ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਸਥਾਨਾ ਉਪਰ ਜਨਮ ਅਤੇ ਸ਼ਹੀਦੀ ਪੁਰਬ ਮਨਾਏ ਜਾਂਦੇ ਹਨ। ਇਨ੍ਹਾਂ ਪਵਿਤਰ ਪੁਰਬਾਂ ਉਪਰ ਸਿਆਸੀ ਪਾਰਟੀਆਂ ਆਪਣੀਆਂ ਕਾਨਫਰੰਸਾਂ ਕਰਕੇ ਸ਼ਰਧਾਂਜਲੀਆਂ ਭੇਂਟ ਕਰਦੀਆਂ ਹਨ ਅਤੇ ਮੇਲੇ ਲੱਗਦੇ ਹਨ। ਸਿਆਸੀ ਪਾਰਟੀਆਂ ਇਸ ਪੁਰਬ ਦਾ ਸਿਆਸੀ ਦੂਸ਼ਣਬਾਜੀ ਕਰਕੇ ਨਜ਼ਾਇਜ ਲਾਭ ਵੀ ਉਠਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਇਨ੍ਹ ਪੁਰਬਾਂ ਵਿਚ ਬਹੁਤ ਸਾਰੀਆਂ ਅਸੱਭਿਅਕ ਕਾਰਵਾਈਆਂ ਹੁੰਦੀਆਂ ਸਨ। ਇਨ੍ਹਾਂ ਪੁਰਬਾਂ ਵਿਚ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਹਰ ਸਾਲ ਸ਼ਹੀਦੀ ਪੁਰਬ 26, 27 ਅਤੇ 28 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਥੇ ਮੁਖ ਤੌਰ ਤੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀਆਂ ਅਤੇ ਸਤਿਕਾਰ ਭੇਂਟ ਕਰਨ ਲਈ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਪ੍ਰੰਤੂ ਇਸ ਸ਼ਹੀਦੀ ਪੁਰਬ ਦੇ ਮੌਕੇ ਉਪਰ ਸਿੱਖ ਮਰਿਆਦਾ ਦੇ ਉਲਟ ਪ੍ਰੋਗਰਾਮ ਹੁੰਦੇ ਸਨ। ਜੋੜ ਮੇਲ ਦੇ ਅਖੀਰਲੇ ਦਿਨ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੋਂ ਫੁਲਾਂ ਨਾਲ ਸਜਾਈ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਲੂਸ ਦੀ ਸ਼ਕਲ ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਜੋਤੀ ਸਰੂਪ ਤੱਕ ਲਿਜਾਇਆ ਜਾਂਦਾ ਹੈ। ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਮਰਿਯਾਦਾਵਾਂ ਤੇ ਪਹਿਰਾ ਦੇਣ ਵਾਲਾ ਆਈ.ਏ.ਐਸ ਅਧਿਕਾਰੀ ਐਸ.ਕੇ. ਆਹਲੂਵਾਲੀਆ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਕਿਉਂਕਿ ਉੁਹ ਇੱਕ ਅਜਿਹਾ ਅਧਿਕਾਰੀ ਸੀ ਜਿਸ ਦੇ ਮਨ ਵਿਚ ਸਿਖੀ ਸੋਚ, ਵਿਚਾਰਧਾਰਾ, ਦਰਸ਼ਨ ਅਤੇ ਗੁਰੂ ਸਾਹਿਬਾਨ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਸੀ। ਉਸ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਡਿਪਟੀ ਕਮਿਸ਼ਨਰ ਹੁੰਦਿਆਂ ਮਹਿਸੂਸ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਯਾਦ ਵਿਚ ਆਯੋਜਤ ਕੀਤੇ ਜਾਂਦੇ ਸ਼ਹੀਦੀ ਜੋੜ ਮੇਲ ਵਿਚ ਸਿਖ ਪਰੰਪਰਾਵਾਂ ਦੇ ਵਿਰੁਧ ਅਸਭਿਅਕ ਗੀਤ, ਗਿੱਧੇ ਭੰਗੜੇ, ਜੂਆ, ਸਰਕਸਾਂ ਆਦਿ ਕੰਮ ਹੋ ਰਹੇ ਹਨ। ਇਹ ਜੋੜ ਮੇਲ ਦਾ ਪੁਰਬ ਸ਼ਹੀਦੀ ਪੁਰਬ ਦੇ ਤੌਰ ’ਤੇ ਮਨਾਇਆ ਜਾਂਦਾ ਹੈ ਪ੍ਰੰਤੂ ਇਸ ਵਿਚ ਅਸ਼ਲੀਲ ਗੀਤ, ਸਰਕਸਾਂ, ਗਿੱਧੇ ਭੰਗੜੇ, ਜੂਆ ਆਦਿ ਖੇਡਿਆ ਜਾਂਦਾ ਸੀ। ਅਸ਼ਲੀਲ ਗੀਤ ਲਾਊਡ ਸਪੀਕਰਾਂ ਤੇ ਸਾਰੇ ਮੇਲੇ ਵਿਚ ਵੱਜਦੇ ਰਹਿੰਦੇ ਸਨ। ਆਵਾਜ਼ ਦਾ ਪ੍ਰਦੂਸ਼ਣ ਵਾਤਾਵਰਨ ਗੰਧਲਾ ਕਰਦਾ ਸੀ। ਵਧੀਆ ਪਕਵਾਨ ਖੀਰ ਪੂੜੇ, ਲਡੂ ਜਲੇਬੀਆਂ ਆਦਿ ਦੇ ¦ਗਰ ਲਗਾਏ ਜਾਂਦੇ ਸਨ ਜੋ ਬਿਲਕੁਲ ਹੀ ਗ਼ਲਤ ਸਨ ਕਿਉਂਕਿ ਇਹ ਖ਼ੁਸ਼ੀ ਦਾ ਪੁਰਬ ਨਹੀਂ, ਇਹ ਤਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀਆਂ ਸ਼ਹਾਦਤਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਦਾ ਮੌਕਾ ਹੁੰਦਾ ਹੈ। ਇਸ ਲਈ ਉਨ੍ਹਾਂ ਉਸ ਸਮੇਂ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਸ਼ਵਾਸ਼ ਵਿਚ ਲੈ ਕੇ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲ ਮੇਲ ਕਰਕੇ ਸਾਰਾ ਕੁਝ ਬੰਦ ਕਰਵਾ ਦਿੱਤਾ ਸੀ। ਹੈਰਾਨੀ ਦੀ ਗੱਲ ਸੀ ਕਿ ਸ਼੍ਰੋਮਣੀ ਕਮੇਟੀ ਖ਼ੁਦ ਅਜਿਹੇ ਕੰਮਾ ਲਈ ਆਪਣੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਜ਼ਮੀਨ ਪੈਸੇ ਕਮਾਉਣ ਲਈ ਕਿਰਾਏ ਤੇ ਦਿੰਦੀ ਸੀ। ਸ੍ਰੀ.ਐਸ.ਕੇ.ਆਹਲੂਵਾਲੀਆ ਨੇ ਇੱਕ ਹਿੰਦੂ ਹੋਣ ਦੇ ਨਾਤੇ ਸਿਖਾਂ ਤੋਂ ਵੀ ਵਧੇਰੇ ਸੁਚੱਜਾ ਕੰਮ ਕਰਕੇ ਗੁਰੂ ਦੀ ਆਸ਼ੀਰਵਾਦ ਲਈ ਅਤੇ ਸ਼ਹੀਦੀ ਪੁਰਬ ਦੀ ਪਵਿਤਰਤਾ ਬਰਕਰਾਰ ਕੀਤੀ। ਅਕਾਲੀ ਲੀਡਰ ਵੀ ਮੰਨਦੇ ਸਨ ਕਿ ਜਿਹੜਾ ਕੰਮ ਉਹ ਨਹੀਂ ਕਰ ਸਕੇ ਉਹ ਐਸ.ਕੇ.ਆਹਲੂਵਾਲੀਆ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਰ ਦਿੱਤਾ। ਉਹ ਪੰਜਾਬੀ ਸਭਿਆਚਾਰ ਦੇ ਰੱਖਵਾਲੇ ਦੇ ਤੌਰ ਤੇ ਵੀ ਵਿਚਰਦੇ ਰਹੇ। ਉਹ ਹਮੇਸ਼ਾ ਭਾਰਤ ਦੇ ਕੋਨੇ ਕੋਨੇ ਵਿਚ, ਪੰਜਾਬ ਅਤੇ ਪਟਿਆਲਾ ਵਿਖੇ ਖ਼ਾਸ ਤੌਰ ਤੇ ਤੀਆਂ, ਗਿੱਧੇ, ਭੰਗੜੇ ਅਤੇ ਹੋਰ ਸਾਫ਼ ਸੁਥਰੇ ਸਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਸਨ। ਆਪ ਨੇ ਸਭਿਆਚਾਰਕ ਟਰੁਪਾਂ ਨਾਲ ਵਿਦੇਸ਼ ਦੇ ਵੀ ਦੌਰੇ ਕੀਤੇ ਅਤੇ ਆਪ ਨੂੰ ਇੰਗਲੈਂਡ, ਅਮਰੀਕਾ, ਸਿੰਗਾਪੁਰ, ਮਲਾਇਆ ਅਤੇ ਹੋਰ ਕਈ ਦੇਸ਼ਾਂ ਵਿਚ ਸਨਮਾਨਿਤ ਕੀਤਾ ਗਿਆ। ਆਪਦਾ ਦਾ ਵਿਆਹ ਡੇਜ਼ੀ ਵਾਲੀਆ ਨਾਲ ਹੋਇਆ, ਜੋ ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ। ਆਪਦੇ ਇੱਕ ਲੜਕਾ ਅਭਿਨਵ ਵਾਲੀਆ ਅਤੇ ਇੱਕ ਲੜਕੀ ਆਰੋਹੀ ਹਨ ਸਾਰਾ ਪਰਿਵਾਰ ਹੀ ਸੰਗੀਤ ਅਤੇ ਨ੍ਰਿਤ ਨਾਲ ਬਾਵਾਸਤਾ ਹੈ। ਉਨ੍ਹਾਂ ਦਾ ਜਨਮ 2 ਅਕਤੂਬਰ 1948 ਨੂੰ ਬਠਿੰਡਾ ਜਿਲ੍ਹੇ ਦੀ ਰਾਮਾ ਮੰਡੀ ਵਿਚ ਅਨੂਪ ਕ੍ਰਿਸ਼ਨ ਅਤੇ ਮਾਤਾ ਪ੍ਰੇਮ ਲਤਾ ਦੇ ਘਰ ਹੋਇਆ ਸੀ। ਮੁਢਲੀ ਵਿਦਿਆ ਉਨ੍ਹਾਂ ਰਾਮਾ ਮੰਡੀ ਤੋਂ ਹੀ ਪ੍ਰਾਪਤ ਕੀਤੀ ਕਿਉਂਕਿ ਆਪਦੇ ਪਿਤਾ ਨਗਰ ਪਾਲਿਕਾ ਵਿਚ ਉਥੇ ਨੌਕਰੀ ਕਰਦੇ ਸਨ। ਦਸਵੀਂ ਉਨ੍ਹਾਂ ਬਠਿੰਡਾ ਤੋਂ ਪਾਸ ਕੀਤੀ ਅਤੇ ਜਿਲ੍ਹੇ ਵਿਚੋਂ ਪਹਿਲੇ ਨੰਬਰ ਤੇ ਆਏ। ਆਪਦੇ ਪਿਤਾ ਦੀ ਜਵਾਨੀ ਵਿਚ ਹੀ ਮੌਤ ਹੋ ਗਈ, ਫਿਰ ਆਪ ਪੜ੍ਹਨ ਲਈ ਆਪਣੇ ਦਾਦਾ ਰਾਮ ਕ੍ਰਿਸ਼ਨ ਕੋਲ ਪਟਿਆਲਾ ਆ ਗਏ। ਬੀ.ਏ.ਆਪ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਪਾਸ ਕੀਤੀ। ਉਹ ਹਰ ਕਲਾਸ ਵਿਚੋਂ ਪਹਿਲੇ ਦਰਜੇ ਤੇ ਹੀ ਆਉਂਦੇ ਰਹੇ। ਉਨ੍ਹਾਂ ਨੇ ਪੰਜਾਬੀ, ਹਿੰਦੀ, ਅੰਗਰੇਜ਼ੀ, ਚਾਇਨੀ ਅਤੇ ਸੰਸਕ੍ਰਿਤ ਵਿਚ ਐਮ.ਏ. ਪਾਸ ਕੀਤੀ ਅਤੇ ਐਮ.ਏ.ਹਿੰਦੀ, ਸੰਸਕ੍ਰਿਤ, ਚਾਇਨੀਜ਼ ਅਤੇ ਤਿਬਤੀਅਨ ਵਿਚ ਪੰਜਾਬੀ ਯੂਨੀਵਰਸਿਟੀ ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ। ਉਹ ਬਹੁਤ ਹੀ ਮਿਹਨਤੀ ਦ੍ਰਿੜ੍ਹ ਇਰਾਦੇ ਵਾਲੇ ਅਤੇ ਸਬਰ ਸੰਤੋਖ ਵਾਲੇ ਇਨਸਾਨ ਸਨ। ਉਹ ਬਹੁਤ ਹੀ ਮਿਹਨਤੀ ਸਨ, ਆਪਣੀ ਪੜ੍ਹਾਈ ਅਤੇ ਰੋਜੀ ਰੋਟੀ ਦਾ ਗੁਜ਼ਾਰਾ ਕਰਨ ਲਈ ਟਿਊਸ਼ਨਾ ਕਰਦੇ ਰਹੇ। ਹਰ ਸਮੇਂ ਮੁਸਕਰਾਉਂਦੇ ਰਹਿੰਦੇ ਸਨ। ਕਿਸੇ ਵੀ ਮੁਸੀਬਤ ਦਾ ਮੁਕਾਬਲਾ ਵੀ ਖਿੜ੍ਹੇ ਮੱਥੇ ਕਰਦੇ ਸਨ। ਆਪ ਪੰਜਾਬ ਸਰਕਾਰ ਵਿਚ ਕਲਰਕ ਦੇ ਤੌਰ ਤੇ ਭਰਤੀ ਹੋਏ ਅਤੇ ਆਪਣੀ ਹਿੰਮਤ, ਮਿਹਨਤ, ਲਗਨ ਅਤੇ ਇਮਾਨਦਾਰੀ ਕਰਕੇ ਪਹਿਲਾਂ ਪੀ.ਸੀ.ਐਸ. ਅਤੇ ਬਾਅਦ ਵਿਚ ਆਈ.ਏ.ਐਸ. ਅਧਿਕਾਰੀ ਬਣੇ। ਆਪ ਨੇ ਪੰਜਾਬ ਸਰਕਾਰ ਦੇ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ, ਜਿਨ੍ਹਾਂ ਵਿਚ ਮਾਨਸਾ ਅਤੇ ਫਤਿਹਗੜ੍ਹ ਸਾਹਿਬ ਵਿਖੇ ਬਤੌਰ ਡਿਪਟੀ ਕਮਿਸ਼ਨਰ, ਕਮਿਸ਼ਨਰ ਪਟਿਆਲਾ ਡਵੀਜ਼ਨ, ਡਾਇਰੈਕਟਰ ਨਾਰਥ ਜ਼ੋਨ ਕਲਚਰਲ ਸੈਂਟਰ ਭਾਰਤ ਸਰਕਾਰ, ਡਾਇਰੈਕਟਰ ਲੋਕ ਸੰਪਰਕ ਵਿਭਾਗ ਅਤੇ ਕਮਿਸ਼ਨਰ ਨਗਰ ਨਿਗਮ ਪਟਿਆਲਾ ਸ਼ਾਮਲ ਹਨ। ਉਹ ਕੁਸ਼ਲ ਪ੍ਰਬੰਧਕ ਦੇ ਤੌਰ ਤੇ ਜਾਣੇ ਜਾਂਦੇ ਸਨ। ਕਿਸੇ ਵੀ ਸਮੇਂ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਜਾ ਕੇ ਮਿਲ ਸਕਦਾ ਸੀ। ਇਥੋਂ ਤੱਕ ਕਿ ਰਾਤ ਬਰਾਤੇ ਵੀ ਉਨ੍ਹਾਂ ਦੇ ਘਰ ਲੋਕ ਜਾ ਕੇ ਮਿਲਦੇ ਰਹਿੰਦੇ ਸਨ। ਉਨ੍ਹਾਂ ਦੀ ਖ਼ੂਬੀ ਸੀ ਕਿ ਉਹ ਕਿਸੇ ਵੀ ਵਿਅਕਤੀ ਨੂੰ ਨਿਰਾਸ਼ ਨਹੀਂ ਹੋਣ ਦਿੰਦੇ ਸਨ। ਜੇਕਰ ਕਿਸੇ ਦੀ ਸਮੱਸਿਆ ਦਾ ਹਲ ਨਾ ਕਰ ਸਕਦੇ ਤਾਂ ਉਸ ਵਿਅਕਤੀ ਦੀ ਪੂਰੀ ਤਸੱਲੀ ਕਰਵਾਉਂਦੇ ਸਨ। ਆਪ ਨਰਮ ਦਿਲ ਨਮਰਤਾ ਦੇ ਪੁੰਜ ਸਨ ਪ੍ਰੰਤੂ ਪ੍ਰਬੰਧਕੀ ਮਾਮਲਿਆਂ ਵਿਚ ਸਖ਼ਤ ਵੀ ਸਨ। ਆਪ ਦੀਆਂ ਸੇਵਾਵਾਂ ਬਦਲੇ ਪੰਜਾਬ ਅਤੇ ਭਾਰਤ ਸਰਕਾਰ ਨੇ ਆਪ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ। ਸੇਵਾ ਮੁਕਤੀ ਤੋਂ ਬਾਅਦ ਆਪ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਬਤੌਰ ਉਪ ਕੁਲਪਤੀ ਵੀ ਫਰਜ ਨਿਭਾਏ। ਸਮਾਜ ਸੇਵਾ ਵਿਚ ਆਪਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ, ਆਪ ਬਹੁਤ ਸਾਰੀਆਂ ਸਮਾਜਕ, ਧਾਰਮਿਕ, ਸਭਿਆਚਾਰਕ ਅਤੇ ਸਵੈ ਇਛਤ ਸੰਸਥਾਵਾਂ ਦੇ ਪੈਟਰਨ ਸਨ। ਆਤਮਾ ਰਾਮ ਕੁਮਾਰ ਸਭਾ ਵਲੋਂ ਚਲਾਏ ਜਾ ਰਹੇ ਅਗਰਸੈਨ ਹਸਪਤਾਲ ਦੇ ਚੇਅਰਮੈਨ ਵੀ ਰਹੇ ਸਨ। ਐਸ.ਕੇ.ਆਹਲੂਵਾਲੀਆ ਲੋਕਾਂ ਵਿਚ ਬਹੁਤ ਹਰਮਨ ਪਿਆਰੇ ਸਨ। ਐਸ.ਕੇ.ਆਹਲੂਵਾਲੀਆ 20 ਮਈ 2015 ਨੂੰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਸਵਰਗ ਸਿਧਾਰ ਗਏ ਹਨ। ਪੰਜਾਬ ਦੇ ਲੋਕ ਹਮੇਸ਼ਾ ਉਨ੍ਹਾਂ ਦੀ ਨਮਰਤਾ ਅਤੇ ਖੁਲ੍ਹਦਿਲੀ ਨੂੰ ਯਾਦ ਕਰਦੇ ਰਹਿਣਗੇ। ਫਤਿਹਗੜ੍ਹ ਦੇ ਸ਼ਹੀਦੀ ਜੋੜ ਮੇਲ ਮੌਕੇ ਹਰ ਸਾਲ ਉਨ੍ਹਾਂ ਨੂੰ ਯਾਦ ਕੀਤਾ ਜਾਇਆ ਕਰੇਗਾ।