਨਾ ਜਾਰੀ ਰੱਖੇਗਾ।
ਉਹਨਾਂ ਕਿਹਾ ਕਿ ਕਾਂਗਰਸੀਆਂ ਲਈ ਇਹ ਢੁਕਵਾਂ ਸਮਾਂ ਹੈ ਕਿ ਉਹ ਇਹ ਸਾਬਤ ਕਰਨ ਕਿ ਉਹਨਾਂ ਲਈ ਵਿਅਕਤੀਗਤ ਹਿਤਾਂ ਨਾਲੋਂ ਸੂਬੇ ਦੇ ਹਿਤ ਪਹਿਲਾਂ ਹਨ।

Send this to a friend